ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਅੱਜ ਦਿੱਲੀ ਇਕਾਈ ਦੀ ਕਾਰਜਕਾਰਨੀ ਦਾ ਐਲਾਨ ਕੀਤਾ। ਜਿਸ ਵਿੱਚ ਕੁਲਦੀਪ ਸਿੰਘ ਭੋਗਲ, ਰਵਿੰਦਰ ਸਿੰਘ ਖੁਰਾਣਾ, ਭੁਪਿੰਦਰ ਸਿੰਘ ਆਨੰਦ ਵਰਗੇ ਪੁਰਾਣੇ ਅਕਾਲੀ ਆਗੂਆਂ ਨੂੰ ਥਾਂ ਦਿੱਤੀ ਗਈ ਹੈ। ਬਾਕੀ ਟੀਮ ਦਾ ਐਲਾਨ ਆਣ ਵਾਲੇ ਅਗਲੇ ਦੋ ਹਫ਼ਤਿਆਂ ਵਿੱਚ ਕਰ ਦਿੱਤਾ ਜਾਵੇਗਾ।
ਸਰਦਾਰ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਅਕਾਲੀ ਦਲ ਨੂੰ ਉਸੇ ਬੁਲੰਦੀਆਂ ‘ਤੇ ਪਹੁੰਚਾਇਆ ਜਾਵੇਗਾ ਜਿਸ ‘ਤੇ ਇਹ ਪਹਿਲੇ ਸਮਿਆਂ ਵਿਚ ਪਹੁੰਚਦਾ ਸੀ। ਉਨ੍ਹਾਂ ਦਿੱਲੀ ਕਮੇਟੀ ਦੇ ਆਗੂਆਂ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਅਕਾਲੀ ਦਲ ਦੀ ਮਜ਼ਬੂਤ ਟੀਮ ਆਉਣ ਵਾਲੇ ਦਿਨਾਂ ਵਿੱਚ ਕਮੇਟੀ ਨੂੰ ਸਰਕਾਰੀ ਅਕਾਲੀ ਦਲ ਤੋਂ ਆਜ਼ਾਦ ਕਰਾਵੇਗੀ।
ਨਵੀਂ ਬਣਾਈ ਗਈ ਕਾਰਜਕਾਰਨੀ ਵਿੱਚ ਪਰਮਜੀਤ ਸਿੰਘ ਸਰਨਾ, ਜਤਿੰਦਰ ਸਿੰਘ ਸਰਨਾ, ਬਲਦੇਵ ਸਿੰਘ ਰਾਣੀ ਬਾਗ, ਤੇਜਿੰਦਰ ਸਿੰਘ ਗੋਪਾ, ਬੀਬੀ ਰਣਜੀਤ ਕੌਰ, ਸੁਖਵਿੰਦਰ ਸਿੰਘ ਬੱਬਰ, ਕੁਲਦੀਪ ਸਿੰਘ ਭੋਗਲ, ਰਵਿੰਦਰ ਸਿੰਘ ਖੁਰਾਣਾ, ਭੁਪਿੰਦਰ ਸਿੰਘ ਆਨੰਦ, ਤੇਜਵੰਤ ਸਿੰਘ, ਮਨਜੀਤ ਸਿੰਘ ਸਰਨਾ, ਰਮਨਦੀਪ ਸਿੰਘ ਸੋਨੂੰ, ਗੁਰਦੇਵ ਸਿੰਘ ਭੋਲਾ, ਪ੍ਰਭਜੋਤ ਸਿੰਘ ਗੁਲਾਟੀ, ਸੁਖਦੇਵ ਸਿੰਘ ਰਿਆਤ, ਗੁਰਮਿੰਦਰ ਸਿੰਘ ਮਠਾੜੂ, ਕੁਲਦੀਪ ਸਿੰਘ ਚੌਹਾਨ ਸ਼ਾਮਲ ਹਨ। ਕੁਲਦੀਪ ਸਿੰਘ ਭੋਗਲ ਨੇ ਕਿਹਾ ਕਿ ਸਰਦਾਰ ਪਰਮਜੀਤ ਸਿੰਘ ਸਰਨਾ ਜਿਸ ਤਰ੍ਹਾਂ ਪੁਰਾਣੇ ਅਕਾਲੀਆਂ ਨੂੰ ਨਾਲ ਲੈ ਕੇ ਚੱਲ ਰਹੇ ਹਨ, ਆਉਣ ਵਾਲੇ ਦਿਨਾਂ ਵਿੱਚ ਇਸ ਦੇ ਚੰਗੇ ਨਤੀਜੇ ਸਾਹਮਣੇ ਆਉਣਗੇ। ਸਮੂਹ ਮੈਂਬਰਾਂ ਨੇ ਪਾਰਟੀ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਰਮਜੀਤ ਸਿੰਘ ਸਰਨਾ ਦਾ ਧੰਨਵਾਦ ਕੀਤਾ।