ਪਟਿਆਲਾ – ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੀ ਸਾਹਿਤ ਸਭਾ ਵੱਲੋਂ ਕੌਮਾਂਤਰੀ ਮਾਤ ਭਾਸ਼ਾ ਦਿਵਸ ਦੇ ਮੌਕੇ ‘ਤੇ ਵਖ–ਵਖ ਵਿਭਾਗਾਂ ਦੇ ਵਿਦਿਆਰਥੀਆਂ ਦੇ ਦੋ–ਰੋਜ਼ਾ ਲਿਖਤੀ ਸਾਧਾਰਨ ਗਿਆਨ ਪਰਖ (ਕੁਇਜ਼), ਨਿਬੰਧ–ਲੇਖਨ, ਸੁੰਦਰ ਲਿਖਾਈ, ਲੋਕਗੀਤ, ਕਵਿਤਾ–ਉਚਾਰਨ ਅਤੇ ਚਿੱਤਰਕਲਾ/ਪੋਸਟਰ ਬਣਾਉਣ ਦੇ ਮੁਕਾਬਲੇ ਕਰਵਾਏ ਗਏ। ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ–ਚਾਂਸਲਰ ਪ੍ਰੋ. ਅਰਵਿੰਦ ਨੇ ਕੀਤੀ। ਇਨਾਮ ਤਕਸੀਮ ਕਰਨ ਉਪਰੰਤ ਪ੍ਰਧਾਨਗੀ ਭਾਸ਼ਣ ਵਿਚ ਉਨ੍ਹਾਂ ਕਿਹਾ ਕਿ ਮਾਤ–ਭਾਸ਼ਾ ਇਕ ਅਜਿਹਾ ਮਾਧਿਅਮ ਹੈ ਜਿਸ ਰਾਹੀਂ ਅਸੀਂ ਆਪਣੇ ਜਜ਼ਬਿਆਂ ਅਤੇ ਵਿਚਾਰਾਂ ਨੂੰ ਖੁੱਲ੍ਹ ਕੇ ਇਕ ਦੂਜੇ ਨਾਲ ਸਾਂਝੇ ਕਰ ਸਕਦੇ ਹਾਂ। ਵਰਤਮਾਨ ਸਮੇਂ ਵਿਚ ਪੰਜਾਬੀ ਯੂਨੀਵਰਸਿਟੀ ਗਿਆਨ–ਵਿਗਿਆਨ ਨੂੰ ਮਾਤ–ਭਾਸ਼ਾ ਦਾ ਮਾਧਿਅਮ ਬਣਾਉਣ ਦੀਆਂ ਵਿਉਂਤਬੰਦੀਆਂ ਕਰ ਰਹੀ ਹੈ, ਇਸ ਨਾਲ ਪੰਜਾਬੀ ਭਾਸ਼ਾ ਦਾ ਦਾਇਰਾ ਹੋਰ ਵੀ ਵਿਸ਼ਾਲ ਹੋਵੇਗਾ।
ਸਾਹਿਤ ਸਭਾ ਦੇ ਇੰਚਾਰਜ ਡਾ. ਰਾਜਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਸਾਹਿਤ ਸਭਾ ਵੱਲੋਂ ਉਲੀਕੇ ਜਾਂਦੇ ਮੁਕਾਬਲਿਆਂ ਅਤੇ ਹੋਰ ਉਸਾਰੂ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਵਿਚ ਸਵੈ–ਭਰੋਸਾ ਅਤੇ ਚੇਤਨਾ ਦਾ ਵਿਕਾਸ ਹੁੰਦਾ ਹੈ। ਵਿਭਾਗ ਦੇ ਮੁਖੀ ਡਾ. ਗੁਰਮੁਖ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਅੰਦਰ ਉਚੇਰੀ ਸਿੱਖਿਆ ਦੀ ਪ੍ਰਾਪਤੀ ਅਤੇ ਖੋਜ ਦੇ ਨਾਲ–ਨਾਲ ਸਿਰਜਣਾਤਮਕ ਰੁਚੀਆਂ ਪੈਦਾ ਹੋਣ, ਉਨ੍ਹਾਂ ਅੰਦਰਲੀ ਪ੍ਰਤਿਭਾ ਉਜਾਗਰ ਹੋਵੇ, ਇਸ ਲਈ ਪੰਜਾਬੀ ਵਿਭਾਗ ਇਸ ਦਿਸ਼ਾ ਵੱਲ ਤਨਦੇਹੀ ਨਾਲ ਅੱਗੇ ਵਧ ਰਿਹਾ ਹੈ। ਇਸ ਸਮਾਗਮ ਦਾ ਸੰਚਾਲਨ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਅਤੇ ਮੁਕਾਬਲਿਆਂ ਦੇ ਮੁੱਖ ਸੰਯੋਜਕ ਸਟੇਟੀ ਐਵਾਰਡੀ ਡਾ. ਰਾਜਵੰਤ ਕੌਰ ਪੰਜਾਬੀ ਨੇ ਬਾਖ਼ੂਬੀ ਨਿਭਾਇਆ।
ਇਹਨਾਂ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੇ ਵੱਡੀ ਤਾਦਾਦ ਵਿਚ ਭਾਗ ਲਿਆ। ਉਨ੍ਹਾਂ ਵਿਚੋਂ ਵਖ–ਵਖ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਵੇਰਵਾ ਇਸ ਪ੍ਰਕਾਰ ਹੈ। ਕੁਇਜ਼ ਮੁਕਾਬਲੇ ਵਿਚ ਪਹਿਲਾ ਸਥਾਨ ਮਨਪ੍ਰੀਤ ਸਿੰਘ, ਦੂਜਾ ਸਥਾਨ ਸਰਬਜੀਤ ਕੌਰ ਅਤੇ ਤੀਜਾ ਸਥਾਨ ਰਾਜਵਿੰਦਰ ਕੌਰ, ਨਿਬੰਧ ਲੇਖਨ ਵਿਚ ਪਹਿਲਾ ਸਥਾਨ ਦੀਪਕ, ਦੂਜਾ ਸਥਾਨ ਲਛਮੀ ਦੇਵੀ ਅਤੇ ਤੀਸਰਾ ਸਥਾਨ ਹਰਵੀਰ ਕੌਰ, ਸੁੰਦਰ ਲਿਖਾਈ ਵਿਚ ਪਹਿਲਾ ਸਥਾਨ ਮਨਪ੍ਰੀਤ ਸਿੰਘ, ਦੂਜਾ ਸਥਾਨ ਕਮਲਦੀਪ ਕੌਰ ਅਤੇ ਤੀਜਾ ਸਥਾਨ ਰਾਜਵਿੰਦਰ ਕੌਰ, ਚਿੱਤਰਕਾਰੀ ਤੇ ਪੋਸਟਰ ਬਣਾਉਣ ਵਿਚ ਪਹਿਲਾ ਸਥਾਨ ਸ੍ਰਿਸ਼ਟੀ ਸ਼ਰਮਾ, ਦੂਜਾ ਸਥਾਨ ਜਗਤਾਰ ਸਿੰਘ ਅਤੇ ਤੀਜਾ ਸਥਾਨ ਪਰਮਿੰਦਰ ਸਿੰਘ ਅਤੇ ਹਰਜੀਤ ਸਿੰਘ, ਰਵਾਇਤੀ ਲੋਕਗੀਤ ਵਿਚ ਪਹਿਲਾ ਸਥਾਨ ਸਿਮਰਨਜੀਤ ਕੌਰ, ਦੂਜਾ ਸਥਾਨ ਸਰਬਜੀਤ ਕੌਰ ਅਤੇ ਤੀਜਾ ਸਥਾਨ ਸਨੇਹਦੀਪ ਕੌਰ ਤੇ ਜਸ਼ਨਦੀਪ ਕੌਰ, ਕਾਵਿ ਉਚਾਰਨ ਵਿਚ ਪਹਿਲਾ ਸਥਾਨ ਰਣਜੀਤ ਸਿੰਘ, ਦੂਜਾ ਸਥਾਨ ਜਗਦੀਪ ਸਿੰਘ, ਤੀਜਾ ਸਥਾਨ ਗੁਰਜੋਤ ਸਿੰਘ ਅਤੇ ਖੋਜਾਰਥੀਆਂ ਦੇ ਨਿਬੰਧ ਲੇਖਨ ਮੁਕਾਬਲੇ ਵਿਚ ਪਹਿਲਾ ਸਥਾਨ ਰਵਿੰਦਰ ਕੌਰ, ਦੂਜਾ ਸਥਾਨ ਰਮਨਦੀਪ ਕੌਰ ਅਤੇ ਤੀਜਾ ਸਥਾਨ ਮਨਜੀਤ ਕੌਰ ਨੇ ਪ੍ਰਾਪਤ ਕੀਤਾ।