ਕੋਟਕਪੂਰਾ, (ਦੀਪਕ ਗਰਗ):- ਹੱਡ ਚੀਰਵੀਂ ਠੰਡ, ਕੜਾਕੇ ਦੀ ਸਰਦੀ, ਕੌਹਰਾ ਅਤੇ ਭਾਰੀ ਧੁੰਦ ਦੇ ਬਾਵਜੂਦ ਵੀ ਨਿਹੰਗ ਸਿੰਘ ਜਥੇਬੰਦੀਆਂ ਦੇ ਹੌਂਸਲੇ ਬੁਲੰਦ ਹਨ ਅਤੇ ਉਹ ਹਰ ਸਾਲ ਦੀ ਤਰਾਂ ਇਸ ਵਾਰ ਵੀ 40 ਮੁਕਤਿਆਂ ਦੀ ਯਾਦ ਵਿੱਚ ਮੁਕਤਸਰ ਸਾਹਿਬ ਦੀ ਧਰਤੀ ’ਤੇ ਮਨਾਏ ਜਾਣ ਵਾਲੇ ਮਾਘੀ ਦੇ ਮੇਲੇ ਵਿੱਚ ਸ਼ਾਮਲ ਹੋਣ ਲਈ ਭਾਰੀ ਗਿਣਤੀ ਵਿੱਚ ਪੁੱਜ ਰਹੇ ਹਨ। ਹਰ ਸਾਲ ਦੀ ਤਰਾਂ ਇਸ ਵਾਰ ਵੀ ਵੱਖ ਵੱਖ ਨਿਹੰਗ ਸਿੰਘ ਜਥੇਬੰਦੀਆਂ ਪਹਿਲਾਂ ਗੁਰਦਵਾਰਾ ਪਾਤਸ਼ਾਹੀ ਦਸਵੀਂ ਛਾਉਣੀ ਨਿਹੰਗ ਸਿੰਘਾਂ ਵਿਖੇ ਨਤਮਸਤਕ ਹੁੰਦੀਆਂ ਹਨ, ਗੁਰਦਵਾਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਕੁਲਵੰਤ ਸਿੰਘ ਚਾਣਕੀਆ ਨਾਲ ਵਿਚਾਰ ਵਟਾਂਦਰਾ ਕਰਕੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣ ਉਪਰੰਤ ਲੰਗਰ ਦੀਆਂ ਰਸਦਾਂ ਲੈ ਕੇ ਮੁਕਤਸਰ ਸਾਹਿਬ ਲਈ ਰਵਾਨਾ ਹੋ ਰਹੀਆਂ ਹਨ। ਅੱਜ ਗੁਰਦਵਾਰਾ ਸਾਹਿਬ ਵਿਖੇ ਪੁੱਜੀਆਂ ਜਥੇਦਾਰ ਦਵਿੰਦਰ ਸਿੰਘ ਮਿਸਲ ਨਵਾਬ ਕਪੂਰ ਸਿੰਘ, ਜਥੇ. ਸੁਖਪਾਲ ਸਿੰਘ ਮਾਲਵਾ ਤਰਨਾਦਲ ਰਾਮਪੁਰਾ ਫੂਲ, ਜਥੇ. ਰਘਬੀਰ ਸਿੰਘ ਖਿਆਲਾ, ਜਥੇ. ਤਰਲੋਕ ਸਿੰਘ ਖਿਆਲਾ, ਜਥੇ. ਬਲਵੀਰ ਸਿੰਘ ਖਾਪਰਖੇੜੀ, ਜਥੇ. ਸ਼ਿੰਗਾਰਾ ਸਿੰਘ ਝਾੜ ਸਾਹਿਬ ਸਮੇਤ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਦੇ ਨਿਸ਼ਾਨ ਸਾਹਿਬਾਂ ਨੂੰ ਨਵੇਂ ਪੁਸ਼ਾਕੇ ਪਹਿਨਾਏ ਗਏ, 40 ਮੁਕਤਿਆਂ ਸਮੇਤ ਗੁਰੂ ਗੋਬਿੰਦ ਸਿੰਘ ਜੀ ਨਾਲ ਖਿਦਰਾਣੇ ਦੀ ਢਾਬ ’ਤੇ ਹੋਈ ਲੜਾਈ ਦੌਰਾਨ ਸ਼ਹੀਦ ਹੋਣ ਵਾਲੇ ਸਿੰਘ-ਸਿੰਘਣੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ, ਜੈਕਾਰੇ ਲਾਉਣ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਵੀ ਹੋਈ। ਜਥੇ. ਬਾਬਾ ਕੁਲਵੰਤ ਸਿੰਘ ਚਾਣਕੀਆ ਨੇ ਦੱਸਿਆ ਕਿ ਜਨਵਰੀ ਦੇ ਪਹਿਲੇ ਹਫਤੇ ਹੀ ਨਿਹੰਗ ਸਿੰਘ ਫੋਜਾਂ ਦੀ ਆਮਦ ਸ਼ੁਰੂ ਹੋ ਜਾਂਦੀ ਹੈ, ਮੁਕਤਸਰ ਸਾਹਿਬ ਮਾਘੀ ਦਾ ਮੇਲਾ ਮਨਾਉਣ ਉਪਰੰਤ ਵਾਪਸੀ ਵੇਲੇ ਵੀ ਨਿਹੰਗ ਸਿੰਘ ਫੌਜਾਂ ਇਸ ਅਸਥਾਨ ’ਤੇ ਪੜਾਅ ਕਰਦੀਆਂ ਹਨ।
ਮੁਕਤਸਰ ਮਾਘੀ ਦੇ ਮੇਲੇ ਵਿੱਚ ਸ਼ਾਮਲ ਹੋਣ ਜਾ ਰਹੀਆਂ ਵੱਖ ਵੱਖ ਨਿਹੰਗ ਸਿੰਘ ਜਥੇਬੰਦੀਆਂ ਗੁਰਦਵਾਰਾ ਪਾਤਸ਼ਾਹੀ ਦਸਵੀਂ ਛਾਉਣੀ ਨਿਹੰਗ ਸਿੰਘਾਂ ਵਿਖੇ ਨਤਮਸਤਕ
This entry was posted in ਪੰਜਾਬ.