ਕੁਮਾਰ ਜਗਦੇਵ ਸਿੰਘ ਦੀਆਂ ਕਵਿਤਾਵਾਂ ਮਨੁੱਖੀ ਮਨ ਦੀ ਅੰਤਰ ਆਤਮਾ ਦਾ ਪ੍ਰਤੀਬਿੰਬ ਹਨ। ਉਸ ਦੇ ‘ਲਿਪਸਟਿਕ ਹੇਠਲਾ ਜ਼ਖ਼ਮ’ ਨਾਮ ਦੇ ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਮਾਨਵਤਾ ਦੇ ਮਨ ਵਿੱਚ ਉਸਲਵੱਟੇ ਲੈਂਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦੀਆਂ ਹਨ। ਉਹ ਕਿਉਂਕਿ ਮਨੁੱਖੀ ਮਨ ਦੇ ਚਿਤਰਪਟ ਦਾ ਵਿਸ਼ਲੇਸ਼ਣ ਕਰਨ ਵਾਲੀਆਂ ਕਵਿਤਾਵਾਂ ਲਿਖਦਾ ਹੈ, ਇਸ ਲਈ ਉਸ ਨੂੰ ਸੰਵੇਦਨਸ਼ੀਲ ਕਵੀ ਕਿਹਾ ਜਾ ਸਕਦਾ ਹੈ। ਸਾਰੀਆਂ ਕਵਿਤਾਵਾਂ ਸ਼ਾਇਰ ਦੇ ਨਿੱਜੀ ਤਜ਼ਰਬੇ ਦਾ ਪ੍ਰਗਟਾਵਾ ਹਨ। ਕਵੀ ਦੀ ਕਮਾਲ ਇਸ ਵਿੱਚ ਹੈ ਕਿ ਉਹ ਆਪਣੀ ਨਿੱਜੀ ਜ਼ਿੰਦਗੀ ਨਾਲ ਸੰਬੰਧਤ ਲਿਖੀਆਂ ਕਵਿਤਾਵਾਂ ਨੂੰ ਲੋਕਾਈ ਦਾ ਦਰਦ ਬਣਾਉਣ ਵਿੱਚ ਸਫਲ ਹੋ ਗਿਆ ਹੈ। ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਤੋਂ ਪਹਿਲਾਂ ਦਿੱਤਾ ਸ਼ਿਅਰ ਮਨੁੱਖੀ ਮਨ ਦੇ ਕਪਾਟ ਖੋਲ੍ਹ ਦਿੰਦਾ ਹੈ, ਜਦੋਂ ਕਵੀ ਮਹਿਬੂਬ ਦੇ ਪਿਆਰ ਦੀ ਭਾਵਨਾ ਦੀ ਤਸਬੀਹ ਕਿਵਾੜ ਸ਼ਬਦ ਨਾਲ ਕਰਦਾ ਹੈ। ਕਿਵਾੜ ਸ਼ਬਦ ਦਾ ਸੰਬੰਧ ਮੁੱਢਲੇ ਤੌਰ ‘ਤੇ ਧਾਰਮਿਕ ਅਦਾਰੇ ਨਾਲ ਹੈ। ਕਵੀ ਨੇ ਕਿਵਾੜ ਦੀ ਮੁਹੱਬਤ ਨਾਲ ਤੁਲਨਾ ਕਰਕੇ ਮੁਹੱਬਤ ਨੂੰ ਰੂਹਾਨੀ ਰੂਪ ਦੇ ਦਿੱਤਾ ਹੈ। ਇਹ ਇਨਸਾਨ ਦੇ ਅੰਤਰ ਮਨ ਦੀ ਅਵਸਥਾ ਹੈ, ਜਿਸ ਨੂੰ ਸ਼ਾਇਰ ਤੁਲਨਾ ਧਾਰਮਿਕ ਸ਼ਬਦ ਨਾਲ ਕਰਕੇ ਇਹ ਦੱਸਣਾ ਚਾਹੁੰਦਾ ਹੈ ਕਿ ਪਿਆਰ ਸਰੀਰਕ ਨਹੀਂ ਸਗੋਂ ਰੂਹ ਦਾ ਹੁੰਦਾ ਹੈ। ਸ਼ਿਅਰ ਹੈ:
ਨਿਯਿਤ ਸਮੇਂ ‘ਤੇ ਈ ਖੁਲ੍ਹਦੇ ਨੇ
ਤਹਿ ਵਕਤ ‘ਤੇ ਬੰਦ ਹੋ ਜਾਂਦੇ ਨੇ
ਮਹਿਬੂਬ ਦੇ ਦਰਵਾਜ਼ੇ ਵੀ ਅੱਜ ਕਲ੍ਹ
ਕਿਵਾੜ ਹੋ ਗਏ ਹਨ..
ਕਵੀ ਦੀਆਂ ਸਮੁੱਚੀਆਂ ਕਵਿਤਾਵਾਂ ਉਸ ਦੀ ਜ਼ਿੰਦਗੀ ਦੇ ਤਜ਼ਰਬਿਆਂ ‘ਤੇ ਅਧਾਰਤ ਹਨ। ਭਾਵਨਾਵਾਂ ਵਿੱਚ ਪਰੁਤੀਆਂ ਹੋਈਆਂ ਹਨ। ਕਾਵਿ ਸੰਗ੍ਰਹਿ ਦੀ ਪਹਿਲੀ ਕਵਿਤਾ ‘ਰਹਿ ਗਿਆਂ ਦਾ ਵਿਰਲਾਪ’ ਵਿੱਚ ਕਵੀ ਨੇ ਦੁੱਖ ਪ੍ਰਗਟ ਕੀਤਾ ਹੈ, ਉਨ੍ਹਾਂ ਬੱਚਿਆਂ ‘ਤੇ ਜਿਹੜੇ ਆਪਣੇ ਮਾਪਿਆਂ ਦੀ ਅਣਵੇਖੀ ਕਰਦੇ ਹੋਏ ਉਨ੍ਹਾਂ ਵਿਰੁੱਧ ਬਗ਼ਾਬਤ ਕਰ ਦਿੰਦੇ ਹਨ। ਇਹ ਗੱਲਾਂ ਉਹ ਆਪਣੇ ਮਨ ਵਿੱਚ ਵਿਛੜੇ ਪਿਤਾ ਨਾਲ ਕਰ ਰਿਹਾ ਹੈ। ਦੂਜੀ ਕਵਿਤਾ ‘ਸਿਕੰਦਰ’ ਵਿੱਚ ਆਪਣੀ ਪਤਨੀ ਦੀ ਬਿਮਾਰੀ ਦਾ ਦੁੱਖ ਨਾ ਬਰਦਾਸ਼ਤ ਕਰਦਾ ਹੋਇਆ ਭਾਵਕ ਹੋ ਜਾਂਦਾ ਹੈ। ਤੀਜੀ ਕਵਿਤਾ ‘ਧੀਆਂ’ ਵਿੱਚ ਕੁਮਾਰ ਜਗਦੇਵ ਸਿੰਘ ਧੀਆਂ ਦੇ ਰਸਤੇ ਵਿੱਚ ਆਉਣ ਵਾਲੀਆਂ ਬਲਾਵਾਂ ਦਾ ਹੰਦੇਸਾ ਪ੍ਰਗਟ ਕਰਦਾ ਹੈ ਕਿ ਇਕ ਪਾਸੇ ਉਨ੍ਹਾਂ ਨੂੰ ਸਮੇਂ ਦੀ ਗਰਦਸ਼ ਤੋਂ ਬਚਣ ਦੀ ਮਾਂ ਤਾਕੀਦ ਕਰਦੀ ਹੈ, ਦੂਜੇ ਪਾਸੇ ਲੜਕੇ ਦੇ ਜੰਮਣ ਦੀ ਆਸ ਲਾਈ ਬੈਠੀ ਹੈ। ਪ੍ਰੰਤੂ ਬਾਪ ਲੜਕੀਆਂ ਦੇ ਚਾਅ ਪੂਰੇ ਕਰਨ ਦੀ ਕਾਮਨਾ ਕਰਦਾ ਹੈ। ਮਾਂ ਆਧੁਨਿਕ ਸਮੇਂ ਦੇ ਨਾਲ ਪਹਿਰਾਵਾ ਪਾਉਣ ਦੀ ਇਛਾ ਵੀ ਰੱਖਦੀ ਹੈ। ਵਿਆਹਾਂ ਤੇ ਹੋਣ ਵਾਲੇ ਖ਼ਰਚੇ ਦੀ ਵੀ ਚਿੰਤਾ ਹੈ। ਇਹ ਸਾਰਾ ਕੁਝ ਅੰਤਰ ਦਵੰਧ ਦੀ ਸਥਿਤੀ ਹੈ। ਚੌਥੀ ‘ਵਿਗੋਚ’ ਕਵਿਤਾ ਵਿੱਚ ਕਵੀ ਦੀ ਪਤਨੀ ਮਹਿਸੂਸ ਕਰਦੀ ਹੈ ਕਿ ਲੜਕਿਆਂ ਦੀਆਂ ਇਛਾਵਾਂ ਪੂਰੀਆਂ ਕਰਕੇ ਮਰਦ ਬੱਚਿਆਂ ਨੂੰ ਵਿਗਾੜ ਦਿੰਦੇ ਹਨ। ਪੰਜਵੀਂ ‘ਸਾਹਿਬਜ਼ਾਦਾ’ ਕਵਿਤਾ ਭਾਵਪੂਰਤ ਹੈ, ਜਿਸ ਵਿੱਚ ਇਕ ਪਾਸੇ ਮਾਪੇ ਬਲਿਊ ਸਟਾਰ ਅਪ੍ਰੇਸ਼ਨ ਤੋਂ ਦੁੱਖੀ ਹੋ ਕੇ ਬੱਚਿਆਂ ਨੂੰ ਅੰਮਿ੍ਰਤਧਾਰੀ ਬਣਾਉਣਾ ਚਾਹੁੰਦੇ ਹਨ। ਦੂਜੇ ਪਾਸੇ ਬੱਚੇ ਆਧੁਨਿਕਤਾ ਦੇ ਫੈਸ਼ਨ ਦੀ ਭੇਂਟ ਚੜ੍ਹਕੇ ਸਿਰ ਦੇ ਵਾਲ ਵੀ ਕਟਾ ਰਹੇ ਹਨ। ਮਾਪੇ ਬੱਚਿਆਂ ਦੇ ਸੁਨਹਿਰੇ ਭਵਿਖ ਲਈ ਗ਼ੈਰਤ ਨੂੰ ਮਾਰ ਕੇ ਹਰਿਮੰਦਰ ਸਾਹਿਬ ਵਿੱਚੋਂ ਫ਼ੌਜਾਂ ਦੇ ਸਾਹਮਣੇ ਹੱਥ ਖੜ੍ਹੇ ਕਰਕੇ ਬਾਹਰ ਆਏ ਸੀ ਪ੍ਰੰਤੂ ਬੱਚੇ ਨਾਬਰ ਹੋ ਗਏ ਹਨ। ਛੇਵੀਂ ਕਵਿਤਾ ‘ਤੁਹਾਡਾ ਕੀ ਖਿਆਲ ਐ?’ ਵਿੱਚ ਮਾਨਸਿਕ ਦਵੰਧ ਵਾਲੀ ਹੈ, ਜਿਸ ਵਿੱਚ ਇਨਸਾਨ ਆਪਣੇ ਆਪ ਨਾਲ ਵਾਰਤਾਲਾਪ ਕਰਦਾ ਹੈ। ਸੱਤਵੀਂ ਕਵਿਤਾ ‘ਭਗਤ ਸਿੰਘ’ ਵਿੱਚ ਕਰੋਨਾ ਕਾਲ ਦਾ ਦਰਦ ਅਤੇ ਭਗਤ ਸਿੰਘ ਦੀ ਸੋਚ ‘ਤੇ ਪਹਿਰਾ ਦੇਣ ਦੀ ਤਾਕੀਦ ਕਰਦੀ ਹੈ ਤਾਂ ਜੋ ਲੋਕਾਂ ਨੂੰ ਇਨਸਾਫ ਮਿਲ ਸਕੇ। ਅੱਠਵੀਂ ‘ਲਿਪਸਟਿਕ ਹੇਠਲਾ ਜ਼ਖ਼ਮ’ ਕਵਿਤਾ ਸਿੰਬਾਲਿਕ ਹੈ, ਜਿਸ ਰਾਹੀਂ ਕਵੀ ਨੇ ਇਨਸਾਨ ਦੇ ਦੋਹਰੇ ਕਿਰਦਾਰ ਬਾਰੇ ਜਾਣਕਾਰੀ ਦਿੱਤੀ ਹੈ। ਇਨਸਾਨ ਜਿਵੇਂ ਬਾਹਰੀ ਰੂਪ ਵਿੱਚ ਦਿਖਦਾ ਹੈ, ਅਸਲ ਵਿੱਚ ਉਹ ਨਹੀਂ ਹੁੰਦਾ। ਦੁੱਖ ਅਤੇ ਦਰਦ ਨੂੰ ਇਨਸਾਨ ਕਈ ਵਾਰੀ ਦਿਖਣ ਨਹੀਂ ਦਿੰਦਾ। ਨੌਵੀਂ ਕਵਿਤਾ ‘ਤੇਰੇ ਆਉਣ ਤੋਂ ਪਹਿਲਾਂ’ ਅਹਿਸਾਸਾਂ ਦੀ ਮਾਨਸਿਕ ਕਸ਼ਮਕਸ਼ ਹੈ, ਇਨਸਾਨ ਕਿਸ ਪ੍ਰਕਾਰ ਆਪਣੇ ਆਪ ਨਾਲ ਹੀ ਮੁਖਾਤਬ ਹੁੰਦਾ ਰਹਿੰਦਾ ਹੈ। ਇਸ ਕਾਵਿ ਸੰਗ੍ਰਹਿ ਦੀ ਦਸਵੀਂ ਕਵਿਤਾ ‘ਵਿਨ ਯੂ ਡੂ, ਡੌਂਟ ਥਿੰਕ’ ਵਿੱਚ ਕਵੀ ਵਰਤਮਾਨ ਸਾਹਿਤਕਾਰਾਂ ਦੀ ਕਾਰਗੁਜ਼ਾਰੀ ‘ਤੇ ਕਿੰਤੂ ਪ੍ਰੰਤੂ ਕਰਦਾ ਹੋਇਆ ਝੰਜੋੜਦਾ ਹੈ ਕਿ ਕਿਸ ਪ੍ਰਕਾਰ ਅਖੌਤੀ ਸਾਹਿਤਕਾਰ ਇਨਾਮਾ ਅਤੇ ਸ਼ਾਹਵਾ ਵਾਹਵਾ ਲੈਣ ਲਈ ਵੇਲਣ ਵੇਲਦੇ ਹਨ। ਕਾਫ਼ੀ ਹਾਊਸਾਂ ਵਿੱਚ ਬੈਠ ਕੇ ਸੰਵੇਦਨਸ਼ੀਲ ਕਹਾਉਂਦੇ ਵਿਚਾਰ ਵਟਾਂਦਰੇ ਕਰਦੇ ਹਨ। ਇਸ ਲੰਬੀ ਕਵਿਤਾ ਵਿੱਚ ਕਵੀ ਨੇ ਬਹੁਤ ਸਾਰੇ ਭਖਦੇ ਸੰਜੀਦਾ ਮਸਲਿਆਂ ਨੂੰ ਵਿਸ਼ਾ ਬਣਾਇਆ ਹੈ ਜਿਵੇਂ ਵਰਤਮਾਨ ਵਿਦਿਅਕ ਪ੍ਰਣਾਲੀ, ਪਰਿਵਾਰਿਕ ਪਰੰਪਰਾਵਾਂ ਦਾ ਵਿਰੋਧ, ਮਾਪਿਆਂ ਦੀ ਨਿਰਾਦਰੀ, ਰਿਸ਼ਤਿਆਂ ਵਿੱਚ ਗਿਰਾਵਟ,ਯਤੀਮਾ, ਵਿਧਵਾਵਾਂ, ਆਤੰਕ, ਬਰਾਂਡਡ ਕਪੜੇ, ਗੁਰੂਆਂ ਦੀ ਵਿਚਾਰਧਾਰਾ ਤੇ ਪਹਿਰਾ ਨਾ ਦੇਣਾ, ਮੀਡੀਆ ਦਾ ਰੋਲ, ਸਾਹਿਤਕ ਅਦਾਕਾਰੀ, ਆਤਮਹੱਤਿਆਵਾਂ ਆਦਿ। ਸਾਹਿਤਕਾਰਾਂ ਨੂੰ ਆੜੇ ਹੱਥੀਂ ਲਿਆ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਤੋਂ ਕੰਨੀ ਕਤਰਾ ਰਹੇ ਹਨ। ਗਿਆਰਵੀਂ ਕਵਿਤਾ ‘ਜਦੋਂ ਸ਼ੀਸ਼ਾ ਬੋਲਦਾ’ ਹੈ ਵੀ ਇਨਸਾਨ ਦੀ ਆਪੇ ਨਾਲ ਗੱਲਬਾਤ ਹੈ, ਜਿਸ ਵਿੱਚ ਉਹ ਆਪਣੇ ਫਰਜ਼ਾਂ ਤੋਂ ਕੋਤਾਹੀ ਕਰਨ ਦੀ ਗੱਲ ਕਰਦਾ ਹੈ। ਇਨਸਾਨ ਆਪਣੇ ਆਪ ਨੂੰ ਖੱਬੀ ਖਾਨ ਕਹਾਉਂਦਾ ਹੈ ਪ੍ਰੰਤੂ ਇਹ ਸਾਰਾ ਕੁਝ ਦੰਭ ਹੈ, ਨਸ਼ਿਆਂ ਵਿੱਚ ਗਲਤਾਨ ਹਨ, ਖੇਤਾਂ ਨੂੰ ਭੁੱਲ ਗਏ, ਸਾਡੀ ਬਦਮਿਸਮਤੀ ਹੈ ਕਿ ਰੋਜ਼ੀ ਰੋਟੀ ਦਾ ਫਿਕਰ ਸਤਾ ਰਿਹਾ ਹੈ। ਅਖੌਤੀ ਪ੍ਰਗਤੀਵਾਦ ਬਣੇ ਬੈਠੇ ਹਾਂ। ਆਪਣੀ ਉਦਾਸੀ ਦੇ ਖੁਦ ਜ਼ਿੰਮੇਵਾਰ ਹਨ। ਮੁਹੱਬਤ ਦੀ ਥਾਂ ਸੰਘਰਸ਼ਮਈ ਹੋ ਗਏ। ਅਸੀਂ ਅਧੂਰੇ ਇਨਸਾਨ ਹਾਂ, ਵਾਅਦੇ ਤੇ ਵਫ਼ਾ ਤੋਂ ਕਿਨਾਰਾ ਕਰ ਲਿਆ ਹੈ। ਬੰਦੂਕ ਦੀ ਨੋਕ ਨਾਲ ਸ਼ਾਂਤੀ ਅਤੇ ਮੁਹੱਬਤ ਨਹੀਂ ਲਿਖੀ ਜਾ ਸਕਦੀ। ਮੁਹੱਬਤ ਨਾਲ ਹਰ ਚੀਜ਼ ਪ੍ਰਾਪਤ ਕੀਤੀ ਜਾ ਸਕਦੀ ਹੈ, ਇਸ ਲਈ ਸ਼ਾਇਰ ਮੁਹੱਬਤ ਦੀ ਪ੍ਰੇਰਨਾ ਦਿੰਦਾ ਹੈ। ਬਾਰਵੀਂ ਕਵਿਤਾ ‘ਸਿਤਾਰ ਦੇ ਸੁਰ-1’ ਵਿੱਚ ਕਵੀ ਮੁਹੱਬਤ ਕਰਨ ਵਾਲੀ ਕੁੜੀ ਦੀ ਕਲਪਨਾ ਸਿਤਾਰ ਦੀ ਤਾਰ ਨਾਲ ਕਰਦਾ ਲਿਖਦਾ ਹੈ ਕਿ ਮੁਹੱਬਤ ਕਰਨ ਲਈ ਪ੍ਰਸ਼ਨ ਨਹੀਂ ਕਰਨਾ ਸ਼ੋਭਦਾ ਭਾਵ ਮੁਹੱਬਤ ਬਦਲੇ ਕੁਝ ਮੰਗਣਾ ਜ਼ਾਇਜ਼ ਨਹੀਂ ਪ੍ਰੰਤੂ ਸਿਤਾਰ ਵਰਗੀ ਕੁੜੀ ਮੁਹੱਬਤ ਨੂੰ ਵੇਚਣਾ ਲੋਚਦੀ ਹੈ, ਇਹ ਵਰਤਾਰਾ ਗ਼ਲਤ ਹੈ। ਤੇਰਵੀਂ ਕਵਿਤਾ ‘ਸਿਤਾਰ ਦੇ ਸੁਰ-2’ ਵਿੱਚ ਕਵੀ ਨੇ ਸਿਤਾਰ ਦੀ ਸੁਰ ਵਰਗੀ ਕੁੜੀ ਨੂੰ ਮੁਹੱਬਤ ਦੀ ਪ੍ਰਤੀਕ ਕਿਹਾ, ਜਿਸ ਦੀ ਮੁਹੱਬਤ ਦੇ ਬਦਲੇ ਕੋਈ ਮੰਗ ਨਹੀਂ ਪ੍ਰੰਤੂ ਕੁਰਬਾਨੀ ਦਾ ਜਜਬਾ ਬਰਕਰਾਰ ਹੈ। ਚੌਧਵੀਂ ‘ਸਿਤਾਰ ਸੋਚਦੀ ਹੈ’ ਕਵਿਤਾ ਵਿੱਚ ਬਰਾਂਡਡ ਕਪੜੇ ਪਾ ਯੂਨੀਵਰਸਿਟੀਆਂ ਵਿੱਚ ਨੌਜਵਾਨ ਲੜਕੇ ਲੜਕੀਆਂ ਦੇ ਪਿਛੇ ਮੋਟਰਸਾਈਕਲਾਂ ਦੇ ਸੁਪਨੇ ਵਿਖਾਉਂਦੇ ਮੁਹੱਬਤਾਂ ਦਾ ਇਜ਼ਹਾਰ ਕਰਦੇ ਹਨ। ਨਸ਼ਿਆਂ ਦੇ ਵਿਚ ਗ੍ਰਸੇ ਫਿਰਦੇ ਨਫ਼ਰਤਾਂ ਫੈਲਾ ਰਹੇ ਹਨ। ਯੂਨੀਵਰਸਿਟੀਆਂ ਵਿੱਚ ਉਹ ਨੌਜਵਾਨੀ ਦੇ ਨਸ਼ੇ ਵਿੱਚ ਇਸ਼ਕ ਮੁਸ਼ਕ ਦੇ ਚਕਰਾਂ ਵਿੱਚ ਆਨੰਦ ਮਾਣਦੇ ਹਨ ਪ੍ਰੰਤੂ ਬਾਅਦ ਵਿੱਚ ਲੜਕੀਆਂ ਓਪਰਿਆਂ ਦੀ ਤਰ੍ਹਾਂ ਵਿਵਹਾਰ ਕਰਦੀਆਂ ਹਨ। ਮੌਕੇ ਦਾ ਲਾਭ ਉਠਾ ਕੇ ਭੁੱਲ ਜਾਂਦੀਆਂ ਹਨ। ਪੰਦਰਵੀਂ ਕਵਿਤਾ ‘ਹੁਣ ਕੋਈ ਕੀ ਲਿਖੇ’ ਵਿਸਮਾਦਿਕ ਕਵਿਤਾ ਹੈ। ਇਸ ਵਿੱਚ ਵੀ ਕਵੀਆਂ, ਗ਼ਜ਼ਲਗੋਆਂ ਅਤੇ ਲੇਖਕਾਂ ਨੂੰ ਵਿਅੰਗ ਕੀਤਾ ਗਿਆ ਹੈ ਕਿ ਉਹ ਅਸਲ ਮੁੱਦਿਆਂ ਬਾਰੇ ਲਿਖਣ ਤੋਂ ਗੁਰੇਜ਼ ਕਰ ਰਹੇ ਹਨ। ਸੋਲਵੀਂ ਕਵਿਤਾ ‘ਸਮੁੰਦਰ ਹੋਣ ਦਾ ਸੰਤਾਪ’ ਇਕ ਲੰਬੀ ਕਵਿਤਾ ਹੈ, ਜਿਸ ਵਿੱਚ ਸਮਾਜਿਕ ਮੁੱਦਿਆਂ ਨੂੰ ਛੂਹਿਆ ਗਿਆ ਹੈ। ਕੁਝ ਪ੍ਰਾਪਤ ਕਰਨ ਲਈ ਗੁਆਉਣਾ ਅਰਥਾਤ ਮਿਹਨਤ ਕਰਨੀ ਪੈਂਦੀ ਹੈ। ਭਾਵ ਮਿਹਨਤ ਨਾਲ ਸਫਲਤਾ ਮਿਲਦੀ ਹੈ। ਸਮੁੰਦਰ, ਨਦੀ, ਝਰਨੇ ਅਤੇ ਰੁੱਖ ਤਾਂ ਸਿੰਬਲ ਹਨ। ਭਾਵੇਂ ਕੋਈ ਖੇਤਰ ਹੋਵੇ ਜਾਂ ਪਿਆਰ ਦਾ ਹੋਵੇ, ਜਦੋਂ ਸਫਲਤਾ ਮਿਲਦੀ ਹੈ ਤਾਂ ਸਮਾਜ ਦਾ ਹਰ ਵਰਗ ਸਵਾਗਤ ਕਰਦਾ ਹੈ। ਇਸ ਦਾ ਦੂਜਾ ਅਰਥ ਇਹ ਵੀ ਹੈ ਕਿ ਇਕ ਥਾਂ ਖੜ੍ਹਨ ਨਾਲ ਜੰਗਾਲ ਲੱਗ ਜਾਂਦਾ ਹੈ, ਸਫਲਤਾ ਤੁਰਨ ਫਿਰਨ ਭਾਵ ਮਿਹਨਤ ਨਾਲ ਮਿਲਦੀ ਹੈ। ‘ਵਿਰਲਾਪ’ ਸਤਾਰਵੀਂ ਕਵਿਤਾ ਹੈ, ਜਿਸ ਵਿੱਚ ਮਾਂ ਦੀ ਮਮਤਾ ਦਾ ਮੋਹ ਝਲਕਦਾ ਹੈ। ਮਾਂ ਦੀ ਮੁਹੱਬਤ ਦੀ ਕੋਈ ਮੰਜ਼ਲ ਨਹੀਂ ਹੁੰਦੀ। ਸ਼ਾਇਰ ਮਾਂ ਦੀ ਨਿਗਾਹ ਵਿੱਚ ਕਪੁੱਤ ਹੈ ਕਿਉਂਕਿ ਮਾਂ ਪੜ੍ਹ ਨਹੀਂ ਸਕਦੀ। ਸ਼ਾਇਰ ਦੀ ਕੋਈ ਕਮਾਈ ਨਹੀਂ, ਮਾਂ ਇਸ ਕਰਕੇ ਨਰਾਜ਼ ਹੈ। ਅਠਾਰਵੀਂ ‘ਏਸ ਵਾਰ ਦਾ ਮਿਰਜ਼ਾ’ ਮੁਹੱਬਤੀ ਕਵਿਤਾ ਹੈ। ਮੁਹੱਬਤ ਵਿੱਚ ਰੰਗਿਆ ਇਸਨਾਨ ਮਿਰਜ਼ਾ ਬਣਨਾ ਲੋਚਦਾ ਹੈ ਪ੍ਰੰਤੂ ਸਮਾਂ ਹਮੇਸ਼ਾ ਇਕੋ ਜਿਹਾ ਨਹੀਂ ਹੁੰਦਾ। ਮੁਹੱਬਤ ਗੱਲਾਂ-ਬਾਤਾਂ ਨਾਲ ਬੜੇ ਪਕਾਉਣੇ ਨਹੀਂ ਮੰਗਦੀ ਸਗੋਂ ਮੋਹ ਦੀ ਪੁਜਾਰਨ ਹੁੰਦੀ ਹੈ। ਇਸਤਰੀ ਹਮੇਸ਼ਾ ਇਛਾਵਾਂ ਦੀ ਪੂਰਤੀ ਮੰਗਦੀ ਹੈ। ਇਸ਼ਕ ਦੇ ਅਹਿਸਾਸਾਂ ਵਿੱਚ ਇਨਸਾਨ ਸਪਨੇ ਸਿਰਜਦਾ ਰਹਿੰਦਾ ਹੈ। ਪੂਰੇ ਹੋਣਾ ਜ਼ਰੂਰੀ ਨਹੀਂ ਹੁੰਦਾ। ਉਨੀਵੀਆਂ ਛੇ ਬਿੰਦੂ ਨਜ਼ਮਾਂ ਹਨ, ਜਿਨ੍ਹਾਂ ਵਿੱਚ ਮੁਹੱਬਤ ਦੀ ਘੁੰਮਣਘੇਰੀ ਦੀਆਂ ਬਾਤਾਂ ਹਨ। ਕੁਮਾਰ ਜਗਦੇਵ ਸਿੰਘ ਦੇ ਕਾਵਿ ਸੰਗ੍ਰਹਿ ਦਾ ਇਹ ਦੂਜਾ ਐਡੀਸ਼ਨ ਹੈ। ਸ਼ਾਇਰ ਦਾ ਭਵਿਖ ਸੁਨਹਿਰੀ ਹੈ ਕਿਉਂਕਿ ਉਸ ਦੀਆਂ ਕਵਿਤਾਵਾਂ ਇਨਸਾਨੀ ਮਾਨਸਿਕਤਾ ਦੀਆਂ ਗਹਿਰ ਗੰਭੀਰ ਸਥਿਤੀਆਂ ਦਾ ਵਰਨਣਨ ਕਰਦੀਆਂ ਹਨ।
80 ਪੰਨਿਆਂ ਦੇ ਕਾਵਿ ਸੰਗ੍ਰਹਿ ਦੀ ਕਮੀਤ 140 ਰੁਪਏ ਹੈ। ਇਸ ਨੂੰ ਕੈਲੀਬਰ ਪਬਲੀਕੇਸ਼ਨ ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ।