ਅੰਮ੍ਰਿਤਸਰ – ਪੰਜਾਬੀ ਦੀ ਨਵੀਂ ਕਮੇਡੀ ਫਿਲਮ ‘ ਜੀ ਵਾਈਫ ਜੀ ‘ ਦਾ ਪਹਿਲੇ ਦਿਨ ਪੰਜਾਬੀ ਦਰਸ਼ਕਾਂ ਨੇ ਭਰਪੂਰ ਅਨੰਦ ਲਿਆ । ਘਰ ਜਵਾਈਆਂ ਦੀ ਤ੍ਰਾਸਦੀ ਭਰੀ ਜ਼ਿੰਦਗੀ ਨੂੰ ਹਾਸਿਆਂ ਵਿੱਚ ਲਪੇਟ ਕਿ ਫਿਲਮ ਵਿਚ ਕਮਾਲ ਦਾ ਸਤੁੰਲਨ ਬਣਾਇਆ ਗਿਆ ਹੈ ਜੋ ਦਰਸ਼ਕਾਂ ਦੇ ਮਨਾਂ ‘ ਤੇ ਇੱਕ ਚੰਗਾ ਪ੍ਰਭਾਵ ਅਤੇ ਸੋਹਣਾ ਸੁਨੇਹਾ ਦੇ ਕੇ ਜਾਂਦਾ ਹੈ । ਅੰਮ੍ਰਿਤਸਰ ਵਿੱਚ ਫਿਲਮ ਦੀ ਪੂਰੀ ਸਟਾਰਕਾਸਟ ਨੇ ਫਿਲਮ ਦਾ ਅਨੰਦ ਦਰਸ਼ਕਾਂ ਵਿੱਚ ਬੈਠ ਕਿ ਲਿਆ । ਫਿਲਮ ਵਿੱਚ ਢਿੱਡੀ ਪੀੜਾਂ ਲਾਉਣ ਵਾਲੀ ਪੰਜਾਬੀ ਕਮੇਡੀਅਨ ਦੀ ਪਛਾਣ ਬਣ ਚੁੱਕੀ ਅਦਾਕਾਰਾਂ ਅਨੀਤਾ ਦੇਵਗਨ ਅਤੇ ਪੰਜਾਬੀ ਫਿਲਮ ਇੰਡਸਟਰੀ ਵਿੱਚ ਰੰਗਮੰਚ ਦੇ ਪ੍ਰੋੜ ਅਦਾਕਾਰ ਹਰਦੀਪ ਗਿੱਲ ਵੀ ਫਿਲਮ ਦੇ ਪ੍ਰੀਮੀਅਰ ਸ਼ੋਆ ਵਿੱਚ ਹਾਜ਼ਰ ਸਨ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫਿਲਮੀ ਜੋੜੀ ਨੇ ਦੱਸਿਆ ਕਿ ਹਾਸਿਆਂ ਦੇ ਭਰਪੂਰ ਡੋਜ਼ ਵਾਲੀ ਇਸ ਫਿਲਮ ਨਾਲ ਦਰਸ਼ਕਾਂ ਦਾ ਸਿਰਫ ਇੰਟਰਟੇਨਮੈਂਟ ਹੀ ਨਹੀਂ ਕੀਤਾ ਗਿਆ ਸਗੋਂ ਪਰਿਵਾਰ ਜੋ ਸਾਡੇ ਸਮਾਜ ਦੀ ਸੱਭ ਤੋਂ ਛੋਟੀ ਇਕਾਈ ਹੈ ਨੂੰ ਕਿਵੇਂ ਔਖੇ ਅਤੇ ਸੌਖੇ ਹਲਾਤਾਂ ਵਿੱਚ ਚਲਾ ਕੇ ਰੱਖਣਾ ਹੈ ਨੂੰ ਫਿਲਮ ਵਿੱਚ ਪਕੜਨ ਦੀ ਕੋਸ਼ਿਸ਼ ਕੀਤੀ ਗਈ ਹੈ ।ਪਰਿਵਾਰਕ ਫਿਲਮ ਹੋਣ ਕਰਕੇ ਪਰਿਵਾਰ ਦੇ ਸਾਰੇ ਮੈਂਬਰਾਂ ਵੱਲੋਂ ਰਲ ਕੇ ਵੇਖਣ ਵਾਲੀ ਫਿਲਮ ਹੋਣ ਕਰਕੇ ਬਹੁਤ ਸਾਰੇ ਪਰਿਵਾਰ ਆਪਣੇ ਪਰਿਵਾਰ ਦੇ ਸਾਰੇ ਜੀਆਂ ਨਾਲ ਫਿਲਮ ਵੇਖਣ ਪੁੱਜੇ , ਜੋ ਸਾਨੂੰ ਬਹੁਤ ਚੰਗਾ ਲੱਗਾ । ਫਿਲਮ ਵਿੱਚ ਵੀ ਇਹ ਹੀ ਵਿਖਾਇਆ ਗਿਆ ਹੈ ਕਿ ਪਰਿਵਾਰ ਦੀਆਂ ਖੁਸ਼ੀਆਂ -ਗਮੀਆਂ ਅਤੇ ਤਰੱਕੀਆਂ ਵਿੱਚ ਸੱਭ ਨੂੰ ਇਕੱਠੇ ਹੋ ਕੇ ਇੱਕ ਸੁਰ ਬਣਾ ਕੇ ਚਲਣਾ ਚਾਹੀਦਾ ਹੈ । ਇਸ ਮੌਕੇ ਦਰਸ਼ਕਾਂ ਵੱਲੋਂ ਫਿਲਮ ਦੇ ਕਲਾਕਾਰਾਂ ਨਾਲ ਯਾਦਗਾਰੀ ਫੋਟੋਆਂ ਵੀ ਖਿਚਾਈਆਂ ਗਈਆਂ ਅਤੇ ਕਲਾਕਾਰਾਂ ਨਾਲ ਇਕੱਠੇ ਬੈਠ ਕੇ ਫਿਲਮ ਵੇਖਣ ਦੇ ਤਜਰਬੇ ਵੀ ਸਾਂਝੇ ਕੀਤੇ ਗਏ । ਇਸ ਮੌਕੇ ਫਿਲਮੀ ਜੋੜੀ ਅਨੀਤਾ – ਹਰਦੀਪ ਨੇ ਆਪਣੀਆਂ ਅਗਲੀਆਂ ਕੀਤੀਆਂ ਜਾਣ ਵਾਲੀਆਂ ਫਿਲਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੌਕੇ ਪੰਜਾਬੀ ਫਿਲਮ ਇੰਡਸਟਰੀ ਦੀ ਪੂਰੀ ਚੜਤ ਹੈ। ਬਹੁਤ ਸਾਰੀਆਂ ਪੰਜਾਬੀ ਦੀਆਂ ਨਵੀਆਂ ਫਿਲਮਾਂ ਆ ਰਹੀਆਂ ਹਨ ਜੋ ਪੰਜਾਬੀ ਫਿਲਮ ਇੰਡਸਟਰੀ ਦੀ ਇੱਕ ਵਖਰੀ ਪਛਾਣ ਬਣਨ ਵਾਲੀਆਂ ਹਨ । ਉਨ੍ਹਾਂ ਕੁੱਝ ਯਾਦਗਾਰੀ ਫਿਲਮਾਂ ਦਾ ਜਿਕਰ ਕਰਦਿਆਂ ਕਿਹਾ ਕਿ ਦਰਸ਼ਕਾਂ ਨੇ ਹੁਣ ਆਪਣੀਆਂ ਮੋਹਾਰਾਂ ਪੰਜਾਬੀ ਫਿਲਮਾਂ ਵੱਲ ਮੋੜੀਆਂ ਹਨ । ਦਰਸ਼ਕ ਹੁਣ ਨਵੀਂ ਪੰਜਾਬੀ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ ।