ਚੰਡੀਗੜ੍ਹ : ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਦੇ ਗਲਤ ਵਿੱਤੀ ਢਾਂਚੇ ਕਾਰਨ ਸੂਬਾ ਡੂੰਘੇ ਵਿੱਤੀ ਸੰਕਟ ਵੱਲ ਜਾ ਰਿਹਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਖਜ਼ਾਨਚੀ ਤੇ ਸਾਬਕਾ ਵਿਧਾਇਕ ਅਮਿਤ ਵਿੱਜ ਨੇ ਕਿਹਾ ਕਿ ਸੂਬਾ
ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਗਰੀਬ ਅਤੇ ਮੱਧ ਵਰਗ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਕੈਗ ਦੀ ਦਸੰਬਰ ਤੱਕ ਦੀ ਰਿਪੋਰਟ ਅਨੁਸਾਰ ਸੂਬੇ ਦਾ ਮਾਲੀਆ ਘਾਟਾ 15349 ਕਰੋੜ ਨੂੰ ਛੂਹ ਗਿਆ ਹੈ ਜੋ ਮਾਰਚ ਤੱਕ 20 ਹਜ਼ਾਰ ਕਰੋੜ ਤੱਕ ਪਹੁੰਚ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਮਾਲੀਆ ਟੀਚਾ 95375 ਕਰੋੜ ਰੱਖਿਆ ਗਿਆ ਸੀ, ਜੋ ਦਸੰਬਰ ਤੱਕ 60095 ਕਰੋੜ ਯਾਨੀ ਟੀਚੇ ਦਾ 61 ਫੀਸਦੀ ਪੂਰਾ ਕਰ ਲਿਆ ਗਿਆ ਸੀ, ਜੋ ਮਾਰਚ ਤੱਕ 80 ਫੀਸਦੀ ਤੱਕ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਆਬਕਾਰੀ ਨੀਤੀ ਤੋਂ 9647 ਕਰੋੜ ਰੁਪਏ ਦਾ ਟੀਚਾ ਰੱਖਿਆ ਸੀ, ਇਹ 6056 ਕਰੋੜ ਸੀ, ਜੋ ਸਿਰਫ 62.17 ਫੀਸਦੀ ਤੱਕ ਪਹੁੰਚਿਆ ਹੈ।
ਹੋਰ ਟੈਕਸਾਂ ਅਤੇ ਡਿਊਟੀਆਂ ਦਾ ਟੀਚਾ 5390 ਕਰੋੜ ਸੀ, ਜੋ ਸਿਰਫ਼ 2039 ਕਰੋੜ ਤੱਕ ਹੀ ਸੀਮਤ ਰਹਿ ਗਿਆ। ਸਾਬਕਾ ਵਿਧਾਇਕ ਨੇ ਕਿਹਾ ਕਿ ਗ੍ਰਾਂਟ-ਇਨ-ਏਡ ਦਾ ਟੀਚਾ ਸਿਰਫ 16977 ਕਰੋੜ ਸੀ। ਸਰਕਾਰ ਨੇ ਪੂਰੇ ਸਾਲ ਲਈ 23835 ਕਰੋੜ ਦਾ ਕਰਜ਼ਾ ਲੈਣ ਦਾ ਟੀਚਾ ਰੱਖਿਆ ਸੀ, ਪਰ ਦਸੰਬਰ ਤੱਕ 19540 ਕਰੋੜ ਦਾ ਕਰਜ਼ਾ ਲਿਆ, ਜੋ 81.98 ਫੀਸਦੀ ਬਣਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾਅਵਾ ਕਰ ਰਹੀ ਹੈ ਕਿ ਦਸੰਬਰ ਤੱਕ 80,000 ਕਰੋੜ ਦਾ ਮਾਲੀਆ ਪ੍ਰਾਪਤ ਹੋਇਆ ਹੈ ਜਦੋਂ ਕਿ ਉਸ ਵਿੱਚ 19540 ਕਰੋੜ ਦਾ ਕਰਜ਼ਾ ਹੈ। ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਬਸਿਡੀਆਂ ਸਮੇਤ ਸਰਕਾਰ ਨੂੰ ਕਰੀਬ 20 ਹਜ਼ਾਰ ਕਰੋੜ ਤੋਂ 25 ਹਜ਼ਾਰ ਕਰੋੜ ਰੁਪਏ ਦਾ ਘਾਟਾ ਪਵੇਗਾ। ਹੁਣ ਸਰਕਾਰ ਨੇ ਪ੍ਰਤੀ ਔਰਤ 1000 ਰੁਪਏ ਵੀ ਦੇਣੇ ਹਨ, ਜਿਸ ਨਾਲ ਸਰਕਾਰ ‘ਤੇ 12 ਹਜ਼ਾਰ ਕਰੋੜ ਤੋਂ 15 ਹਜ਼ਾਰ ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ।
ਉਨ੍ਹਾਂ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਇਸ ਸਾਰੀ ਸਥਿਤੀ ਨੂੰ ਦੇਖਦਿਆਂ ਸਰਕਾਰ ਨੂੰ ਟੈਕਸਾਂ ਦਾ ਬੋਝ ਲੋਕਾਂ ’ਤੇ ਨਹੀਂ ਪਾਉਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸੂਬੇ ਦੀ ਗੁੰਝਲਦਾਰ ਅਮਨ-ਕਾਨੂੰਨ ਦੀ ਸਥਿਤੀ ਕਾਰਨ ਸਰਕਾਰ ਦੇ ਮਾਲੀਏ ਵਿੱਚ ਹੋਰ ਕਮੀ ਆਉਣ ਦੀ ਸੰਭਾਵਨਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ‘ਤੇ ਟੈਕਸ ਵਧਾ ਦਿੱਤਾ ਹੈ ਅਤੇ ਹੁਣ ਜਨਤਾ ‘ਤੇ ਹੋਰ ਬੋਝ ਪਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ‘ਆਪ’ ਸਰਕਾਰ ਨੇ ਰੇਤਾ-ਬੱਜਰੀ ਤੋਂ 20 ਹਜ਼ਾਰ ਕਰੋੜ ਅਤੇ 34 ਹਜ਼ਾਰ ਕਰੋੜ ਰੁਪਏ ਦੀ ਲੀਕੇਜ਼ ਰੋਕਣ ਅਤੇ ਖਜ਼ਾਨੇ ‘ਚ ਲਿਆਉਣ ਦਾ ਵਾਅਦਾ ਕੀਤਾ ਸੀ।
ਜਿਸ ਵਿੱਚ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਗਈ ਹੈ। ਦੂਜੇ ਪਾਸੇ ਸਰਕਾਰ ਨੇ ਸੂਬੇ ਵਿੱਚ ਨਿੱਜੀ ਨਿਵੇਸ਼ ਲਿਆਉਣ ਦੇ ਵਾਅਦੇ ਕੀਤੇ ਸਨ। ਜੋ ਸੂਬੇ ਦੀ ਅਸਥਿਰ ਕਾਨੂੰਨ ਵਿਵਸਥਾ ਕਾਰਨ ਨਹੀਂ ਆ ਸਕਿਆ। ਉਨ੍ਹਾਂ ‘ਆਪ’ ਸਰਕਾਰ ਨੂੰ ਸੁਝਾਅ ਦਿੱਤਾ ਕਿ ਉਹ ਪੂੰਜੀਗਤ ਖਰਚੇ ਵਧਾਏ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਨਿੱਜੀ ਨਿਵੇਸ਼ ਲਈ ਸੂਬੇ ਵਿੱਚ ਸਦਭਾਵਨਾ ਦਾ ਮਾਹੌਲ ਬਣਾਉਣਾ ਹੋਵੇਗਾ। ਤਾਂ ਹੀ ਸੂਬੇ ਦੀ ਆਰਥਿਕਤਾ ਵਿੱਚ ਸੁਧਾਰ ਹੋ ਸਕੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦੀ ਭੋਲੇ-ਭਾਲੇਪਣ ਕਾਰਨ ਪੰਜਾਬ ਵੱਡੇ ਆਰਥਿਕ ਸੰਕਟ ਵਿੱਚ ਫਸ ਸਕਦਾ ਹੈ।