ਵੰਡਿਆ ਜਦੋਂ ਪੰਜਾਬ ਨੂੰ,
ਰਹਿ ਗਏ ਢਾਈ ਦਰਿਆ।
ਜੋ ਨਿੱਤ ਬੇੜੀ ਸੀ ਪਾਂਵਦੇ,
ਉਹ ਕਿੱਥੇ ਗਏ ਮਲਾਹ।
ਦੋ ਕੰਢ੍ਹੇ ਭਰੀਆਂ ਬੇੜੀਆਂ,
ਪਨਾਹੀਆਂ ਭਰਿਆ ਪੂਰ।
ਅੱਧ ਵਿਚ ਹੁੰਦੇ ਮੇਲ ਸੀ,
ਦਰਿਆ ਦਾ ਕੰਢ੍ਹਾ ਦੂਰ।
ਰਾਵੀ ਦੀ ਹਿੱਕ ਚੀਰ ਕੇ,
ਉਹਦੇ ਟੋਟੇ ਕੀਤੇ ਦੋ।
ਕਾਲੀਆਂ ਰਾਤਾਂ ਵੇਖ ਕੇ,
ਮੇਰੇ ਦਿਲ ਨੂੰ ਪੈਂਦੇ ਡੋਅ।
ਪਾਣੀ ਤੇ ਲੀਕਾਂ ਪੈ ਗਈਆਂ
ਸੱਭ ਦੀ ਮੁੱਠ ਵਿਚ ਜਾਨ।
ਜਨੂਨੀ ਅੱਗ ‘ਚ ਭੜਕਿਆ
ਉਦੋਂ ਹਿੰਦ ਤੇ ਪਾਕਿਸਤਾਨ।
ਘਰ ਆਪਣੇ ਛਡਣ ਵਾਸਤੇ,
ਇਹ ਜਨਤਾ ਹੋਈ ਮਜ਼ਬੁਰ।
ਵੰਡੇ ਗਏ ਹਾਣੀ, ਯਾਰ ਵੀ,
ਜੋ, ਰੱਬ ਨੂੰ, ਨਾ- ਮਨਜ਼ੂਰ।
ਰਾਵੀ ਮਾਰ ਦੁਹੱਥੜ ਰੋਈ,
ਹੋ ਗਈ ਲਹੂ – ਲੁਹਾਨ।
ਅਣਗਿਣਤ ਜਾਨਾਂ ਮਰੀਆਂ,
ਕਈ ਹੋਈਆਂ ਬੇ-ਪਛਾਣ।
ਬੱਚਿਆਂ ਨੂੰ ਮਾਵਾਂ ਰੋਂਦੀਆਂ,
ਭੈਣਾਂ ਤੋਂ ਵਿੱਛੜੇ ਵੀਰ।
ਕੋਈ ਨਾ ਉਥੇ ਲੱਭਦਾ,
ਜੋ ਅੱਖੀਉਂ ਪੂੰਝੇ ਨੀਰ।
ਪਤੀ ਤੋਂ ਵਿਛੜੀ ਪਤਨੀ,
ਬਾਪੂ ਦੀ ਟੁੱਟ ਗਈ ਬਾਂਹ।
ਸੱਜਣ ਵੀ ਹੱਥ ਛੁਡਾ ਗਏ,
ਮੇਰਾ ਲੁੱਟਿਆ ਗਿਆ ਗਰਾਂ।
ਵੰਡੇ ਗਏ ਪਰਵਾਰ ਵੀ,
ਤੇ, ਵੰਡੇ ਗਏ ਦਰਿਆ।
ਵੰਡੇ ਗਏ ਸੀ ਢਾਈ-ਢਾਈ
ਹੋਏ ਬੰਦ ਦੋਵਾਂ ਦੇ ਰਾਹ।
ਸੁੱਖ ਨਾ ਪਾਇਆ ਰਾਵੀਏ,
ਤੇਰੀ ਸੁਣੀ ਕਿਸੇ ਨਾ ਹੂੱਕ।
ਸਭ ਖਾਲੀ ਹੱਥੀਂ ਤੁਰ ਪਏ
ਤੂੰ ਅੱਗੋਂ ਰਹੀ ਸੀ ਛੂਕ।
ਕਾਣੀਆਂ ਵੰਡਾਂ ਹੋ ਗਈਆਂ,
ਲੋਕੋ! ਵੰਡੇ ਗਏ ਪਿਆਰ।
ਜਬਰੀਂ ਹੋਏ ਨਿਕਾਹ ਦੀ,
ਕਿਸੇ ਨਾ ਸੁਣੀ ਪੁਕਾਰ।
ਨਕਸ਼ੇ ਸੀ ਬਦਲੇ ਧਰਤ ਦੇ
ਇਕ ਬਣਿਆ ਨਵਾਂ ਪੰਜਾਬ।
ਫਿਰ ਬਾਂਹਵਾਂ ਦੋਵੇਂ ਟੁੱਟੀਆਂ,
‘ਤੇ ਉੱਡ ਗਏ ਸਭ ਖ਼ਵਾਬ।
ਫਿਰ ਹਿੱਸੇ ਆਏ ਪੰਜਾਬ ਨੂੰ
ਜਿਨ੍ਹਾਂ ਲੰਗੜਾ ਦਿੱਤਾ ਕਰ।
ਸੁਹਲ’ ਰਾਵੀ ਨੂੰ ਅਜੇ ਵੀ,
ਦੋਵਾਂ ਤੋਂ ਲੱਗਦਾ ਡਰ।