ਅੱਜ ਦੇ ਇਸ ਤੇਜ਼ ਰਫ਼ਤਾਰ ਦੌਰ ਅੰਦਰ ਸਾਡੇ ਸਮਾਜ ਵਿਚਲੇ ਦੋਸਤੀ ਅਤੇ ਮਿੱਤਰਤਾ ਵਰਗੇ ਪਾਕ- ਪਵਿੱਤਰ ਰਿਸ਼ਤੇ ਅਜੌਕੇ ਸਮੇਂ ਦੌਰਾਨ ਫਿੱਕੇ ਜਾਪਦੇ ਹਨ। ਕਿਉਂਕਿ ਇਹ ਸਮਾਂ ਹੀ ਅਜਿਹਾ ਹੋ ਗਿਆ ਹੈ ਜਿਸ ਅੰਦਰ ਸਭ ਰਿਸ਼ਤਿਆਂ ਅੰਦਰਲਾ ਮੋਹ, ਪਿਆਰ ਅਤੇ ਸੁਨੇਹ ਘਟਦਾ ਜਾ ਰਿਹਾ ਹੈ। ਇੱਕ ਸਮਾਂ ਹੁੰਦਾ ਸੀ ਜਿਸ ਵਿੱਚ ਦੋਸਤ ਮਿੱਤਰ ਜੋ ਕਿ ਸਕੇ ਭਰਾ ਤੋਂ ਵੱਧ ਕੇ ਰਿਸ਼ਤਾ ਨਿਭਾਉਂਦੇ ਸਨ। ਉਸਦੀ ਹਰ ਇੱਕ ਦੁੱਖ-ਤਕਲੀਫ ਨੂੰ ਆਪਣਾ ਸਮਝਦੇ ਸੀ। ਇਹ ਦੋਸਤੀ ਜਾਂ ਮਿੱਤਰਤਾ ਜੋ ਕਿ ਬਿਨ੍ਹਾ ਕਿਸੇ ਲੋਭ, ਲਾਲਚ ਤੋਂ ਉੱਪਰ ਉੱਠ ਕੇ ਦੋ ਦਿਲਾਂ ਦੀ ਆਪਸੀ ਸਾਂਝ ਮੰਨੀ ਜਾਂਦੀ ਸੀ। ਜਿਸ ਅੰਦਰ ਹਰ ਕੋਈ ਵਿਅਕਤੀ ਦੋਸਤੀ ਕਰਨ ਸਮੇਂ ਸਾਹਮਣੇ ਵਾਲੀ ਦੀ ਜਾਤ-ਪਾਤ ਜਾਂ ਕੋਈ ਹੋਰ ਉੱਚ-ਨੀਚ, ਅਮੀਰੀ-ਗਰੀਬੀ ਨਹੀਂ ਸਨ ਵੇਖਦੇ। ਇਹ ਦੋਸਤੀ ਦਾ ਰਿਸ਼ਤਾ ਇਕ ਰੂਹ ਦਾ ਰਿਸ਼ਤਾ ਸਮਝਿਆ ਜਾਂਦਾ ਸੀ ਜੋ ਕਿ ਉਸ ਸਮੇਂ ਸਭ ਤੋਂ ਪਾਕ-ਪਵਿੱਤਰ ਰਿਸ਼ਤਾ ਹੁੰਦਾ ਸੀ। ਜਿਸ ਦੌਰਾਨ ਦੋ ਸੱਚੇ ਮਿੱਤਰ ਆਪਸ ਵਿੱਚ ਪੱਗ ਵਟਾ ਕੇ ਪੱਗਵਟ ਭਰਾ ਬਣਕੇ ਲੰਬਾ ਸਮਾਂ ਇਸ ਮਿੱਤਰਤਾ ਨੂੰ ਨਿਭਾਉਂਦੇ ਅਤੇ ਦੋਵੇਂ ਪਰਿਵਾਰਾਂ ਵਿੱਚ ਹਰ ਦੁੱਖ-ਸੁੱਖ ਵਿੱਚ ਹਰ ਸਮੇਂ ਮੌਜੂਦ ਰਹਿੰਦੇ ਅਤੇ ਇੱਕ ਸਕੇ ਭਰਾ ਤੋਂ ਵਧਕੇ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਖੜਦੇ ਸਨ। ਇੱਕ ਸਮਾਂ ਸੀ ਜਿਸ ਅੰਦਰ ਇਹ ਰਿਸ਼ਤਾ ਜੋ ਕਿ ਖੂਨ ਦੇ ਰਿਸ਼ਤੇ ਤੋ ਵੀ ਵਧਕੇ ਨਿਭਾਇਆ ਜਾਂਦਾ ਸੀ ਜਿਸ ਦੌਰਾਨ ਇਸ ਦੋਸਤੀ ਬਦਲੇ ਉਹ ਆਪਣੀ ਜਾਨ-ਕੁਰਬਾਨ ਕਰਨ ਦੀ ਪਰਵਾਹ ਨਹੀਂ ਸਨ ਕਰਦੇ ਅਤੇ ਹਰ ਸਮੇਂ ਆਪਣੀ ਦੋਸਤੀ ਮਿੱਤਰਤਾ ਨੂੰ ਨਿਭਾਉਣ ਲਈ ਤਿਆਰ ਰਹਿੰਦੇ ਸਨ। ਇਸਦੇ ਉਲਟ ਅੱਜ ਸਮਾਂ ਕੁੱਝ ਹੋਰ ਜਾਪਦਾ ਹੈ ਜਿਸ ਅੰਦਰ ਹਰ ਇੱਕ ਵਿਅਕਤੀ ਸਿਰਫ਼ ਤੇ ਸਿਰਫ਼ ਆਪਣੀ ਲੋੜ ਮੁਤਾਬਿਕ ਰਿਸ਼ਤੇ ਨਿਭਾਉਂਦਾ ਨਜ਼ਰ ਆਉਂਦਾ ਹੈ, ਜਿਸ ਵਿੱਚ ਉਹ ਆਪਣੀ ਲੋੜ ਅਤੇ ਜ਼ਰੂਰਤ ਮੁਤਾਬਿਕ ਰਿਸ਼ਤੇ ਅਤੇ ਦੋਸਤੀ ਜੋੜਦਾ ਹੈ ਜਦੋਂ ਤੱਕ ਲੋੜ ਅਤੇ ਜ਼ਰੂਰਤ ਹੁੰਦੀ ਹੈ ਓਦੋਂ ਤੱਕ ਹੀ ਉਹ ਸਾਂਝ ਅਤੇ ਰਿਸ਼ਤੇਦਾਰੀ ਕਾਇਮ ਰੱਖਦਾ ਹੈ ਜਦੋਂ ਉਸਦੀਆਂ ਸਭ ਜਰੂਰਤਾਂ ਅਤੇ ਲੋੜਾਂ ਪੂਰੀਆਂ ਹੋ ਜਾਂਦੀਆਂ ਹਨ ਤਾਂ ਉਹ ਸਭ ਰਿਸ਼ਤੇ-ਨਾਤੇ ਤੋੜ ਲੈਂਦਾ ਹੈ। ਇਸ ਪ੍ਰਕਾਰ ਅਜੋਕੇ ਸਮੇਂ ਦੋਰਾਨ ਦੋਸਤੀ ਅਤੇ ਮਿੱਤਰਤਾ ਵਰਗੇ ਰੂਹ ਦੇ ਰਿਸ਼ਤੇ ਵੀ ਇਸ ਕਲਯੁੱਗੀ ਦੁਨੀਆ ਵਿੱਚ ਇਹਨਾਂ ਵਿਚਲਾ ਪਿਆਰ, ਸੁਨੇਹ ਅਤੇ ਵਫਾਦਾਰੀ ਪਹਿਲੇ ਸਮੇਂ ਦੋਰਾਨ ਘੱਟਦੀ ਨਜ਼ਰ ਆਉਂਦੀ ਹੈ ਅੱਜ ਭਾਵੇਂ ਸੋਸਲ ਮੀਡੀਆ ਅਤੇ ਕਈ ਹੋਰ ਨੈੱਟਵਰਕ ਦੇ ਜਰੀਏ ਅਸੀਂ ਹਜਾਰਾਂ ਦੀ ਗਿਣਤੀ ਵਿੱਚ ਦੋਸਤ ਬਣਾ ਲਏ ਹਨ ਅਤੇ ਹਰ ਇੱਕ ਦਿਨ ਨਵਾਂ ਦੋਸਤ ਇਸ ਨੈੱਟਵਰਕ ਦੇ ਜਰੀਏ ਸਾਡੇ ਸੰਪਰਕ ਵਿੱਚ ਆਉਂਦਾ ਹੈ। ਇੰਨੇ ਦੋਸਤ ਇਕੱਠੇ ਕਰਨ ਦੇ ਬਾਵਜੂਦ ਵੀ ਅੱਜ ਹਰ ਵਿਅਕਤੀ ਆਪਣੇ ਆਪ ਨੂੰ ਇਹਨਾਂ ਵਿਚਾਲੇ ਆਪਣੇ ਆਪ ਨੂੰ ਇਕੱਲਾ ਸਮਝਦਾ ਹੈ ਅਤੇ ਉਸਦਾ ਇਹ ਇਕੱਲਾਪਣ ਉਸਨੂੰ ਵੱਢ-ਵੱਢ ਖਾਂਦਾ ਹੈ। ਜਿਸ ਕਾਰਨ ਉਹ ਮਨ ਹੀ ਮਨ ਅੰਦਰ ਮਹਿਸੂਸ ਕਰਦਾ ਹੈ ਕਿ ਉਹ ਸੱਚਮੁੱਚ ਹੀ ਕਿੰਨ੍ਹਾ ਇਕੱਲਾ ਰਹਿ ਗਿਆ ਹੋਵੇ ਅਤੇ ਇਹ ਨਿੱਤ-ਨਵੇਂ ਬਣਾਏ ਮਿੱਤਰ ਵੀ ਉਸ ਸਮੇਂ ਉਸਦੇ ਇਸ ਇਕੱਲੇਪਣ ਨੂੰ ਦੂਰ ਨਹੀਂ ਕਰ ਸਕਦੇ। ਸੋ ਲੋੜ ਹੈ ਸਮਝਣ ਦੀ ਕਿ ਦੋਸਤ ਭਾਵੇਂ ਘੱਟ ਹੋਣ ਪਰੰਤੂ ਜਿੰਨੇ ਵੀ ਹੋਣ ਉਹ ਦੁੱਖ ਤਕਲੀਫ਼ ਅਤੇ ਮਨ ਦੀਆਂ ਸਮਝਣ ਵਾਲੇ ਹੋਣ ਕਿਓਕਿ ਇੱਕ ਸੱਚਾ ਮਿੱਤਰ ਜੋ ਕਿ ਆਪਣੇ ਸੱਚੇ ਮਿੱਤਰ ਦਾ ਮੂਹ ਵੇਖਕੇ ਹੀ ਦੱਸ ਦਿੰਦਾ ਹੈ ਕਿ ਅੱਜ ਉਹ ਕਿਸੇ ਦੁੱਖ ਤਕਲੀਫ਼ ਵਿੱਚ ਹੈ। ਸੱਚਾ ਮਿੱਤਰ ਵੀ ਓਹੀ ਸਮਝਿਆ ਜਾਂਦਾ ਹੈ ਜੋ ਲੋੜ ਅਤੇ ਮਤਲਬ ਤੋਂ ਉੱਪਰ ਉੱਠਕੇ ਬੇਝਿੰਜਕ ਦੋਸਤੀ ਨਿਭਾਉਂਦਾ ਹੈ ਅਜਿਹੀ ਮਿੱਤਰਤਾ ਵਿੱਚ ਪੈਸਾ-ਰੁਪਇਆ ਜਾਂ ਕੋਈ ਹੋਰ ਸੰਸਾਧਨ ਮਾਇੰਨੇ ਨਹੀਂ ਰੱਖਦੇ। ਅੱਜ ਦੇ ਇਸ ਆਧੁਨਿਕ ਦੌਰ ਅੰਦਰ ਨਿੱਤ-ਨਵੇਂ ਦੋਸਤ ਮਿੰਟਾਂ-ਸਕਿੰਟਾ ਵਿੱਚ ਬਣਦੇ ਹਨ ਅਤੇ ਉਨ੍ਹੀ ਜਲਦੀ ਹੀ ਇਹ ਖਤਮ ਵੀ ਹੋ ਜਾਂਦੇ ਹਨ । ਦੋਸਤੀ ਦੇ ਇਸ ਦੌਰ ਅੰਦਰ ਤਰੱਕੀ ਕਰਨ ਦੀ ਦੌੜ ਵਿੱਚ ਵਿਅਕਤੀ ਮੋਹ, ਮਾਇਆ ਵਿੱਚ ਭਿੱਜਿਆ ਆਪਣੇ ਅਸਲ ਰਿਸ਼ਤਿਆਂ ਨੂੰ ਪਿੱਛੇ ਛੱਡਦਾ ਹੋਇਆ ਵਿਖਾਈ ਦਿੰਦਾ ਹੈ। ਪੈਸੇ ਅਤੇ ਤਰੱਕੀ ਦੀ ਅੰਨ੍ਹੀ ਦੋੜ ਅੰਦਰ ਉਹ ਅੱਜਕਲ ਦੋਸਤੀ-ਮਿੱਤਰਤਾ ਵਰਗੇ ਪਾਕ ਰਿਸ਼ਤੇ ਤਾਂ ਇੱਕ ਪਾਸੇ ਉਹ ਆਪਣੇ ਸਕੇ ਭਰਾਂ ਦਾ ਗਲ ਵੱਢਣ ਨੂੰ ਵੀ ਪ੍ਰਹੇਜ਼ ਨਹੀਂ ਕਰਦਾ। ਅੱਜ ਦੀ ਇਸ ਗੋਕੱਟ ਅਤੇ ਮਤਲਬੀ ਦੁਨੀਆ ਅੰਦਰ ਵਖਤ ਪਏ ਤੋਂ ਹੀ ਸਭ ਰਿਸ਼ਤਿਆਂ ਦਾ ਪਤਾ ਚਲਦਾ ਹੈ ਕਿਓਕੀ ਜਦੋਂ ਵਖਤ ਪੈਂਦਾ ਹੈ ਤਾਂ ਹਰ ਕੋਈ ਸੱਜਣ-ਬੇਲੀ ਸਭ ਪਾਸੇ ਵੱਟ ਜਾਂਦੇ ਹਨ। ਬੁਰਾ ਵਕਤ ਅਜਿਹਾ ਹੁੰਦਾ ਹੈ ਜਿਸ ਅੰਦਰ ਉਸ ਸਮੇਂ ਹਰ ਕੋਈ ਭੈਣ-ਭਰਾ ਸੱਜਣ-ਮਿੱਤਰ ਸਭ ਪਾਸੇ ਵੱਟ ਜਾਂਦੇ ਹਨ। ਕਿਸੇ ਵਿਦਵਾਨ ਨੇ ਬੜਾ ਸੋਹਣਾ ਲਿਖਿਆ ਹੈ :-
ਜਦੋਂ ਵਖ਼ਤ ਇੰਨਸਾਨ ਤੇ ਆਣ ਪੈਂਦਾ
ਸੱਪ ਰੱਸੀਆਂ ਦੇ ਬਣ-ਬਣ ਕੱਟ ਜਾਂਦੇ
ਬੁਰੇ ਭਲੇ ਦੀ ਓਦੋਂ ਨਹੀਂ ਪਰਖ ਰਹਿੰਦੀ
ਤੇ ਮਿੱਤਰ-ਮਿੱਤਰਤਾ ਤੋਂ ਪਾਸਾ ਵੱਟ ਜਾਂਦੇ
ਇਸ ਤਰ੍ਹਾਂ ਅਜੋਕੇ ਸਮੇਂ ਦੋਰਾਨ ਜੇਕਰ ਕੋਈ ਵਿਅਕਤੀ ਸੱਚੀ ਮਿੱਤਰਤਾ ਨਿਭਾਉਣ ਦੀ ਕੋਸ਼ਿਸ ਵੀ ਕਰਦਾ ਹੈ ਤਾਂ ਵਿਚ-ਵਿਚਾਲੇ ਉਹਨਾਂ ਨੂੰ ਆਪਸ ਵਿੱਚ ਚੁੱਗਲੀ ਕਰਕੇ ਲੜਾ ਦਿੱਤਾ ਜਾਂਦਾ ਹੈ ਕਿਓਕਿ ਅਜਿਹੇ ਕਲਯੁੱਗੀ ਦੋਸਤ ਜੋ ਕਿ ਨਾਂ ਸਿਰਫ ਆਪ ਇਸ ਰਿਸਤੇ ਉੱਪਰ ਪੂਰ ਚੜਦੇ ਹਨ ਸਗੋਂ ਦੂਸਰੇ ਨੂੰ ਵੀ ਭੜਕਾ ਛੱਡਦੇ ਹਨ। ਬੇਇਮਾਨੀ ਦੇ ਇਸ ਵੱਧਦੇ ਦੌਰ ਅੰਦਰ ਦੋਸਤ-ਮਿੱਤਰ ਤਾਂ ਇੱਕ ਪਾਸੇ ਸਕੇ ਭੈਣ-ਭਰਾ ਵੀ ਇੱਕ ਦੂਜੇ ਤੋਂ ਖਾਰ ਖਾਂਦੇ ਨਜ਼ਰ ਆਉਂਦੇ ਹਨ ਪਰੰਤੂ ਪੰਜੇ ਉਂਗਲਾਂ ਇੱਕੋਸਾਰ ਵੀ ਨਹੀਂ ਹੁੰਦੀਆਂ ਦੇ ਸਿਧਾਂਤ ਅਨੁਸਾਰ ਕਾਫੀ ਜਗ੍ਹਾ ਅਜਿਹੇ ਭੈਣ-ਭਰਾ ਵੀ ਨਜ਼ਰ ਆਉਂਦੇ ਹਨ ਜੋ ਕਿ ਇੱਕ ਦੂਜੇ ਉੱਪਰ ਮਰ-ਮਿੱਟਦੇ ਹਨ ਪਰੰਤੂ ਇਹ ਫਿਰ ਹੀ ਸਿੱਧ ਹੁੰਦਾ ਹੈ ਜੇਕਰ ਉਹਨਾਂ ਵਿਚਕਾਰ ਕੋਈ ਤੀਸਰਾ ਵਿਅਕਤੀ ਅੱਗ ਲਗਾਉਣ ਵਾਲਾ ਨਾ ਹੋਵੇ ਕਿਓਕਿ ਅਜਿਹਾ ਵਿਅਕਤੀ ਜੋ ਕਿ ਅੰਦਰੋ ਕੁਝ ਹੋਰ ਅਤੇ ਬਾਹਰੋ ਕੁਝ ਹੋਰ ਹੁੰਦੇ ਹਨ। ਜਿਨ੍ਹਾਂ ਦੇ ਮਨ ਅਤੇ ਮੁੱਖ ਉੱਪਰ ਕੁਝ ਹੋਰ ਵਿਖਾਈ ਦਿੰਦਾ ਉਪਰੋ ਮਿੱਠੀਆਂ-ਮਿੱਠੀਆਂ ਗੱਲਾਂ ਕਰਦੇ ਹਨ ਅਤੇ ਅੰਦਰੋ-ਅੰਦਰੀ ਖਾਰ ਖਾਂਦੇ ਹਨ ਅਜਿਹੇ ਵਿਅਕਤੀ ਜੋ ਕਿ ਕਿਸੇ ਪ੍ਰਕਾਰ ਦੀ ਦੋਸਤੀ ਅਤੇ ਰਿਸ਼ਤੇ ਦੇ ਲਾਇਕ ਨਹੀਂ ਹੁੰਦੇ। ਇਹ ਜਿੱਥੇ ਵੀ ਜਾਂਦੇ ਹਨ ਸਭ ਕੁੱਝ ਖਤਮ ਕਰ ਦਿੰਦੇ ਹਨ, ਇਹ ਸਿਰਫ਼ ਖਾਣ-ਪੀਣ ਕਰਕੇ ਹੀ ਇੱਕ-ਦੂਜੇ ਨਾਲ ਜੁੜੇ ਰਹਿੰਦੇ ਹਨ ਜਦੋਂ ਬੁਰਾ ਵਕਤ ਪੈਂਦਾ ਹੈ ਤਾਂ ਅਜਿਹੇ ਮਿੱਤਰ-ਬੇਲੀ ਭੱਜ ਨਿੱਕਲਦੇ ਹਨ ਜੋ ਆਪਣੇ ਮਤਲਬ ਸਮੇਂ ਕਹਿੰਦੇ ਰਹਿੰਦੇ ਹਨ ਕਿ ਜਦੋਂ ਵੀ ਮਾੜਾ ਸਮਾਂ ਆਵੇਗਾ ਤਾਂ ਉਹ ਮੋਢੇ ਨਾਲ ਮੋਢਾ ਲਗਾ ਕੇ ਖੜਨਗੇ ਪਰ ਮਿੰਟਾਂ ਵਿੱਚ ਹੀ ਅੱਖਾ ਫੇਰ ਜਾਂਦੇ ਹਨ। ਜਿਹੜੇ ਪੱਗ ਵਟਾਉਣ ਸਮੇਂ ਕਹਿੰਦੇ ਸਨ ਕਿ ਅਸੀਂ ਤੇਰੇ ਲਈ ਮਰ-ਮਿੱਟਾਂਗੇ ਪਰ ਲੋੜ ਪੈਣ ਤੇ ਇੱਕ ਮਿੰਟ ਦੀ ਪ੍ਰਵਾਹ ਕੀਤੇ ਬਿਨ੍ਹਾ ਆਪਣੇ ਸੱਜਣ-ਬੇਲੀ ਦੀ ਵਟਾਈ ਪੱਗ ਨਾਲ ਹੀ ਗਲਾ ਘੋਟ ਕੇ ਮਾਰ ਦਿੰਦੇ ਹਨ ਕਿਓਕਿ ਜਦੋਂ ਤੱਕ ਸੱਚਾ ਮਿੱਤਰ ਉਸਦੀਆਂ ਲੋੜਾਂ ਪੂਰਦਾ ਰਹਿੰਦਾ ਹੈ ਉਦੋਂ ਤੱਕ ਹੀ ਯਾਰੀ ਰੱਖਦੇ ਹਨ ਅਤੇ ਸਕੇ ਭੈਣ-ਭਰਾਵਾਂ ਵਿੱਚ ਖਾਰ ਪਾਉਣ ਲਈ ਜਿਨੀ ਵਾਹ ਪੁਗਦੀ ਹੈ ਪੁਗਾਉਂਦੇ ਹਨ। ਇਸ ਪ੍ਰਕਾਰ ਸਾਨੂੰ ਅਜਿਹੇ ਮਤਲਬੀ ਯਾਰਾਂ ਕੋਲੋਂ ਬਚ ਕੇ ਰਹਿਣਾ ਚਾਹੀਦਾ ਹੈ ਜੋ ਸਿਰਫ਼ ਸ਼ਰਾਬ ਦੇ ਇੱਕ ਪਿਆਲੇ ਤੱਕ ਹੀ ਸੀਮਿਤ ਹੁੰਦੇ ਹਨ ਅਜਿਹੇ ਦੋਸਤਾਂ ਨਾਲੋਂ ਵਿਅਕਤੀ ਇਕੱਲਾ ਚੰਗਾ। ਸੋ ਇਸ ਪ੍ਰਕਾਰ ਇਕ ਸਾਇਰ ਬੜਾ ਸੋਹਣਾ ਲਿਖਦਾ ਹੈ :-
ਮੈਨੂੰ ਤਾਂ ਮੇਰੇ ਦੋਸਤਾਂ ਇੱਕ ਗਮ ਨੇ ਮਾਰਿਆ
ਝੂਠੀ ਤੇਰੀ ਦੋਸਤੀ ਦੇ ਦਮ ਨੇ ਮਾਰਿਆ
ਸੋ ਲੋੜ ਹੈ ਸਮਝਣ ਦੀ ਕਿਓਕਿ ਅੱਜ ਦੇ ਇੱਸ ਅਜੌਕੇ ਸਮੇਂ ਵਿੱਚ ਸੱਚਾ ਮਿੱਤਰ ਮਿਲਣਾ ਇੱਕ ਰੱਬ ਦੇ ਮਿਲਣ ਦੇ ਬਰਾਬਰ ਹੈ। ਲੋੜ ਹੈ ਰਿਸ਼ਤੇ ਅੰਦਰ ਵਫਾਦਾਰੀ ਅਤੇ ਪਿਆਰ ਦੀ ਕਿਓਕੀ ਅਜਿਹੇ ਸੱਚੇ ਮਿੱਤਰ ਜੋ ਕਿ ਕਿਸੇ ਲੋਭ, ਲਾਲਚ, ਜਰੂਰਤ ਦੇ ਮੁਹਤਾਜ ਨਹੀਂ ਹੁੰਦੇ ਸਾਨੂੰ ਅਜਿਹੇ ਮਿੱਤਰ ਸਾਂਭ ਕੇ ਰੱਖਣ ਚਾਹੀਦੇ ਹਨ ਜੋ ਕਿ ਇਸ ਮਤਲਬੀ ਦੁਨੀਆ ਅੰਦਰ ਹਨੇਰੇ ਵਿੱਚ ਉਸ ਦੀਵੇ ਦੀ ਤੇਜ਼ ਰੋਸ਼ਨੀ ਵਾਂਗ ਚਾਨਣ ਫੈਲਾਉਂਦੇ ਹਨ ਜੋ ਕਿ ਸਾਡੀਆ ਹਰ ਦੁੱਖ ਤਕਲੀਫਾਂ ਨੂੰ ਆਪਣੇ ਪਿਆਰ, ਸੁਨੇਹ ਨਾਲ ਮਿੰਟਾਂ ਵਿੱਚ ਦੂਰ ਕਰ ਦਿੰਦੇ ਹਨ ਜ਼ਿੰਦਗੀ ਦੇ ਚਲਦੇ ਸਫ਼ਰ ਵਿੱਚ ਜੇਕਰ ਇੱਕ ਚੰਗਾ ਮਿੱਤਰ ਨਾਲ ਹੋਵੇ ਤਾਂ ਜਿੰਦਗੀ ਜਿਓਣ ਦਾ ਅਨੰਦ ਹੀ ਕੁਝ ਹੋਰ ਹੁੰਦਾ ਹੈ।