ਬਲਾਚੌਰ, (ਉਮੇਸ਼ ਜੋਸ਼ੀ) -: ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਸਮੇਂ ਸਿਰ ਕਾਰਵਾਈ ਕਰਦਿਆਂ ਸਬ-ਡਵੀਜ਼ਨਲ ਮੈਜਿਸਟ੍ਰੇਟ ਬਲਾਚੌਰ ਵਿਕਰਮਜੀਤ ਪਾਂਥੇ ਦੀ ਮੱਦਦ ਨਾਲ ਇੱਕ 12 ਸਾਲ ਦੀ ਉਮਰ ਦੀ ਬੱਚੀ ਦੇ ਵਿਆਹ ਨੂੰ ਰੋਕਣ ਵਿੱਚ ਸਫ਼ਲਤਾ ਹਾਸਲ ਕੀਤੀ ਗਈ।ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਕੰਚਨ ਅਰੋੜਾ ਅਨੁਸਾਰ ਉਨ੍ਹਾਂ ਦੇ ਦਫ਼ਤਰ ’ਚ ਫ਼ੋਨ ’ਤੇ ਪ੍ਰਾਪਤ ਹੋਈ ਉਕਤ ਬਾਲ ਵਿਆਹ ਸਬੰਧੀ ਸੂਚਨਾ ਨੂੰ ਤੁਰੰਤ ਐਸ ਡੀ ਐਮ ਬਲਾਚੌਰ ਨਾਲ ਸਾਂਝਾ ਕਰਨ ’ਤੇ ਉਨ੍ਹਾਂ ਵੱਲੋਂ ਤੁਰੰਤ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਦੀ ਸਮੂਚੀ ਟੀਮ ਦੇ ਨਾਲ ਆਂਗਨਵਾੜੀ ਵਰਕਰ ਸਰਬਜੀਤ ਕੌਰ, ਸੁਪਰਵਾਈਜ਼ਰ ਸ੍ਰੀਮਤੀ ਅੰਜਲੀ, ਦਫ਼ਤਰ ਬਾਲ ਪ੍ਰਾਜੈਕਟ ਵਿਕਾਸ ਅਫ਼ਸਰ ਬਲਾਚੌਰ ਅਤੇ ਪੁਲਿਸ ਮੁਲਾਜ਼ਮਾਂ ਨੂੰ ਮੌਕੇ ’ਤੇ ਭੇਜਿਆ ਗਿਆ। ਇਸ ਟੀਮ ਵੱਲੋਂ ਮੌਕੇ ’ਤੇ ਜਾ ਕੇ ਪਾਇਆ ਗਿਆ ਕਿ ਇੱਕ ਨਾਬਾਲਗ਼ ਬੱਚੀ ਦਾ ਵਿਆਹ ਇੱਕ 20 ਸਾਲਾਂ ਦੇ ਲੜਕੇ (ਜੋ ਕਿ ਮੌਕੇ ’ਤੇ ਮੌਜੂਦ ਨਹੀਂ ਸੀ), ਨਾਲ ਨੈਣਾ ਦੇਵੀ ਜਾ ਕੇ ਕੀਤਾ ਜਾਣਾ ਸੀ।
ਟੀਮ ਵੱਲੋਂ ਮੌਕੇ ’ਤੇ ਦੋਹਾਂ ਬੱਚਿਆਂ ਦੇ ਮਾਂ-ਪਿਉ ਦੀ ਕਾਉਂਸਲਿੰਗ ਕੀਤੀ ਗਈ ਅਤੇ ਸਰਕਾਰ ਵੱਲੋਂ ਤੈਅ ਨਿਯਮਾਂ ਦੀ ਰੌਸ਼ਨੀ ’ਚ ਇਹ ਬਾਲ ਵਿਆਹ ਨਹੀਂ ਹੋ ਸਕਦਾ, ਜਿਸ ’ਤੇ ਦੋਵਾਂ ਪਰਿਵਾਰਾਂ ਵੱਲੋਂ ਵਿਆਹ ਨਾ ਕਰਵਾਉਂਣ ਸਬੰਧੀ ਸਹਿਮਤੀ ਦਿੱਤੀ ਗਈ ਅਤੇ ਦੋਹਾਂ ਬੱਚਿਆ ਦੇ ਵਿਆਹ ਨੂੰ ਰੋਕਿਆ ਗਿਆ। ਉਪਰੰਤ ਦੋਵਾਂ ਬੱਚਿਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋੲ ਬੱਚੀ ਨੂੰ ਬਾਲ ਭਲਾਈ ਕਮੇਟੀ ਦਫ਼ਤਰ, ਸ਼ਹੀਦ ਭਗਤ ਸਿੰਘ ਨਗਰ ਵਿਖੇ ਪੇਸ਼ ਕੀਤਾ ਗਿਆ ਅਤੇ ਬੱਚੀ ਦੇ ਮਾਂ-ਪਿਉ ਕੋਲ ਬੱਚੀ ਸਬੰਧੀ ਕੋਈ ਦਸਤਾਵੇਜ਼ ਨਾ ਹੋਣ ਕਾਰਨ ਅਤੇ ਬੱਚੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ, ਕਮੇਟੀ ਦੇ ਹੁਕਮਾਂ ਨਾਲ ਬੱਚੀ ਨੂੰ ਗਾਂਧੀ ਵਨੀਤਾ ਆਸ਼ਰਮ, ਜਲੰਧਰ ਵਿਖੇ ਭੇਜਿਆ ਗਿਆ।ਮੌਕੇ ’ਤੇ ਹਾਜ਼ਰ ਲੜਕੇ ਦੀ ਮਾਂ ਨੂੰ ਆਪਣੇ ਲੜਕੇ ਨੂੰ ਜਲਦ ਤੋਂ ਜਲਦ ਬਾਲ ਭਲਾਈ ਕਮੇਟੀ ਅੱਗੇ ਪੇਸ਼ ਕਰਨ ਦੀ ਹਦਾਇਤ ਕੀਤੀ ਗਈ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਕੰਚਨ ਅਰੋੜਾ ਨੇ ਦੱਸਿਆ ਕਿ 18 ਸਾਲ ਤੋ ਘੱਟ ਕਿਸੇ ਵੀ ਲੜਕੀ ਅਤੇ 21 ਸਾਲ ਤੋ ਘੱਟ ਕਿਸੇ ਵੀ ਲੜਕੇ ਦਾ ਵਿਆਹ ਕਰਵਾਉਣਾ ਕਾਨੂੰਨੀ ਜੁਰਮ ਹੈ, ਇਸ ਲਈ ਲੜਕੇ-ਲੜਕੀ ਦਾ ਕਾਨੂੰਨ ਮੁਤਾਬਿਕ ਨਿਸ਼ਚਿਤ ਕੀਤੀ ਉਮਰ ਤੋਂ ਬਾਅਦ ਹੀ ਵਿਆਹ ਕਰਵਾਉਣਾ ਕਾਨੂੰਨੀ ਤੌਰ ’ਤੇ ਜਾਇਜ਼ ਹੈ। ਅਜਿਹਾ ਨਾ ਕਰਨ ਦੀ ਹਾਲਤ ਵਿੱਚ ਬਾਲ ਵਿਆਹ ਦੀ ਮਨਾਹੀ ਐਕਟ ਤਹਿਤ ਬਾਲ ਵਿਆਹ ਕਰਵਾਉਣ ਵਾਲੇ ਵਿਅਕਤੀ ਨੂੰ 2 ਸਾਲ ਤੱਕ ਦੀ ਸਜ਼ਾ ਅਤੇ ਇੱਕ ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਉਨ੍ਹਾਂ ਲੋਕਾਂ ਖ਼ਾਸ ਕਰ ਪੰਜਾਬ ’ਚ ਦੂਜੇ ਰਾਜਾਂ ਤੋਂ ਪ੍ਰਵਾਸ ਕਰਕੇ ਆਏ ਪਰਿਵਾਰਾਂ ਨੂੰ ਆਪਣੇ ਬੱਚਿਆਂ ਦਾ ਛੋਟੀ ਉਮਰ ਵਿੱਚ ਵਿਆਹ ਕਰਨ ਦੀ ਬਜਾਏ, ਉਨ੍ਹਾਂ ਦੀ ਪੜ੍ਹਾਈ-ਲਿਖਾਈ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਤਾਂ ਜੋ ਉਨ੍ਹਾਂ ਦੇ ਉਜਵਲ ਭੱਵਿਖ ਦੀ ਸਿਰਜਨਾ ਹੋ ਸਕੇ।ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਬੱਚਿਆਂ ਨਾਲ ਹੋ ਰਹੇ ਕਿਸੀ ਵੀ ਤਰ੍ਹਾਂ ਦੇ ਸੋਸ਼ਣ ਜਾਂ ਬਾਲ ਵਿਆਹ ਦੀ ਸੂਚਨਾ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਦੇ ਦਫ਼ਤਰ ਵਿਖੇ 01823-222322 ਜਾਂ ਚਾਈਲਡ ਹੈਲਪ ਲਾਈਨ ਨੰ. 1098 ’ਤੇ ਦਿੱਤੀ ਜਾ ਸਕਦੀ ਹੈ।