ਅੰਮ੍ਰਿਤਸਰ – ਭਾਜਪਾ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਮੁਹਾਲੀ ਵਿਖੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ‘ਤੇ ਹੋਏ ਹਮਲੇ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ ਹੈ, ਉੱਥੇ ਹੀ ਅਕਾਲੀ ਦਲ (ਬਾਦਲ) ਨੂੰ ਸਵੈ ਪੜਚੋਲ ਕਰਨ ਲਈ ਕਿਹਾ ਹੈ, ਕਿ ਹਮਲਾ ਕਿਉਂ ਹੋਇਆ ਅਤੇ ਅਜਿਹੀ ਮੰਦਭਾਗੀਆਂ ਘਟਨਾਵਾਂ ਕਿਉਂ ਵਾਪਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖ ਕੌਮ ਦੀ ਇਕ ਗੌਰਵਸ਼ਾਲੀ ਤੇ ਵਕਾਰੀ ਸੰਸਥਾ ਹੈ, ਇਸ ਦੇ ਪ੍ਰਧਾਨ ਦੀ ਗੱਡੀ ’ਤੇ ਕਿਸੇ ਵੀ ਹਾਲਤ ਵਿਚ ਪਥਰਾਅ ਜਾਂ ਹਮਲਾ ਨਹੀਂ ਸੀ ਕੀਤਾ ਜਾਣਾ ਚਾਹੀਦਾ। ਉਨ੍ਹਾਂ ਮੋਰਚੇ ’ਚ ਸ਼ਾਮਿਲ ਸ਼ਰਾਰਤੀ ਅਨਸਰਾਂ ਨੂੰ ਕਾਬੂ ’ਚ ਨਾ ਰੱਖ ਸਕਣ ਲਈ ਮੋਰਚੇ ਦੇ ਆਗੂਆਂ ਅਤੇ ਪ੍ਰਸ਼ਾਸਨ ਨੂੰ ਵੀ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀਆਂ ਕੀਤੀਆਂ ਸ਼੍ਰੋਮਣੀ ਕਮੇਟੀ ਅੱਗੇ ਆ ਰਹੀਆਂ ਹਨ। ਅਕਾਲੀ ਦਲ ਅਤੇ ਇਸ ਦੀ ਲੀਡਰਸ਼ਿਪ ਨੂੰ ਆਪਣੀਆਂ ਜੜ੍ਹਾਂ ਵਲ ਪਰਤਣ ਤੋਂ ਪਹਿਲਾਂ ਸਿੱਖੀ ਸਿਧਾਂਤ ’ਤੇ ਮਜ਼ਬੂਤੀ ਤੇ ਦ੍ਰਿੜ੍ਹਤਾ ਨਾਲ ਪਹਿਰਾ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਾਰੋਬਾਰੀ ਅਤੇ ਨਿੱਜੀ ਸਿਆਸੀ ਹਿਤਾਂ ਨੂੰ ਪੰਥਕ ਅਤੇ ਲੋਕ ਹਿਤਾਂ ਤੋਂ ਉੱਪਰ ਰੱਖਣ ਕਰਕੇ ਹੀ ਅਕਾਲੀ ਦਲ ਆਪਣੀ ਜ਼ਮੀਨ ਗੁਵਾ ਬੈਠਾ ਹੈ । ਪੰਥ ਅਤੇ ਪੰਜਾਬ ਪ੍ਰਤੀ ਸੁਹਿਰਦਤਾ ਦੀ ਅਣਹੋਂਦ ਵਿਚ ਅਕਾਲੀ ਦਲ ਵੱਲੋਂ ਆਪਣੀ ਸ਼ਾਖ਼ ਮੁੜ ਬਹਾਲ ਕਰਨ ਲਈ ਅਪਣਾਈ ਜਾ ਰਹੀ ਰਣਨੀਤੀ ਸ਼੍ਰੋਮਣੀ ਕਮੇਟੀ ਦੇ ਅਕਸ ਨੂੰ ਹੀ ਹੋਰ ਠੇਸ ਪਹੁੰਚਾ ਰਹੀ ਹੈ। ਉਨ੍ਹਾਂ ਕਿਹਾ ਕਿ ਬਾਦਲਕਿਆਂ ਨੂੰ ਅੰਤਰ ਝਾਤ ਮਾਰਦਿਆਂ ਆਪਣੀਆਂ ਗ਼ਲਤੀਆਂ ਤੇ ਗੁਨਾਹਾਂ ਲਈ ਦਿਲੋਂ ਪਛਤਾਵਾ ਕਰਨਾ ਚਾਹੀਦਾ ਹੈ, ਨਾ ਕਿ ਦਿਖਾਵਾ ਕਰਨਾ ਚਾਹੀਦਾ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ’ਤੇ ਹਮਲਾ ਮੰਦਭਾਗਾ, ਅਕਾਲੀ ਲੀਡਰਸ਼ਿਪ ਸਵੈ ਪੜਚੋਲ ਕਰੇ: ਪ੍ਰੋ: ਸਰਚਾਂਦ ਸਿੰਘ ਖਿਆਲਾ
This entry was posted in ਪੰਜਾਬ.