ਫਤਿਹਗੜ੍ਹ ਸਾਹਿਬ :- ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆ ਦੇ 64ਵੇਂ ਜਨਮ ਦਿਹਾੜੇ ‘ਤੇ ਅੱਜ ਇੱਥੇ ਕੇਸਰੀ ਅਤੇ ਨੀਲੀਆਂ ਦਸਤਾਰਾਂ ਨਾਲ ਖਚਾਖਚ ਭਰੇ ਹੋਏ ਪੰਡਾਲ ਵਿੱਚ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੀ ਸਿੱਖ ਕੌਮ ਨੂੰ ਸੰਤ ਭਿੰਡਰਾਂਵਾਲਿਆ ਵੱਲੋ ਸਿੱਖ ਕੌਮ ਨੂੰ ਦਿੱਤੀ ਗਈ ਸੁਚੱਜੀ ਅਗਵਾਈ ਅਤੇ ਉਨ੍ਹਾ ਵੱਲੋ “ਖਾਲਿਸਤਾਨ” ਦੇ ਮਿੱਥੇ ਗਏ ਨਿਸ਼ਾਨੇ ਉੱਤੇ ਉਨ੍ਹਾ ਦੇ ਜਨਮ ਦਿਹਾੜੇ ਦੀ ਹਾਰਦਿਕ ਮੁਬਾਰਕਵਾਦ ਦਿੰਦੇ ਹੋਏ ਆਪਣੀ ਤਕਰੀਰ ਵਿੱਚ ਮੁਤੱਸਵੀ ਸੋਚ ਵਾਲੇ ਉਨ੍ਹਾ ਹਿੰਦੂ ਸੰਗਠਨਾਂ, ਜਮਾਤਾਂ ਜਾਂ ਲੋਕਾਂ ਨੂੰ “ਟੇਬਲ ਟਾਕ” ਕਰਨ ਦਾ ਖੁੱਲ੍ਹਾ ਸੱਦਾ ਦਿੱਤਾ ਜੋ ਮੰਦਭਾਵਨਾ ਅਧੀਨ ਸਿੱਖ ਕੌਮ ਨੂੰ ਅਤੇ ਖਾਲਿਸਤਾਨ ਦੇ ਨਾਮ ਨੂੰ ਗੈਰ ਦਲੀਲ ਤਰੀਕੇ ਅਜੇ ਵੀ ਬਦਨਾਮ ਕਰਨ ਤੋਂ ਬਾਜ ਨਹੀਂ ਆ ਰਹੇ ਅਤੇ 1947 ਵਿੱਚ ਵੱਡਾ ਦੁਖਾਂਤਿਕ ਨੁਕਸਾਨ ਝੱਲਣ ਉਪਰੰਤ ਵੀ ਅਜਿਹੀਆਂ ਕਾਰਵਾਈਆਂ ਕਰਕੇ ਇੱਥੋ ਦੇ ਮਾਹੌਲ ਨੂੰ ਮਨੁੱਖਤਾ ਵਿਰੋਧੀ ਅਤੇ ਵਿਸਫੋਟਕ ਬਣਾ ਰਹੇ ਹਨ। ਉਨ੍ਹਾ 1947 ਦੀ ਵੰਡ ਤੋ ਪਹਿਲੇ ਦੇ ਬਿਰਤਾਂਤ ਦਾ ਜਿਕਰ ਕਰਦੇ ਹੋਏ ਕਿਹਾ ਕਿ ਉਸ ਸਮੇ ਹਿੰਦੂ ਮਹਾਂਸਭਾ ਦੀ ਸ਼ਾਜਿਸੀ ਸੋਚ ਵਿੱਚ ਉਲਝ ਕੇ ਸਿੱਖ ਕੌਮ ਦੇ ਆਗੂ ਮਾਸਟਰ ਤਾਰਾ ਸਿੰਘ ਨੇ ਲਾਹੌਰ ਵਿਖੇ ਮੁਸਲਿਮ ਲੀਗ ਦਾ ਝੰਡਾ ਫਾੜਣ ਦੀ ਬੱਜਰ ਗੁਸਤਾਖੀ ਕਰ ਦਿੱਤੀ ਸੀ। ਜਿਸਦੀ ਬਦੌਲਤ ਹਿੰਦੂ, ਮੁਸਲਿਮ ਅਤੇ ਸਿੱਖ ਤਿੰਨੇ ਕੌਮਾਂ ਨਾਲ ਸਬੰਧਿਤ ਹਜ਼ਾਰਾਂ ਲੱਖਾਂ ਪਰਿਵਾਰਾਂ ਨੂੰ ਭੁਗਤਣਾ ਪਿਆ। ਉਸ ਸਮੇ ਦੇ ਜਖਮ ਅੱਜ ਵੀ 63 ਸਾਲਾਂ ਬਾਅਦ ਨਹੀਂ ਭਰੇ। ਉਨ੍ਹਾ ਕਿਹਾ ਕਿ ਅਸੀਂ ਜਮਹੂਰੀਅਤ ਅਤੇ ਅਮਨਮਈ ਕਦਰਾਂ ਕੀਮਤਾਂ ਦੇ ਪੈਰੋਕਾਰ ਹਾਂ। ਕਿਸੇ ਵੀ ਹਿੰਦੂ ਵੀਰ, ਆਗੂ ਜਾਂ ਸੰਗਠਨ ਨਾਲ ਸਿੱਖ ਕੌਮ ਕਿਸੇ ਗੈਰ ਤਰੀਕੇ ਉਲਝ ਕੇ ਮਨੁੱਖਤਾ ਦਾ ਘਾਣ ਕਰਨ ਅਤੇ ਨਫਰਤ ਫੈਲਾਉਣ ਦੇ ਕਦੇ ਹੱਕ ਵਿੱਚ ਨਾ ਪਹਿਲਾ ਸੀ ਅਤੇ ਨਾ ਅੱਜ ਹੈ। ਅਸੀਂ ਹਰ ਕੀਮਤ ‘ਤੇ ਪੰਜਾਬ, ਹਿਮਾਚਲ, ਹਰਿਆਣਾ, ਰਾਜਸਥਾਨ, ਜੰਮੂ ਕਸ਼ਮੀਰ ਅਤੇ ਚੰਡੀਗੜ੍ਹ ਆਦਿ ਸਿੱਖ ਵਸੋ ਵਾਲੇ ਇਲਾਕਿਆਂ ਵਿੱਚ ਅਤੇ ਸਮੁੱਚੇ ਏਸ਼ੀਆ ਖਿੱਤੇ ਵਿੱਚ ਪੁਰਅਮਨ ਅਤੇ ਜਮਹੂਰੀਅਤ ਦਾ ਬੋਲਬਾਲਾ ਚਾਹੁੰਦੇ ਹਾਂ। ਉਨ੍ਹਾ ਕਿਹਾ ਕਿ ਸਿੱਖ ਕੌਮ ਨੇ ਅੱਜ ਤੱਕ ਕਦੀ ਵੀ ਮਨੁੱਖਤਾ ਦੀ ਨਸਲਕੁਸ਼ੀ ਜਾਂ ਕਤਲੇਆਮ ਨਹੀਂ ਕੀਤਾ, ਜਦੋ ਕਿ ਹਿੰਦੂ ਅਤੇ ਮੁਸਲਿਮ ਕੌਮ ਅਜਿਹਾ ਕਰਦੇ ਆ ਰਹੇ ਹਨ। ਜੇਕਰ ਕਿਸੇ ਸਮੇ ਹਿੰਦੂ ਵੀਰਾਂ, ਸੰਗਠਨਾਂ, ਜਮਾਤਾਂ ਨੂੰ ਕਿਸੇ ਮੁੱਦੇ ਉੱਤੇ ਸਾਡੀ ਸਿੱਖ ਕੌਮ ਦੀ ਆਜ਼ਾਦੀ ਦੀ ਸੋਚ ਜਾਂ ਹੋਰ ਕਿਸੇ ਵਿਚਾਰਧਾਰਾ ਨਾਲ ਸਹਿਮਤੀ ਨਾ ਹੋਵੇ ਤਾਂ ਅਸੀਂ ਇਨ੍ਹਾ ਜਮਾਤਾਂ, ਸੰਗਠਨਾਂ ਅਤੇ ਹਿੰਦੂ ਕੌਮ ਦੇ ਲਿਆਕਤਮੰਦਾਂ (ਠਹਨਿਕ ਠਅਨਕ) ਨਾਲ ਕਿਸੇ ਵੀ ਸਮੇ ਬੈਠ ਕੇ ਦਲੀਲ ਸਹਿਤ ਵਿਚਾਰਾਂ ਕਰਨ ਤੋਂ ਕਦੀ ਵੀ ਹਿਚਕਿਚਾਹਟ ਮਹਿਸੂਸ ਨਹੀਂ ਕਰਾਂਗੇ। ਕਿਉਕਿ ਅਸੀਂ ਫਿਰ ਤੋਂ ਹਿੰਦੂ, ਸਿੱਖ ਜਾਂ ਮੁਸਲਿਮ ਆਗੂਆਂ ਦੀਆਂ ਗਲਤੀਆਂ ਕਾਰਨ ਮਨੁੱਖਤਾ ਦਾ ਕਤਲੇਆਮ ਬਿਲਕੁਲ ਨਹੀਂ ਹੋਣ ਦੇਵਾਂਗੇ।
ਉਨ੍ਹਾ ਆਪਣੀ ਤਕਰੀਰ ਦੌਰਾਨ ਹਿੰਦੂ ਹੁਕਮਰਾਨਾਂ ਦੀਆਂ ਬੇਇਨਸਾਫੀਆਂ ਦਾ ਜਿ਼ਕਰ ਕਰਦੇ ਹੋਏ ਕਿਹਾ ਕਿ 1947 ਦੀ ਵੰਡ ਸਮੇਂ ਹੁਕਮਰਾਨ ਸਿੱਖ ਕੌਮ ਨੂੰ ਤੀਜੀ ਆਜ਼ਾਦ ਧਿਰ ਨਾ ਮੰਨ ਕੇ ਸਾਨੂੰ ਉਦੋ ਹੀ ਇਹ ਸੰਦੇਸ ਦੇ ਦਿੱਤਾ ਸੀ ਕਿ ਉਨ੍ਹਾ ਨਾਲ ਕੀਤੇ ਗਏ ਕੌਲ-ਇਕਰਾਰ ਭਵਿੱਖ ਵਿੱਚ ਕਦੀ ਪੂਰੇ ਨਹੀਂ ਹੋਣਗੇ। ਅੱਜ ਸਥਿਤੀ ਸਾਹਮਣੇ ਹੈ ਕਿ ਹਰ ਖੇਤਰ ਵਿੱਚ ਹਿੰਦੂ ਹੁਕਮਰਾਨ ਸਿੱਖ ਕੌਮ ਨਾਲ ਜ਼ੋਰ ਜ਼ਬਰ ਅਤੇ ਵਧੀਕੀਆਂ ਕਰ ਰਹੇ ਹਨ। ਇਸ ਮੁਲਕ ਵਿੱਚ ਸਿੱਖ ਕੌਮ ਦੀ ਕੋਈ ਵੀ ਪਹਿਚਾਣ, ਸਤਿਕਾਰ ਅਤੇ ਸਟੇਟਸ ਨਹੀਂ ਹੈ। ਸ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਅਤੇ ਸ਼੍ਰੀ ਅਵਤਾਰ ਸਿੰਘ ਮੱਕੜ੍ਹ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਆ ਰਹੇ ਤਾਜ਼ਾ ਬਿਆਨ ਕਿ ਸੈਟਰ ਹਕੂਮਤਾਂ ਨੇ ਸਿੱਖ ਕੌਮ ਦੇ ਇੱਕ ਵੀ ਮਸਲੇ ਨੂੰ ਹੱਲ ਨਹੀਂ ਕੀਤਾ, ਇਸ ਸੱਚਾਈ ਨੂੰ ਖੁਦ ਪ੍ਰਗਟਾ ਰਹੇ ਹਨ। ਉਨ੍ਹਾ ਕਿਹਾ ਕਿ ਸਾਡੇ ਉੱਤੇ ਅੱਜ ਵੀ ਹਿੰਦੂ ਮੈਰਿਜ ਐਕਟ ਅਤੇ ਹਿੰਦੂ ਕੋਡ ਬਿਲ ਨੂੰ ਜ਼ਬਰੀ ਠੋਸਿਆ ਜਾ ਰਿਹਾ ਹੈ। ਵਿਧਾਨ ਦੀ ਧਾਰਾ 25 ਰਾਹੀਂ ਸਿੱਖ ਕੌਮ ਨੂੰ ਹਿੰਦੂ ਮਜ਼੍ਹਬ ਦਾ ਇੱਕ ਹਿੱਸਾ ਗਰਦਾਨ ਕੇ ਸਿੱਖ ਕੌਮ ਦੀ “ਵੱਖਰੀ ਪਹਿਚਾਣ” ਨੂੰ ਪ੍ਰਵਾਨ ਕਰਨ ਤੋਂ ਇਹ ਹੁਕਮਰਾਨ ਇਨਕਾਰੀ ਹਨ। ਇਸ ਹਿੰਦੂਤਵ ਹਕੂਮਤ ਨੇ ਸਿੱਖ ਕੌਮ ਦੀ ਨਸਲਕੁਸੀ ਅਤੇ ਕਤਲੇਆਮ ਕੀਤਾ। ਕਾਲੀਆਂ ਸੂਚੀਆਂ ਬਣਾ ਕੇ ਜਲੀਲ ਕੀਤਾ ਜਾ ਰਿਹਾ ਹੈ। ਅਨੰਦ ਮੈਰਿਜ ਐਕਟ 1909 ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਸਿੱਖ ਕੌਮ ਦੇ ਕਾਤਿਲ ਦੋਸ਼ੀ ਸਿਆਸਤਦਾਨਾਂ ਅਤੇ ਅਫਸਰਸ਼ਾਹੀ ਵਿੱਚੋ ਕਿਸੇ ਇੱਕ ਨੂੰ ਵੀ ਕਾਨੂੰਨ ਅਨੁਸਾਰ ਸਜ਼੍ਹਾ ਨਹੀਂ ਦਿੱਤੀ ਗਈ, ਜਦੋ ਕਿ ਸਿੱਖ ਨੌਜਵਾਨਾਂ ਨੂੰ ਬਿਨ੍ਹਾ ਟਰਾਇਲਾਂ ਤੋਂ ਲੰਮੇ ਸਮੇ ਤੋ ਜ਼ੇਲਾਂ ਵਿੱਚ ਬੰਦੀ ਬਣਾਇਆ ਹੋਇਆ ਹੈ। ਹੱਕ-ਸੱਚ ਅਤੇ ਆਜ਼ਾਦੀ ਦੀ ਗੱਲ ਕਰਨ ਵਾਲੀ ਨੌਜਵਾਨੀ ਉੱਤੇ ਦੇਸ਼ ਧਰੋਹੀ ਦੇ ਕੇਸ ਦਰਜ ਕੀਤੇ ਜਾ ਰਹੇ ਹਨ। 30 ਅਗਸਤ 2009 ਨੂੰ ਮਿਆਦ ਖਤਮ ਹੋ ਚੁੱਕੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੀ ਨਹੀਂ ਕਰਵਾਈਆਂ ਜਾ ਰਹੀਆਂ। 22 ਜਨਵਰੀ 2011 ਨੂੰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਅਸਥਾਨ ‘ਤੇ ਹਿੰਦੂ ਝੰਡੇ ਲਹਿਰਾਉਣ ਅਤੇ ਹਰ ਹਰ ਮਹਾਦੇਵ ਦੇ ਨਾਅਰੇ ਲਗਾਉਣ ਲਈ ਬਾਦਲ ਦੀ ਹਕੂਮਤ ਸਿੱਧੇ ਤੌਰ ‘ਤੇ ਦੋਸ਼ੀ ਹੈ। ਬਾਦਲ ਦੀ ਹਕੂਮਤ ਫਿਰਕੂ ਜਮਾਤਾਂ ਦੀ ਗੁਲਾਮੀ ਨੂੰ ਪ੍ਰਵਾਨ ਕਰ ਚੁੱਕੀ ਹੈ। ਇਹੀ ਕਾਰਨ ਹੈ ਕਿ ਇਸ ਰਵਾਇਤੀ ਸਿੱਖ ਲੀਡਰਸਿਪ ਨੇ ਸਿੱਖ ਕੌਮ ਦੀ ਵੱਖਰੀ ਪਹਿਚਾਣ ਨੂੰ ਖਤਮ ਕਰ ਦਿੱਤਾ ਹੈ। ਜਦੋ ਇੱਥੋ ਦੀ ਸੁਪਰੀਮ ਕੋਰਟ ਅਤੇ ਹਾਈਕੋਰਟ ਨੇ ਖਾਲਿਸਤਾਨ ਦੇ ਹੱਕ ਵਿੱਚ ਫੈਸਲੇ ਲਿਖ ਦਿੱਤੇ ਹਨ ਤਾਂ ਇਸਦੇ ਬਾਵਜੂਦ ਵੀ ਸਿੱਖ ਕੌਮ ਵੱਲੋ ਲਗਾਏ ਗਏ ਹੋਰਡਿੰਗਾਂ, ਪੋਸਟਰਾਂ, ਬੈਨਰਾਂ ਨੂੰ ਗੈਰ ਕਾਨੂੰਨੀ ਤਰੀਕੇ ਫਾੜਣ ਅਤੇ ਸਿੱਖ ਕੌਮ ਦੇ “ਨਾਇਕਾਂ” ਵਿਰੁੱਧ ਅਪਮਾਨਜਨਕ ਸ਼ਬਦਾਂ ਦੀ ਵਰਤੋ ਕਰਨ ਦੀਆਂ ਕਾਰਵਾਈਆਂ ਕਰਕੇ ਸਿੱਖ ਜ਼ਜਬਾਤਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ। ਸ: ਮਾਨ ਨੇ ਆਪਣੀ ਤਕਰੀਰ ਨੂੰ ਸਮੇਟਦੇ ਹੋਏ ਕਿਹਾ ਕਿ ਅਸੀਂ ਫਿਰ ਵੀ ਆਪਣੇ ਗੁਰੂ ਸਾਹਿਬਾਨ ਜੀ ਵੱਲੋ ਬਖਸਿਸ ਕੀਤੀ ਗਈ ਮਨੁੱਖਤਾ ਪੱਖੀ ਸੋਚ ‘ਤੇ ਪਹਿਰਾ ਦਿੰਦੇ ਹੋਏ ਇਨ੍ਹਾ ਹਿੰਦੂ ਮੁਤੱਸਵੀ ਸੰਗਠਨਾਂ ਨੂੰ “ਟੇਬਲ-ਟਾਕ” ਕਰਨ ਦਾ ਖੁੱਲ੍ਹਾ ਸੱਦਾ ਦਿੰਦੇ ਹਾਂ ਤਾਂ ਜੋ ਉੱਠੇ ਕਿਸੇ ਵਖਰੇਵੇ ਨੂੰ ਦਲੀਲ ਸਹਿਤ ਹੱਲ ਕਰਕੇ ਮਨੁੱਖਤਾ ਦਾ ਅਜਾਈਂ ਖੂਨ ਵਹਾਉਣ ਤੋ ਬਚਾਇਆ ਜਾ ਸਕੇ ਅਤੇ ਹਿੰਦੂ ਕੌਮ ਵੀ ਆਪਣੇ ਹੋਣ ਵਾਲੇ ਨੁਕਸਾਨ ਤੋ ਬੱਚ ਸਕੇ। ਉਨ੍ਹਾ ਕਿਹਾ ਕਿ ਜੇਕਰ ਸਾਡੀ ਇਸ ਸੰਜੀਦਗੀ ਭਰੀ ਅਪੀਲ ਨੂੰ ਕਿਸੇ ਤਰ੍ਹਾ ਗਲਤਫਹਿਮੀ ਵਿੱਚ ਸਾਡੀ ਕਮਜ਼ੌਰੀ ਸਮਝਣ ਦੀ ਕੌਸਿ਼ਸ ਕੀਤੀ ਅਤੇ ਇਹ ਕੱਟੜਵਾਦੀ ਲੋਕ ਸਾਡੇ ਹੋਰਡਿੰਗ, ਪੋਸਟਰ, ਬੈਨਰ ਫਾੜਣ ਅਤੇ ਸਿੱਖ ਕੌਮ ਦੇ ਨਾਇਕਾਂ ਉੱਤੇ ਭੱਦੀ ਸ਼ਬਦਾਵਲੀ ਵਰਤਣ ਤੋ ਬਾਜ਼ ਨਾ ਆਏ ਤਾਂ ਅਸੀਂ ਵੀ ਫਿਰ ਚੂੜੀਆਂ ਨਹੀਂ ਪਹਿਣੀਆ ਹੋਈਆਂ। ਅਜਿਹੇ ਲੋਕਾਂ ਨੂੰ ਇਤਿਹਾਸ ਦੇ ਤਾਨਾਸ਼ਾਹ ਹੁਕਮਰਾਨ ਮੱਸੇ ਰੰਘੜ, ਅਬਦਾਲੀ ਤੋ ਲੈ ਕੇ ਮਰਹੂਮ ਇੰਦਰਾ ਗਾਂਧੀ ਤੱਕ ਦੇ ਹੋਏ ਹਸ਼ਰ ਨੂੰ ਆਪਣੇ ਜ਼ਹਿਨ ਵਿੱਚ ਰੱਖਣਾ ਚਾਹੀਦਾ ਹੈ ਤਾਂ ਕਿ ਕੋਈ ਵੀ ਤਾਕਤ “ਸਰਬੱਤ ਦਾ ਭਲਾ” ਲੋੜਣ ਵਾਲੀ ਸਿੱਖ ਕੌਮ ਦੇ ਮਨਾਂ ਅਤੇ ਆਤਮਾਵਾਂ ਨੂੰ ਠੇਸ ਪਹੁੰਚਾਉਣ ਦੀ ਗੁਸਤਾਖੀ ਨਾ ਕਰ ਸਕੇ। ਉਨ੍ਹਾ ਕਿਹਾ ਕਿ ਇੱਕੋ ਪਰਿਵਾਰ ਦੇ ਪਿਤਾ ਅਤੇ ਇੱਕੋ ਮਾਂ ਦੇ ਪੇਟ ਵਿੱਚੋ ਜਨਮੇ ਬੱਚੇ ਵੀ ਸਹਿਜ ਤਰੀਕੇ ਵੱਖ ਹੁੰਦੇ ਅਤੇ ਆਪਣੇ ਘਰਾਂ ਦੇ ਮਾਲਿਕ ਬਣਦੇ ਆਏ ਹਨ। ਇਸ ਲਈ ਇਹ ਬਹਿਤਰ ਹੋਵੇਗਾ ਕਿ ਹਿੰਦੂ ਹੁਕਮਰਾਨ ਸਿੱਖ ਕੌਮ ਦੀ ਸਰਜ਼ਮੀਨ “ਖਾਲਿਸਤਾਨ” ਨੂੰ ਅਮਨਮਈ ਅਤੇ ਜਮਹੂਰੀਅਤ ਤਰੀਕੇ ਆਜ਼ਾਦ ਕਰ ਦੇਵੇ ਅਤੇ ਸਮੁੱਚੀਆਂ ਹਿੰਦੂ, ਮੁਸਲਿਮ, ਸਿੱਖ ਆਦਿ ਕੌਮਾਂ, ਏਸ਼ੀਆ ਖਿੱਤੇ ਵਿੱਚ ਬਣਨ ਜਾ ਰਹੇ ਬੱਫਰ ਸਟੇਟ ਵਿੱਚ ਸਦੀਵੀ ਤੌਰ ‘ਤੇ ਅਮਨ-ਚੈਨ ਨਾਲ ਵੱਸ ਸਕਣ ਅਤੇ ਹਰ ਖੇਤਰ ਵਿੱਚ ਪ੍ਰਫੁੱਲਿਤ ਹੋ ਸਕਣ। ਅੱਜ ਦੇ ਇਕੱਠ ਵਿੱਚ ਸਰਬ ਸੰਮਤੀ ਨਾਲ 11 ਮਤੇ ਵੀ ਪਾਸ ਕੀਤੇ ਗਏ ਜਿਸ ਵਿੱਚ ਪਹਿਲੇ ਮਤੇ ਰਾਹੀਂ ਵਿਰੋਧੀ ਵਿਚਾਰਧਾਰਾ ਵਾਲਿਆਂ ਨੂੰ ਟੇਬਲ ਟਾਕ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ। ਦੂਸਰੇ ਮਤੇ ਰਾਹੀਂ ਬਾਹਰਲੇ ਮੁਲਕਾਂ ਦੇ ਲਿਆਕਤਮੰਦ ਸਿੱਖਾਂ ਨੂੰ ਉੱਥੋ ਦੀਆਂ ਹਕੂਮਤਾਂ ਅਤੇ ਪਾਰਲੀਮੈਟ ਵਿੱਚ ਲਾਬਿੰਗ ਤਿਆਰ ਕਰਨ ਦੀ ਅਪੀਲ, 31 ਅਕਤੂਬਰ ਨੂੰ ਦਿੱਲੀ ਅਤੇ ਬਾਹਰਲੇ ਮੁਲਕਾਂ ਵਿੱਚ ਸਿੱਖ ਨਸਲਕੁਸੀ ਅਤੇ ਕਤਲੇਆਮ ਵਿਰੁੱਧ ਰੋਸ ਮੁਜ਼ਾਹਰੇ ਕਰਨ ਦਾ ਸੰਦੇਸ, ਪੰਜਾਬ ਅਤੇ ਗੁਆਂਢੀ ਸੂਬਿਆਂ ਨੂੰ ਨੋ ਫਲਾਈ ਜੋਨ ਐਲਾਨਣ ਦੀ ਮੰਗ ਕਰਦੇ ਹੋਏ ਅਮਰੀਕਾ, ਫਰਾਂਸ ਅਤੇ ਇਟਲੀ ਦੀਆਂ ਹਕੂਮਤਾਂ ਨੂੰ ਦਸਤਾਰ ਦੇ ਮਸਲੇ ਨੂੰ ਹੱਲ ਕਰਨ ਦੀ ਗੁਜ਼ਾਰਿਸ ਕੀਤੀ ਗਈ। ਛੇਵੇ ਮਤੇ ਰਾਹੀਂ ਹਿੰਦ ਵਿੱਚ ਪਨਣ ਰਹੇ ਭਗਵੇ ਅਤਿਵਾਦ ਨੂੰ ਸਖਤੀ ਨਾਲ ਕੁਚਲਣ, ਸਿੱਖ ਕੌਮ ਦੀ ਬਣਾਈ ਗਈ ਕਾਲੀ ਸੂਚੀ ਖਤਮ ਕਰਨ, ਅਨੰਦ ਮੈਰਿਜ ਐਕਟ ਨੂੰ ਹੋਦ ਵਿੱਚ ਲਿਆਉਣ, ਪੰਜਾਬ ਦੇ ਡੈਮਾਂ ਅਤੇ ਦਰਿਆਵਾਂ ਦਾ ਪੂਰਨ ਕੰਟਰੋਲ ਯੂ ਐਨ ਓ ਦੇ ਅਧੀਨ ਕਰਨ, ਪੰਜਾਬੀ ਬੋਲਦੇ ਇਲਾਕੇ ਚੰਡੀਗੜ੍ਹ ਪੰਜਾਬ ਵਿੱਚ ਸ਼ਾਮਿਲ ਕਰਨ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੁਰੰਤ ਕਰਵਾਉਣ ਅਤੇ ਅਖੀਰਲੇ ਮਤੇ ਰਾਹੀ ਜਿ਼ਮੀਦਾਰ, ਮੁਲਾਲਮ, ਮਜ਼ਦੂਰ ਅਤੇ ਵਿਦਿਆਰਥੀ ਵਰਗ ਨਾਲ ਹੋ ਰਹੀਆਂ ਬੇਇਨਸਾਫੀਆਂ ਨੂੰ ਦੂਰ ਕਰਕੇ ਉਨ੍ਹਾ ਦੇ ਜੀਵਨ ਪੱਧਰ ਨੂੰ ਚੰਗੇਰਾ ਬਣਾਉਣ ਦੇ ਉੱਦਮ ਕਰਨ ਦੀ ਮੰਗ ਕੀਤੀ ਗਈ। ਸ: ਮਾਨ ਦੀ ਤਕਰੀਰ ਖਤਮ ਹੋਣ ਤੋ ਉਪਰੰਤ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਮੁੱਚੀ ਸਿੱਖ ਸੰਗਤ ਨੇ ਅਰਦਾਸ ਕੀਤੀ ਕਿ ਉਹ ਅਕਾਲ ਪੁਰਖ ਸਾਨੂੰ ਪਹਿਲੇ ਨਾਲੋ ਵੀ ਵਧੇਰੇ ਬੁੱਧੀ, ਦ੍ਰਿੜਤਾ ਅਤੇ ਹੌਂਸਲੇ ਦੀ ਬਖਸਿਸ ਕਰਨ ਤਾਂ ਕਿ ਅਸੀਂ ਮਨੁੱਖਤਾ ਪੱਖੀ ਕਾਰਜ ਕਰਦੇ ਹੋਏ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆ ਵੱਲੋ ਮਿੱਥੇ ਨਿਸ਼ਾਨੇ ਦੀ ਜਲਦੀ ਤੋ ਜਲਦੀ ਪ੍ਰਾਪਤੀ ਕਰ ਸਕੀਏ। ਇਸ ਮੌਕੇ ‘ਤੇ ਜਲੇਬੀਆਂ, ਪ੍ਰਸ਼ਾਦੇ, ਖੀਰ ਆਦਿ ਦੇ ਅਤੁੱਟ ਲੰਗਰ ਵੀ ਵਰਤਾਏ ਗਏ ਅਤੇ ਸਿੱਖ ਕੌਮ ਦੇ ਇਤਿਹਾਸ ਨਾਲ ਸਬੰਧਿਤ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੇ ਕੈਲੰਡਰਾਂ ਦੀ ਵਿਕਰੀ ਵੀ ਹੱਥੋ ਹੱਥੀ ਹੋਈ ਜਿਸ ਤੋ ਇਹ ਪ੍ਰਤੱਖ ਹੋ ਰਿਹਾ ਸੀ ਕਿ ਅੱਜ ਕੇਸਰੀ ਅਤੇ ਨੀਲੀਆਂ ਦਸਤਾਰਾਂ ਦਾ ਉਮੜਿਆ ਇਕੱਠ ਅਤੇ ਸਿੱਖ ਕੌਮ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੀ ਪ੍ਰਭਾਵਸ਼ਾਲੀ ਸਖਸੀਅਤ ਦੀ ਦਿਵਾਨੀ ਹੈ ਅਤੇ ਉਸਨੂੰ ਆਪਣਾ ਮਾਰਗ ਦਰਸ਼ਕ ਸਮਝਦੀ ਹੈ। ਇਸ ਮੌਕੇ ‘ਤੇ ਪਾਰਟੀ ਦੇ ਵੱਖ ਵੱਖ ਬੁਲਾਰਿਆਂ ਧਿਆਨ ਸਿੰਘ ਮੰਡ, ਬਾਬਾ ਅਮਰਜੀਤ ਸਿੰਘ ਕਿਲ੍ਹਾ ਹਕੀਮਾਂ, ਬਾਬਾ ਸੁਰਿੰਦਰ ਹਰੀ ਸਿੰਘ ਸਰਾਏਨਾਗਾ, ਭਾਈ ਰਾਮ ਸਿੰਘ ਮੁੱਖ ਬੁਲਾਰਾ ਜਨਰਲ ਸਕੱਤਰ, ਇਕਬਾਲ ਸਿੰਘ ਟਿਵਾਣਾ ਸਿਆਸੀ ਤੇ ਮੀਡੀਆ ਸਲਾਹਕਾਰ, ਜਸਕਰਨ ਸਿੰਘ ਪ੍ਰਧਾਨ ਕਿਸਾਨ ਵਿੰਗ ਅਤੇ ਜਨਰਲ ਸਕੱਤਰ, ਗੁਰਸੇਵਕ ਸਿੰਘ ਜਵਾਹਰਕੇ, ਪ੍ਰੋ: ਮਹਿੰਦਰਪਾਲ ਸਿੰਘ, ਗੁਰਿੰਦਰਪਾਲ ਸਿੰਘ ਧਨੋਲਾ, ਮਾਸਟਰ ਕਰਨੈਲ ਸਿੰਘ ਨਾਰੀਕੇ (ਸਾਰੇ ਜਨਰਲ ਸਕੱਤਰ), ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਅਕਾਲੀ ਦਲ, ਵਰਿੰਦਰ ਸਿੰਘ ਮਾਨ ਪ੍ਰਧਾਨ ਯੂਥ ਅਕਾਲੀ ਦਲ ਤੋਂ ਇਲਾਵਾ ਰਣਜੀਤ ਸਿੰਘ ਚੀਮਾਂ ਸਕੱਤਰ, ਗੁਰਜੰਟ ਸਿੰਘ ਕੱਟੂ, ਸੁਖਜੀਤ ਸਿੰਘ ਕਾਲਾ ਅਫਗਾਨਾ ਗੁਰਦਾਸਪੁਰ, ਹਰਭਜਨ ਸਿੰਘ ਕਸ਼ਮੀਰੀ ਪਟਿਆਲਾ, ਰਣਜੀਤ ਸਿੰਘ ਸੰਤੋਖਗੜ੍ਹ ਰੋਪੜ, ਕੁਲਦੀਪ ਸਿੰਘ ਭਾਗੋਵਾਲ ਮੁਹਾਲੀ, ਗੁਰਦਿਆਲ ਸਿੰਘ ਘੱਲੂਮਾਜਰਾ ਫਤਿਹਗੜ੍ਹ ਸਾਹਿਬ, ਕਸ਼ਮੀਰ ਸਿੰਘ ਲੱਖਣਕਲਾਂ ਕਪੂਰਥਲਾ, ਮੇਜਰ ਸਿੰਘ ਜਲੰਧਰ, ਮਨਜੀਤ ਸਿੰਘ ਰੇਰੂ ਜਲੰਧਰ, ਹਰਪਾਲ ਸਿੰਘ ਕੁੱਸਾ ਮੋਗਾ, ਇਕਬਾਲ ਸਿੰਘ ਬਰੀਵਾਲਾ ਮੁਕਤਸਰ, ਅਮਰੀਕ ਸਿੰਘ ਨੰਗਲ ਅੰਮ੍ਰਿਤਸਰ, ਹਰਜੀਤ ਸਿੰਘ ਸੰਜੂਮੋ ਸੰਗਰੂਰ, ਅਵਤਾਰ ਸਿੰਘ ਖੱਖ ਹੁਸਿਆਰਪੁਰ, ਦਵਿੰਦਰ ਸਿੰਘ ਖਾਨਖਾਨ ਨਵਾਂਸ਼ਹਿਰ, ਪਰਮਿੰਦਰ ਸਿੰਘ ਬਾਲਿਆਵਾਲੀ ਬਠਿੰਡਾ, ਕਰਮਜੀਤ ਸਿੰਘ ਸੇਖਾਂ ਫਰੀਦਕੋਟ, ਸਵਰਨ ਸਿੰਘ ਫਾਟਕਮਾਜਰੀ, ਰਣਦੇਵ ਸਿੰਘ ਦੇਬੀ, ਸਿਗਾਰਾ ਸਿੰਘ ਬੱਡਲਾ, ਨਾਜ਼ਰ ਸਿੰਘ ਕਾਹਨਪੁਰਾ, ਆਦਿ ਆਗੂਆਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।