ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ)-: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਅਪੀਲ ਕੀਤੀਹੈ ਕਿ ਦਿੱਲੀ ਦੇ ਸਰਨਾ ਭਰਾਵਾਂ ਨੂੰ ਪੰਥ ਵਿਰੋਧੀ ਗਤੀਵਿਧੀਆਂ ਅਤੇ ਨਸ਼ੇ ਦੇ ਕਾਰੋਬਾਰ ਵਿਚ ਸ਼ਾਮਲ ਹੋਣ ਲਈ ਸ੍ਰੀ ਅਕਾਲ ਤਖਤ ਸਾਹਿਬ ’ਤੇ ਤਲਬ ਕਰ ਕੇ ਪੰਥ ਵਿਚੋਂ ਛੇਕਿਆ ਜਾਵੇ ਅਤੇ ਹੁਕਮ ਅਦੂਲੀ ਕਰਨ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਸਜ਼ਾ ਲਗਾਈ ਜਾਵੇ ਅਤੇ ਪੀ ਟੀ ਸੀ ਚੈਨਲ ਤੋਂ ਗੁਰਬਾਣੀ ਦਾ ਪ੍ਰਸਾਰਣ ਤੁਰੰਤ ਬੰਦ ਕਰਵਾ ਕੇ ਸ਼੍ਰੋਮਣੀ ਕਮੇਟੀ ਦੇ ਆਪਣੇ ਚੈਨਲ ਤੋਂ ਗੁਰਬਾਣੀ ਪ੍ਰਸਾਰਣ ਸ਼ੁਰੂ ਕਰਵਾਇਆ ਜਾਵੇ।
ਅੱਜ ਇਥੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਦਫਤਰ ਵਿਚ ਉਹਨਾਂ ਦੇ ਨਾਂ ਇਕ ਪੱਤਰ ਸੌਂਪਣ ਤੋਂ ਬਾਅਦ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਅਤੇ ਹੋਰ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਨੇ ਸਿੰਘ ਸਾਹਿਬ ਦੇ ਧਿਆਨ ਵਿਚ ਲਿਆਂਦਾ ਹੈ ਕਿ ਕਿਸ ਤਰੀਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕਿ ਪੰਥ ਦੀ ਸਭਤੋਂ ਸਿਰਮੋਰ ਸੰਸਥਾ ਹੈ ਉਸਨੂੰ ਸੰਗਤ ਵਲੋਂ ਦਿੱਤਾ ਕਰੋੜਾਂ ਰੁਪਇਆ ਸਰਨਾ ਭਰਾਵਾਂ ਦੇ ਅਕਸ ਨੂੰ ਠੀਕ ਕਰਨ ਵਾਸਤੇ ਖਰਚ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਰਨਾ ਭਰਾ ਜੋ ਕਿ ਸਿੱਖ ਪੰਥ ਵਿਰੋਧੀ ਕੰਮਾਂ ਵਾਸਤੇ ਜਾਣੇ ਜਾਂਦੇ ਹਨ ਅਤੇ ਪਿਛਲੇ ਦਿਨੀਂ ਦਿੱਲੀ ਦੇ ਸ਼ਰਾਬ ਤਸਕਰੀ ਦੇ ਮਾਮਲੇ ਵਿਚ ਇਨ੍ਹਾਂ ਦੇ ਪਰਿਵਾਰ ਦੀਆਂ ਕੰਪਨੀਆਂ ਦੇ ਜੁੜੇ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਉਹਨਾਂ ਦੱਸਿਆ ਕਿ ਈ.ਡੀ. ਅਤੇ ਸੀ.ਬੀ.ਆਈ. ਕੋਲ ਇਨ੍ਹਾਂ ਦੇ ਪਰਿਵਾਰ ਦੀਆਂ ਲਗਾਤਾਰ ਪੇਸ਼ੀਆਂ ਹੋ ਰਹੀਆਂ ਹਨ। ਇਨ੍ਹਾਂ ਦਾ ਪਰਿਵਾਰ ਦਿੱਲੀ, ਪੰਜਾਬ, ਹਰਿਆਣਾ ਅਤੇ ਹੋਰ ਸਟੇਟਾਂ ਵਿਚ ਸ਼ਰਾਬ ਦੇ ਵੱਡੇ ਵਪਾਰੀ ਦੇ ਤੌਰ ‘ਤੇ ਕੰਮ ਕਰਦੇ ਹਨ ਜੋ ਕਿ ਜੱਗ ਜਾਹਿਰ ਹੈ। ਉਹਨਾਂ ਕਿਹਾ ਕਿ ਸਿੱਖ ਰਹਿਤ ਮਰਿਯਾਦਾ ਅਨੁਸਾਰ ਨਸ਼ਾ ਕਰਨਾ ਅਤੇ ਨਸ਼ੇ ਦਾ ਕਾਰੋਬਾਰ ਕਰਨਾ ਵੱਡੀ ਕੁਰੀਤੀ ਮੰਨੀ ਜਾਂਦੀ ਹੈ। ਉਹਨਾਂ ਕਿਹਾ ਕਿ ਸਰਨਾ ਭਰਾ ਸ਼ੁਰੂ ਤੋਂ ਹੀ ਪੰਥ ਨੂੰ ਢਾਹ ਲਗਾਉਂਦੇ ਰਹੇ ਹਨ। ਇਨ੍ਹਾਂ ਨੇ 1984 ਸਿੱਖ ਨਸਲਕੁਸ਼ੀ ਦੇ ਮੁੱਖ ਦੋਸ਼ੀਆਂ ਨੂੰ ਸਿਰੋਪੇ ਪਾ ਕੇ ਸਟੇਜਾਂ ‘ਤੇ ਸਨਮਾਨਿਤ ਕਰਕੇ ਸਿੱਖਾਂ ਦੇ ਜਖਮਾਂ ‘ਤੇ ਲੂਣ ਛਿੜਕਣ ਦਾ ਕੰਮ ਕੀਤਾ। ਉਹਨਾਂ ਇਹ ਵੀ ਦੱਸਿਆ ਕਿ ਜਦੋਂ 1984 ਦੇ ਸਿੱਖ ਨਸਲਕੁਸ਼ੀ ਦੇ ਦੋਸ਼ੀ ਸੱਜਣ ਕੁਮਾਰ ਦੀ ਚੋਣ ਟਿਕਟ ਕੱਟੀ ਗਈ ਤਾਂ ਸ੍ਰ. ਪਰਮਜੀਤ ਸਿੰਘ ਸਰਨਾ ਇਨ੍ਹਾਂ ਦੇ ਪਰਿਵਾਰ ਦੇ ਹੱਕ ਵਿਚ ਨਿਤਰੇ। ਦਿੱਲੀ ਕਮੇਟੀ ਦੀ ਪ੍ਰਧਾਨਗੀ ਦੌਰਾਨ ਸਰਨਾ ਭਰਾਵਾਂ ਨੇ 1984 ਦੇ ਕੇਸਾਂ ਨੂੰ ਕਮਜ਼ੋਰ ਕੀਤਾ ਜਿਸ ਦੀ ਭਰਪਾਈ ਕਦੀ ਵੀ ਨਹੀਂ ਕੀਤੀ ਜਾ ਸਕਦੀ। ਉਹਨਾਂ ਕਿਹਾ ਕਿ ਸਰਨਾ ਭਰਾ 1984 ਸਿੱਖ ਨਸਲਕੁਸ਼ੀ ਦੇ ਮੁੱਖ ਦੋਸ਼ੀ ਜਗਦੀਸ਼ ਟਾਈਟਲਰ, ਕਮਲਨਾਥ, ਸੱਜਣ ਕੁਮਾਰ ਅਤੇ ਹੋਰਨਾਂ ਦੇ ਲਗਾਤਾਰ ਸੰਪਰਕ ਵਿਚ ਹਨ। ਇਕ ਪਾਸੇ ‘ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਪੁਰਜੋਰ ਕੋਸ਼ਿਸ਼ ਨਾਲ 1984 ਦੇ ਦੋਸ਼ੀਆਂ ਨੂੰ ਸਜਾ ਦਿਵਾਉਣ ਲਈ ਕੇਸ ਲੜ ਰਹੀ ਹੈ ਦੂਜੇ ਪਾਸੇ ਸਰਨਾ ਭਰਾ 1984 ਦੇ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨਾਲ ਸਾਂਝ ਪਾਈ ਬੈਠੇ ਹਨ ਅਤੇ ਪੰਥ ਵਿਰੋਧੀ ਕੰਮ ਕਰ ਰਹੇ ਹਨ।
ਉਹਨਾਂ ਸਿੰਘ ਸਾਹਿਬ ਨੂੰ ਇਹ ਵੀ ਦੱਸਿਆ ਕਿ ਬੀਬੀ ਪਰਮਜੀਤ ਕੌਰ ਜੋ ਕਿ 1984 ਸਿੱਖ ਨਸਲਕੁਸ਼ੀ ਦੀ ਪੀੜਤ ਪਰਿਵਾਰ ਤੋਂ ਹੈ ਨੂੰ ਦਿੱਲੀ ਦੇ ਐਮ.ਸੀ.ਡੀ. ਚੋਣਾਂ ਵਿਚ ਤਿਲਕ ਵਿਹਾਰ ਇਲਾਕੇ ਤੋਂ ਹਰਵਾਉਣ ਲਈ ਸਰਨਾ ਭਰਾਵਾਂ ਨੇ ਪੁਰਜੋਰ ਕੋਸ਼ਿਸ਼ ਕੀਤੀ ਇਸ ਤੋਂ ਪਤਾ ਲੱਗਦਾ ਹੈ ਕਿ ਸਰਨਾ ਭਰਾ ਪੰਥ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਿਲ ਹਨ।
ਉਹਨਾਂ ਸਿੰਘ ਸਾਹਿਬ ਦੇ ਧਿਆਨ ਵਿਚ ਰਹੇ ਕਿ ਇਹ ਉਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਨ ਜੋ ਲਗਾਤਾਰ ਸ੍ਰ. ਪਰਮਜੀਤ ਸਿੰਘ ਸਰਨਾ ਨੂੰ ਸ਼ਰਾਬ ਦਾ ਵੱਡਾ ਤਸਕਰ ਦੱਸਦੇ ਰਹੇ ਅਤੇ ਪੰਜਾਬ ਵਿਚ ਲਗਾਤਾਰ ਇਨ੍ਹਾਂ ਦੀਆਂ ਸ਼ਰਾਬ ਦੀਆਂ ਫੈਕਟਰੀਆਂ ‘ਤੇ ਧਰਨੇ ਵੀ ਲਗਾਉਂਦੇ ਰਹੇ। ਉਹਨਾਂ ਕਿਹਾ ਕਿ ਸ੍ਰ. ਸੁਖਬੀਰ ਸਿੰਘ ਬਾਦਲ ਸ੍ਰ. ਪਰਮਜੀਤ ਸਿੰਘ ਸਰਨਾ ਨੂੰ ਪੰਥ ਵਿਰੋਧੀ, ਕੋਮ ਵਿਰੋਧੀ ਅਤੇ ਕਾਤਲਾਂ ਦਾ ਸਾਥੀ ਦੱਸਦੇ ਰਹੇ ਸਨ। ਇਨ੍ਹਾਂ ਦੇ ਸਿੱਖ ਪੰਥ ਵਿਰੋਧੀ ਅਕਸ ਨੂੰ ਠੀਕ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਸਵੰਧ ਦਾ ਕਰੋੜੋ ਰੁਪਇਆ ਲੁਟਾਇਆ ਜਾ ਰਿਹਾ ਹੈ ਜਿਸ ਦਾ ਸਿੱਖ ਸੰਗਤ ਵਿਚ ਭਾਰੀ ਰੋਸ ਹੈ।
ਉਹਨਾਂ ਨੇ ਸਿੰਘ ਸਾਹਿਬ ਨੂੰ ਅਪੀਲ ਕੀਤੀ ਕਿ ਦਿੱਲੀ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਰੋੜਾਂ ਰੁਪਏ ਸਰਨਾ ਭਰਾਵਾਂ ਦੇ ਅਕਸ ਨੂੰ ਠੀਕ ਕਰਨ ਲਈ ਬਰਬਾਦ ਕੀਤੇ ਜਾ ਰਹੇ ਹਨ, ਇਸ ‘ਤੇ ਰੋਕ ਲਗਾਈ ਜਾਵੇ। ਉਹਨਾਂ ਇਹ ਵੀ ਬੇਨਤੀ ਕੀਤੀ ਕਿ ਪੀ.ਟੀ.ਸੀ. ਚੈਨਲ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਨ ਹਟਾਇਆ ਜਾਵੇ ਜੋ ਕਿ ਆਪ ਜੀ ਦਾ ਆਦੇਸ਼ ਸੀ ਪਰ ਮੰਨਿਆ ਨਹੀਂ ਗਿਆ। ਉਹਨਾਂ ਇਹ ਵੀ ਦੱਸਿਆ ਕਿ ਸੂਤਰਾਂ ਤੋ ਇਹ ਵੀ ਪਤਾ ਲੱਗਾ ਹੈ ਕਿ ਪੀ.ਟੀ.ਸੀ. ਚੈਨਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਰੋੜੋ ਰੁਪਇਆ ਕਰਾਰਨਾਮੇ ਮੁਤਾਬਿਕ ਬਕਾਇਆ ਦੇਣਾ ਹੈ। ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਰਨਾ ਭਰਾਵਾਂ ਨੂੰ ਸਿੱਖ ਵਿਰੋਧੀਆਂ ਗਤੀਵਿਧੀਆਂ ਕਰਨ, ਪੀ.ਟੀ.ਸੀ. ਚੈਨਲ ਦੇ ਕਰਾਰਨਾਮੇ ਨੂੰ ਜਨਤਕ ਨਾ ਕਰਨ, ਅਕਾਲ ਤਖਤ ਦੇ ਹੁਕਮ ਨਾ ਮੰਨਣ ਦੇ ਕਾਰਨ ਇਨ੍ਹਾਂ ਨੂੰ ਅਕਾਲ ਤਖਤ ਤੇ ਬੁਲਾ ਕੇ ਪੰਥ ਤੋਂ ਛੇਕਿਆ ਜਾਵੇ ।
ਇਸ ਮੌਕੇ ਉਹਨਾਂ ਦੇ ਨਾਲ ਦਿੱਲੀ ਗੁਰਦੁਆਰਾ ਕਮੇਟੀ ਦੇ ਪੰਜਾਬ ਵਿਚ ਧਰਮ ਪ੍ਰਚਾਰ ਕਮੇਟੀ ਦੇ ਮੁਖੀ ਮਨਜੀਤ ਸਿੰਘ ਭੋਮਾ, ਕਮੇਟੀ ਦੇ ਹਰਵਿੰਦਰ ਸਿੰਘ ਕੇ ਪੀ ਸੀਨੀਅਰ ਮੀਤ ਪ੍ਰਧਾਨ, ਜਸਮੇਨ ਸਿੰਘ ਨੋਨੀ ਜੁਆਇੰਟ ਸਕੱਤਰ, ਸਰਵਜੀਤ ਸਿੰਘ ਵਿਰਕ, ਸੁਖਬੀਰ ਸਿੰਘ ਕਾਲੜਾ, ਗੁਰਦੇਵ ਸਿੰਘ, ਗੁਰਮੀਤ ਸਿੰਘ ਭਾਟੀਆ, ਹਰਜੀਤ ਸਿੰਘ ਪੱਪਾ, ਦਲਜੀਤ ਸਿੰਘ ਸਰਨਾ, ਸਤਿੰਦਰਪਾਲ ਸਿੰਘ ਨਾਗੀ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ।