ਸਵੇਰੇ ਹੀ ਹਰਜਿੰਦਰ ਸਿੰਘ ਜਦੋਂ ਖੂਹ ਤੋਂ ਮੁੜਿਆ ਆ ਰਿਹਾ ਸੀ ਤਾਂ ਰਸਤੇ ਵਿਚ ਸਕੂਲ ਦੇ ਕੋਲ ਹੈਡਮਾਸਟਰ ਗੁਰਮੀਤ ਸਿੰਘ ਮਿਲ ਪਿਆ ਜੋ ਆਪਣੇ ਪਿਡੋਂ ਸਾਈਕਲ ਤੇ ਸਕੂਲ ਨੂੰ ਆ ਰਿਹਾ ਸੀ। ਉਹ ਫਤਹਿ ਬੁਲਾ ਕੇ ਹਰਜਿੰਦਰ ਸਿੰਘ ਕੋਲ ਖਲੋ ਗਿਆ ਅਤੇ ਕਹਿਣ ਲੱਗਾ, “ਤਹਾਨੂੰ ਕੁਝ ਪਤਾ ਲੱਗਾ?”
“ਕਿਹਦੇ ਬਾਰੇ?”
“ਦਿਲਪ੍ਰੀਤ ਬਾਰੇ।”
“ਉਹ ਹੁਣ ਪੁਲੀਸ ਦੀ ਹਿਰਾਸਤ ਵਿਚ ਹੈ।” ਹਰਜਿੰਦਰ ਸਿੰਘ ਨੇ ਉਦਾਸ ਮਨ ਨਾਲ ਕਿਹਾ, “ਤੋਸ਼ੀ ਤੜਕੇ ਦਾ ਵੱਡੇ ਪਿੰਡ ਦੇ ਠਾਣੇਦਾਰ ਵੱਲ ਗਿਆ ਹੈ, ਆਪਣੇ ਪਿੰਡ ਦੇ ਸਰਪੰਚ ਦਾ ਰਿਸ਼ਤੇਦਾਰ ਐਮ.ਐਲ .ਏ ਹੈ, ਅੱਜ ਅਸੀ ਉਸ ਨੂੰ ਵੀ ਮਿਲਣਾ ਹੈ, ਦਿਲਪ੍ਰੀਤ ਦੀ ਜਮਾਨਤ ਹੋ ਸਕ, ੇ ਕੋਸ਼ਿਸ਼ ਕਰ ਰਹੇ ਹਾਂ।”
“ਇਹਦਾ ਮਤਲਬ ਤਹਾਨੂੰ ਪਤਾ ਨਹੀ ਲੱਗਾ।” ਹੈਡਮਾਸਟਰ ਨੇ ਕਿਹਾ, “ਰਾਤੀਂ ਜਦੋਂ ਦਿਲਪ੍ਰੀਤ ਨੂੰ ਪਟਿਆਲਾ ਜੇਲ ਵਿਚ ਲਿਜਾਇਆ ਜਾ ਰਿਹਾ ਸੀ, ਉਸ ਦੇ ਸਾਥੀ ਦਿਲਪ੍ਰੀਤ ਨੂੰ ਛੁਡਵਾ ਕੇ ਲੈ ਗਏ, ਦੋ ਪੁਲੀਸ ਵਾਲੇ ਝੜਪ ਵਿਚ ਮਾਰੇ ਵੀ ਗਏ।”
ਹਰਜਿੰਦਰ ਸਿੰਘ ਹੈਡਮਾਸਟਰ ਦੇ ਮੂੰਹ ਵੱਲ ਹੀ ਦੇਖਦਾ ਰਹਿ ਗਿਆ। ਆਪਣੀ ਦਿਲ ਦੀ ਧੜਕਨ ਨੂੰ ਕਾਬੂ ਕਰਦਾ ਹੋਇਆ ਕਹਿਣ ਲੱਗਾ, “ਤਹਾਨੂੰ ਕਿਵੇਂ ਪਤਾ ਲੱਗਾ।”
“ਰੇਡੀਉ ਤੋਂ ਸੁੱਣ ਕੇ ਆਇਆ ਹਾਂ।”
“ਫਿਰ ਤਾਂ ਤੁਹਾਡੀ ਗੱਲ ਠੀਕ ਹੀ ਹੋਵੇਗੀ।” ਹਰਜਿੰਦਰ ਸਿੰਘ ਨੇ ਕਿਹਾ, “ਅਸੀਂ ਤਾਂ ਸੋਚਿਆ ਸੀ ਕਿ ਸ਼ਾਇਦ ਪੁਲੀਸ ਦੇ ਤਸੀਹੇ ਝੱਲ ਕੇ ਦਿਲਪ੍ਰੀਤ ਘਰ ਨੂੰ ਮੁੜ ਆਵੇਗਾ।”
“ਸਰਦਾਰ ਜੀ ਕੀ ਗੱਲਾਂ ਕਰਦੇ ਹੋ।” ਹੈਡਮਾਸਟਰ ਨੇ ਕਿਹਾ, “ਜਿਹੜੇ ਮੁੰਡੇ ਇਸ ਲਾਈਨ ਵਿਚ ਚੱਲ ਰਹੇ ਨੇ, ਤੁਹਾਡਾ ਕੀ ਮਤਲਬ ਉਹ ਤਸੀਹਿਆਂ ਤੋਂ ਡਰ ਕੇ ਆਪਣੇ ਇਰਾਦੇ ਬਦਲ ਲੈਣਗੇ।”
ਹਰਜਿੰਦਰ ਸਿੰਘ ਨੂੰ ਪਤਾ ਨਾ ਲੱਗੇ ਕਿ ਉਹ ਮਾਸਟਰ ਜੀ ਨੂੰ ਕੀ ਜ਼ਵਾਬ ਦੇਵੇ। ਫਿਰ ਹੌਲੀ ਜਿਹੀ ਕਹਿਣ ਲੱਗਾ, “ਕੀ ਕਰੀਏ ਮਾਸਟਰ ਜੀ, ਸਾਨੂੰ ਤਾਂ ਕੁਝ ਪਤਾ ਨਹੀਂ ਲੱਗਦਾ। ਦਿਨ-ਰਾਤ ਉਸ ਦੀ ਚਿੰਤਾ ਵਿਚ ਹੀ ਗੁਜ਼ਰਦਾ ਹੈ।”
“ਆਪਾਂ ਇਸ ਵਿਚ ਕੁਝ ਵੀ ਨਹੀਂ ਕਰ ਸਕਦੇ, ਪ੍ਰਮਾਤਮਾ ਦੀ ਰਜ਼ਾ ਵਿਚ ਸਭ ਕੁਝ ਹੋ ਰਿਹਾ ਹੈ।” ਗੁਰਬਾਣੀ ਦੇ ਪ੍ਰੇਮੀ ਹੈਡਮਾਸਟਰ ਨੇ ਕਿਹਾ, “ਚਿੰਤਾ ਕੀਤੇ ਕਿਹੜਾ ਕੁਝ ਬਦਲ ਜਾਣਾ ਹੈ, ਨਾਲੇ ਗੁਰੂ ਜੀ ਕਹਿੰਦੇ ਨੇ ‘ਸੋ ਕਰਤਾ ਚਿੰਤਾ ਕਰੇ ਜਿਨਿ ਉਪਾਇਆ ਜਗੁ।। ’ ਸਾਰੀ ਗੱਲ ਉਸ ਮਾਲਕ ਤੇ ਹੀ ਛੱਡ ਦਿਉ।”
“ਤੁਸੀਂ ਜੋ ਕੁਝ ਕਹਿ ਰਹੇ ਹੋ ਭਾਵੇਂ ਉਹ ਠੀਕ ਹੈ, ਫਿਰ ਵੀ ਇਹ ਮਨ ਬਹੁਤ ਵਾਰੀ ਉਖੜ ਜਾਂਦਾ ਹੈ।”
“ਕੋਈ ਨਹੀ ਉਖੜ ਕੇ ਸੰਭਲ ਜਾਵੇਗਾ, ਪਰ ਜਤਨ ਕਰਿਉ ਇਸ ਮਨ ਨੂੰ ਉਖੜ ਕੇ ਡਿਗਨ ਨਾ ਦਿਉ।” ਹੈਡਮਾਸਟਰ ਜੀ ਨੇ ਫਿਰ ਬਾਣੀ ਦੀ ਤੁਕ ਪੜ੍ਹੀ, “ਨਾ ਕਰ ਚਿੰਤ ਚਿੰਤਾ ਹੈ ਕਰਤੇ।।”
“ਲਉ ਜੀ, ਮਾਸਰਟ ਜੀ, ਤੁਹਾਡੀਆਂ ਗੱਲਾਂ ਨੇ ਤਾਂ ਮੈਨੂੰ ਕਾਇਮ ਕਰ ਦਿੱਤਾ।” ਹਰਜਿੰਦਰ ਸਿੰਘ ਨੇ ਉਤਸ਼ਾਹ ਨਾਲ ਕਿਹਾ, “ਟਾਈਮ ਕੱਢਿਉ, ਕਿਤੇ ਘਰ ਵੱਲ ਗੇੜਾ ਮਾਰਿਉ, ਦਿਲਪ੍ਰੀਤ ਦੀ ਮੰਮੀ ਕਿਤੇ ਕਿਤੇ ਜ਼ਿਆਦਾ ਹੀ ਓਦਰ ਜਾਂਦੀ ਹੈ।”
“ਕੋਈ ਨਹੀਂ, ਕਿਸੇ ਦਿਨ ਛੁੱਟੀ ਤੋਂ ਬਾਅਦ ਮੈਂ ਆਵਾਂਗਾ।”
ਘਰ ਜਾ ਕੇ ਹਰਜਿੰਦਰ ਸਿੰਘ ਨੇ ਦੇਖਿਆ ਜੋ ਖ਼ਬਰ ਉਸ ਨੇ ਪਰਿਵਾਰ ਨੂੰ ਦੱਸਣੀ ਸੀ, ਉਹ ਤੌਸ਼ੀ ਕੋਲੋ ਸੁੱਣ ਚੁੱਕੇ ਸਨ। ਹੁਣ ਸਾਰਿਆਂ ਦੀ ਇਹ ਹੀ ਸਲਾਹ ਸੀ ਕਿ ਦੀਪੀ ਨੂੰ ਉਸ ਦੇ ਮਾਪਿਆਂ ਨਾਲ ਮਿਲਾ ਲਿਆਈਏ। ਦੀਪੀ ਦੇ ਦਾਦੇ ਇੰਦਰ ਸਿੰਘ ਦੇ ਪੂਰੇ ਹੋਣ ਦਾ ਜਿਕਰ ਕਿਵੇਂ ਕੀਤਾ ਜਾਵੇ, ਇਹ ਉਹਨਾਂ ਨੂੰ ਪਤਾ ਨਹੀ ਸੀ ਲੱਗ ਰਿਹਾ। ਫਿਰ ਤੌਸ਼ੀ ਨੇ ਸਲਾਹ ਦਿੱਤੀ, “ਭਾਅ ਜੀ, ਮੈਂ ਤਾਂ ਕਹਿੰਦਾਂ ਹਾਂ ਦੀਪੀ ਨੂੰ ਇੰਦਰ ਸਿੰਘ ਫੁੱਫੜ ਜੀ ਦੇ ਗੁਜ਼ਰ ਜਾਣ ਦਾ ਹੁਣੇ ਹੀ ਦੱਸ ਦੇਣਾ ਚਾਹੀਦਾ ਹੈ।”
“ਹਾਂ ਦੱਸ ਹੀ ਦੇਣਾ ਚਾਹੀਦਾ ਹੈ।” ਹਰਜਿੰਦਰ ਸਿੰਘ ਨੇ ਹਾਂ ਮਿਲਾਦਿੰਆਂ ਕਿਹਾ, “ਦੀਪੀ ਹੈ ਕਿੱਥੇ? ਨਸੀਬ ਕੌਰ, ਮਾਰ ਤਾਂ ਅਵਾਜ਼ ਜਰਾ ਦੀਪੀ ਨੂੰ।”
“ਮੈ ਲੈ ਕੇ ਆਉਂਦੀ ਹਾਂ।” ਮਿੰਦੀ ਨੇ ਚੁਬਾਰੇ ਵੱਲ ਨੂੰ ਜਾਂਦਿਆਂ ਨਸੀਬ ਕੌਰ ਨੂੰ ਕਿਹਾ, “ਭੈਣ ਜੀ ਸਾਰੇ ਬੈਠਕ ਵਿਚ ਆ ਜਾਉ, ਉੱਥੇ ਬੈਠ ਕੇ ਦੀਪੀ ਨਾਲ ਗੱਲ ਕਰਦੇ ਹਾਂ।”
ਸਾਰਾ ਪਰਿਵਾਰ ਬੈਠਕ ਵਿਚ ਇਕੱਠਾ ਹੋ ਗਿਆ। ਜਿਉਂ ਹੀ ਦੀਪੀ ਬੈਠਕ ਵਿਚ ਦਾਖਲ ਹੋਈ ਨਸੀਬ ਕੌਰ ਨੇ ਉਸ ਨੂੰ ਅਵਾਜ਼ ਮਾਰ ਕੇ ਆਪਣੇ ਕੋਲ ਬੈਠਾ ਲਿਆ। ਫਿਰ ਬਹੁਤ ਹੀ ਪਿਆਰ ਭਿਜੇ ਬੋਲਾਂ ਵਿਚ ਕਹਿਣ ਲੱਗੀ, “ਬੇਟਾ ਤੇਰੇ ਨਾਲ ਅਸੀ ਇਕ ਗੱਲ ਕਰਨੀ ਹੈ।” ਦੀਪੀ ਹੱਕੀ-ਬੱਕੀ ਹੋਈ ਉਹਨਾਂ ਦੇ ਉਦਾਸ ਚਿਹਰੇ ਦੇਖਣ ਲੱਗੀ। ਉਸ ਨੇ ਭਾਵੇਂ ਅਜੇ ਗੱਲ ਨਹੀ ਸੀ ਸੁਣੀ, ਪਰ ਉਸ ਨੂੰ ਇਹ ਜ਼ਰੂਰ ਸਮਝ ਲੱਗ ਗਈ ਸੀ ਕਿ ਗੱਲ ਕੋਈ ਉਦਾਸੀ ਵਾਲੀ ਹੀ ਹੈ। ਬਾਕੀ ਤਾਂ ਅਜੇ ਗੱਲ ਸ਼ੁਰੂ ਕਰਨ ਬਾਰੇ ਸੋਚ ਹੀ ਰਹੇ ਸਨ ਮਿੰਦੀ ਨੇ ਕਹਿ ਵੀ ਦਿੱਤਾ, “ਦੀਪੀ, ਫੁੱਫੜ ਇੰਦਰ ਸਿੰਘ ਵੀ ਚਲ ਵਸੇ ਨੇ।”
ਦੀਪੀ ਨੇ ਪਥਰਾਈਆਂ ਜਿਹੀਆਂ ਅੱਖਾਂ ਨਾਲ ਮਿੰਦੀ ਵੱਲ ਦੇਖਿਆ। ਫਿਰ ਦੋ ਮੋਟੇ ਮੋਟੇ ਹੰਝੂ ਉਸ ਦੀਆਂ ਅੱਖਾਂ ਵਿਚੋਂ ਤ੍ਰਿਪ ਤ੍ਰਿਪ ਕਰਕੇ ਉਸ ਦੀਆਂ ਗੱਲਾਂ ਤੇ ਡਿਗ ਪਏ। ਨਸੀਬ ਕੌਰ ਨੇ ਉਸ ਨੂੰ ਆਪਣੇ ਮੋਢੇ ਨਾਲ ਲਾ ਲਿਆ। ਦੀਪੀ ਹੌਲੀ ਹੌਲੀ ਰੋਣ ਲਗ ਪਈ। ਦੀਪੀ ਆਪਣੇ ਆਪ ਤੇ ਹੈਰਾਨ ਵੀ ਸੀ ਕਿ ਮਾਤਾ ਜੀ ਨਾਲ ਉਹ ਕਿੰਨੇ ਹੌਸਲੇ ਵਿਚ ਰਹੀ ਸੀ, ਹੁਣ ਆਪਣਿਆਂ ਨੂੰ ਦੇਖ ਕੇ ਵਾਰ ਵਾਰ ਰੋਣਾਂ ਕਿਉਂ ਨਿਕਲ ਰਿਹਾ ਹੈ? ਇਸ ਗੱਲ ਦੀ ਉਸ ਨੂੰ ਕੋਈ ਸਮਝ ਨਾ ਲੱਗੀ ਤੇ ਉਹ ਨਸੀਬ ਕੌਰ ਦੇ ਮੋਢੇ ਤੇ ਆਪਣਾ ਸਿਰ ਰੱਖ ਕੇ ਦਿਲ ਹਲਕਾ ਕਰਨ ਲੱਗੀ ਰਹੀ।
“ਉੱਠੋ ਬਈ, ਹੋਵੋ ਤਿਆਰ।” ਤੌਸ਼ੀ ਨੇ ਕਿਹਾ, “ਦੀਪੀ ਨੂੰ ਇਹਦੇ ਪੇਕੇ ਮਿਲਾ ਲਿਆਈਏ।”
ਹੱਕ ਲਈ ਲੜਿਆ ਸੱਚ – (ਭਾਗ-77)
This entry was posted in ਹੱਕ ਲਈ ਲੜਿਆ ਸੱਚ.