ਅੰਮ੍ਰਿਤਸਰ- ਸ਼੍ਰੋਮਣੀ ਕਮੇਟੀ ਦੇ ਸਕੱਤਰ ਵਜੋਂ ਸਰਵਿਸ ਦੀ ਮਿਆਦ ਪੂਰੀ ਹੋ ਜਾਣ ’ਤੇ ਸ. ਹਰਬੇਅੰਤ ਸਿੰਘ ਨੂੰ ਰਿਟਾਇਰ ਕਰਦਿਆਂ ਸਿੱਖ ਜਗਤ ਦੀ ਸਿਰਮੌਰ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਉਨ੍ਹਾਂ ਦੀ ਥਾਂ ਪੁਰ ਸ. ਦਲਮੇਘ ਸਿੰਘ ਖਟੜਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧਕੀ ਸਕੱਤਰ (ਸੈਕਸ਼ਨ 85, ਅਮਲਾ ਤੇ ਹੋਰ ਪ੍ਰਬੰਧਕੀ ਮਾਮਲੇ) ਅਤੇ ਸ. ਜੋਗਿੰਦਰ ਸਿੰਘ ਅਦਲੀਵਾਲ ਨੂੰ ਪ੍ਰਮੋਟ ਕਰਦਿਆਂ ਸਕੱਤਰ (ਟਰੱਸਟ, ਐਜੂਕੇਸ਼ਨ ਅਤੇ ਕੰਸਟਰਕਸ਼ਨ) ਲਾਇਆ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਮ.ਏ. (ਰਾਜਨੀਤਕ ਸ਼ਾਸ਼ਤਰ) ਪਾਸ ਇਕ ਕੁਸ਼ਲ ਪ੍ਰਬੰਧਕ ਵਜੋਂ ਸ. ਦਲਮੇਘ ਸਿੰਘ ਮਹੱਤਵਪੂਰਨ ਔਹਦਿਆਂ ’ਤੇ ਸੇਵਾ ਨਿਭਾ ਚੁੱਕੇ ਹਨ। ਇਸ ਤੋਂ ਪਹਿਲਾਂ ਸਕੱਤਰ (ਐਜੂਕੇਸ਼ਨ) ਵਜੋਂ ਸੇਵਾ ਨਿਭਾ ਰਹੇ ਸਨ। ਅਪ੍ਰੈਲ 1957 ’ਚ ਖੰਨਾ ਦੇ ਨਜ਼ਦੀਕ ਖੱਟੜਾ ਪਿੰਡ ਦੇ ਜੰਮਪਲ ਸ. ਦਲਮੇਘ ਸਿੰਘ ਵਿਦਿਆਰਥੀ ਜੀਵਨ ਸਮੇਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਰਹੇ ਅਤੇ 1980 ’ਚ ਗੁਰਦੁਆਰਾ ਮੇਰਠ ਦੇ ਮੋਰਚੇ ਸਮੇਂ ਜੇਲ ਯਾਤਰਾ ਵੀ ਕਰ ਚੁੱਕੇ ਹਨ। ਜੂਨ 1980 ’ਚ ਬਤੌਰ ਗੁਰਦੁਆਰਾ ਇੰਸਪੈਕਟਰ ਵਜੋਂ ਸ਼੍ਰੋਮਣੀ ਕਮੇਟੀ ’ਚ ਭਰਤੀ ਹੋਏ ਅਤੇ ਨਿੱਤ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹਿਆ, 1989 ’ਚ ਚੀਫ ਗੁਰਦੁਆਰਾ ਇੰਸਪੈਕਟਰ ਅਤੇ 1991 ’ਚ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਵਰਗਵਾਸੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਨਿੱਜੀ ਸਹਾਇਕ, 1996 ’ਚ ਐਡੀਸ਼ਨਲ ਸਕੱਤਰ ਪ੍ਰਮੋਟ ਹੋਏ ਅਤੇ 2004 ਤੋਂ ਬਤੌਰ ਸਕੱਤਰ ਸੇਵਾਵਾਂ ਨਿਭਾ ਰਹੇ ਹਨ।
ਖਾਲਸਾ ਕਾਲਜ ਅੰਮ੍ਰਿਤਸਰ ਤੋਂ ਐਮ.ਏ. (ਅੰਗਰੇਜ਼ੀ) ਪਾਸ ਸ. ਜੋਗਿੰਦਰ ਸਿੰਘ ਅਦਲੀਵਾਲ 1978 ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਚ ਬਤੌਰ ਕਲਰਕ ਭਰਤੀ ਹੋਏ ਅਤੇ ਆਪਣੀ ਕਾਬਲੀਅਤ ਨਾਲ ਉਨ੍ਹਾਂ ਪਬਲੀਸਿਟੀ ਵਿਭਾਗ ਦੇ ਇੰਚਾਰਜ, ਗੋਲਡਨ ਆਫਸੈਟ ਪ੍ਰੈਸ ਦੇ ਮੈਨੇਜਰ, ਮੀਤ ਸਕੱਤਰ ਐਜੂਕੇਸ਼ਨ ਅਤੇ ਸੈਕਸ਼ਨ 85 ਦੇ ਐਡੀ: ਸਕੱਤਰ ਵਰਗੇ ਅਹਿਮ ਔਹੁਦਿਆਂ ’ਤੇ ਬਾਖੂਬੀ ਸੇਵਾਵਾਂ ਨਿਭਾਈਆਂ ਹਨ ਅਤੇ ਅੱਜ ਉਨ੍ਹਾਂ ਨੂੰ ਬਤੌਰ ਸਕੱਤਰ ਪ੍ਰਮੋਟ ਕਰਦਿਆਂ ਸ਼੍ਰੋਮਣੀ ਕਮੇਟੀ ਦੀਆਂ ਵਿੱਦਿਅਕ ਸੰਸਥਾਵਾਂ, ਟਰੱਸਟ ਅਤੇ ਇਮਾਰਤ ਉਸਾਰੀਆਂ ਦਾ ਕਾਰਜਭਾਰ ਸੌਂਪਿਆ ਗਿਆ ਹੈ।
ਸ. ਦਲਮੇਘ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਖਾਲਸਾ ਪੰਥ ਦੀ ਤੀਜੀ ਸ਼ਤਾਬਦੀ ਅਤੇ ਗੁਰੂ ਸਾਹਿਬਾਨ ਦੀਆਂ ਹੋਰ ਵੱਖ-ਵੱਖ ਸ਼ਤਾਬਦੀਆਂ ਜੋ ਸੰਸਾਰ ਪੱਧਰ ’ਤੇ ਮਨਾਈਆਂ ਗਈਆਂ ਜਿਸ ਵਿਚ ਇਕ ਕੁਸ਼ਲ ਪ੍ਰਬੰਧਕ ਵਜੋਂ ਅਹਿਮ ਭੂਮਿਕਾ ਨਿਭਾਈ ਅਤੇ ਇਸ ਮੌਕੇ ਸਕੱਤਰ (ਵਿੱਦਿਆ) ਵਜੋਂ ਸੇਵਾਵਾਂ ਨਿਭਾ ਰਹੇ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਸਿਕ ਪਰਚੇ ਗੁਰਦੁਆਰਾ ਗਜ਼ਟ ਅਤੇ ਗੁਰਮਤਿ ਗਿਆਨ (ਹਿੰਦੀ) ਦੇ ਸੰਪਾਦਕ ਸ. ਦਲਮੇਘ ਸਿੰਘ ਦੇਸ਼-ਵਿਦੇਸ਼ਾਂ ’ਚ ਵੱਖ-ਵੱਖ ਸੈਮੀਨਾਰਾਂ ਤੇ ਕਾਨਫਰੰਸਾਂ ’ਚ ਸ਼ਮੂਲੀਅਤ ਕਰ ਚੁੱਕੇ ਹਨ। ਬਹੁਤ ਹੀ ਮਿਲਣਸਾਰ ਸ. ਦਲਮੇਘ ਸਿੰਘ ਖਟੜਾ ਤੇ ਸ. ਜੋਗਿੰਦਰ ਸਿੰਘ ਅਦਲੀਵਾਲ ਦਾ ਸਮਾਜਿਕ ਮੇਲਜ਼ੋਲ ਦਾ ਵਿਸ਼ਾਲ ਦਾਇਰਾ ਹੈ। ਮੌਜੂਦਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਉਨ੍ਹਾਂ ਦੀ ਪ੍ਰਤਿਬਾ ਨੂੰ ਪਛਾਣਦਿਆਂ ਸਿੱਖ ਜਗਤ ਦੀ ਸਿਰਮੌਰ ਸੰਸਥਾ ਦੇ ਸਕੱਤਰ ਵਜੋਂ ਸੇਵਾਵਾਂ ਸੌਂਪੀਆਂ ਹਨ। ਸ. ਦਲਮੇਘ ਸਿੰਘ ਖਟੜਾ ਅਤੇ ਸ. ਜੋਗਿੰਦਰ ਸਿੰਘ ਅਦਲੀਵਾਲ ਨੇ ਅੱਜ ਆਪਣਾ ਕਾਰਜਭਾਰ ਸੰਭਾਲ ਲਿਆ ਹੈ।