ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੂੰ ਏਮਜ਼ ਹਸਪਤਾਲ ਨੇੜੇ ਬੀਤੀ ਦੇਰ ਰਾਤ ਸ਼ਰਾਬੀ ਕਾਰ ਚਾਲਕ ਵਲੋਂ ਦੁਰਵਿਵਹਾਰ ਉਪਰੰਤ ਉਸ ਨੂੰ 15 ਮੀਟਰ ਤੱਕ ਖਿੱਚ ਕੇ ਲੈ ਗਿਆ। ਇਸ ਘਟਨਾ ਸਬੰਧੀ ਸਵਾਤੀ ਮਾਲੀਵਾਲ ਨੇ ਕਿਹਾ ਕਿ ਅੰਜਲੀ ਵਰਗਾ ਹਾਦਸਾ ਉਸ ਨਾਲ ਹੋਣ ਵਾਲਾ ਸੀ। ਉਹ ਕੋਈ ਹੋਰ ਅੰਜਲੀ ਹੋ ਸਕਦੀ ਸੀ।
ਸਵਾਤੀ ਮਾਲੀਵਾਲ ਦਿੱਲੀ ਦੀਆਂ ਸੜਕਾਂ ‘ਤੇ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਅਸਲੀਅਤ ਚੈੱਕ ਕਰਨ ਲਈ ਨਿਕਲੀ ਸੀ। ਇਸ ਦੌਰਾਨ ਉਸ ਨਾਲ ਦੁਰਵਿਵਹਾਰ ਕੀਤਾ ਗਿਆ ਅਤੇ ਕਾਰ ਤੋਂ ਘਸੀਟਿਆ ਗਿਆ। ਇਸ ਮਾਮਲੇ ਵਿੱਚ ਪੁਲੀਸ ਨੇ ਮੁਲਜ਼ਮ ਹਰੀਸ਼ ਚੰਦਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਸਵਾਤੀ ਮਾਲੀਵਾਲ ਨੇ ਦੱਸਿਆ ਕਿ ਜਦੋਂ ਉਹ ਦਿੱਲੀ ਦੀਆਂ ਸੜਕਾਂ ‘ਤੇ ਔਰਤਾਂ ਦੀ ਸੁਰੱਖਿਆ ਦੀ ਸਥਿਤੀ ਦਾ ਜਾਇਜ਼ਾ ਲੈ ਰਹੀ ਸੀ। ਇੱਕ ਸ਼ਰਾਬੀ ਕਾਰ ਚਾਲਕ ਉਸ ਕੋਲ ਆਇਆ ਅਤੇ ਉਸ ਨੂੰ ਆਪਣੀ ਕਾਰ ਵਿੱਚ ਬੈਠਣ ਦੀ ਜ਼ਿੱਦ ਕਰਨ ਲੱਗਾ। ਜਦੋਂ ਸਵਾਤੀ ਨੇ ਮਨ੍ਹਾ ਕੀਤਾ ਤਾਂ ਉਹ ਕਾਰ ਲੈ ਕੇ ਅੱਗੇ ਚਲੀ ਗਈ, ਪਰ 10 ਮਿੰਟ ਬਾਅਦ ਫਿਰ ਯੂ-ਟਰਨ ਲੈ ਕੇ ਨਾਲ-ਨਾਲ ਚੱਲਣ ਲੱਗੀ।
ਸਵਾਤੀ ਮਾਲੀਵਾਲ ਮੁਤਾਬਕ ਇਸ ਤੋਂ ਬਾਅਦ ਉਸ ਨੇ ਉਸ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ, ਗੰਦੇ ਇਸ਼ਾਰੇ ਕਰਨੇ ਸ਼ੁਰੂ ਕਰ ਦਿੱਤੇ। ਜਦੋਂ ਸਵਾਤੀ ਉਸ ਨੂੰ ਫੜਨ ਲਈ ਅੱਗੇ ਵਧੀ ਤਾਂ ਉਸ ਨੇ ਕਾਰ ਦੀਆਂ ਖਿੜਕੀਆਂ ਬੰਦ ਕਰ ਦਿੱਤੀਆਂ। ਇਸ ਦੌਰਾਨ ਸਵਾਤੀ ਦਾ ਹੱਥ ਸ਼ੀਸ਼ੇ ‘ਚ ਫਸ ਗਿਆ ਪਰ ਦੋਸ਼ੀ ਨਹੀਂ ਰੁਕਿਆ। ਉਹ ਸਵਾਤੀ ਨੂੰ ਕਰੀਬ 15 ਮੀਟਰ ਤੱਕ ਘਸੀਟਦਾ ਰਿਹਾ।