ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): – ਜਿਹੜਾ ਵੀ ਵਿਅਕਤੀ ਸਿੱਖਾਂ ਦੇ ਹੱਕਾਂ ਦੀ ਗੱਲ ਕਰਦਾ ਹੈ ਜਾਂ ਕਰੇਗਾ, ਪੰਜਾਬ ਅਤੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੀ ਗੱਲ ਕਰੇਗਾ, ਉਹ ਹਿੰਦੁਸਤਾਨੀ ਹਕੂਮਤ ਅਤੇ ਉਸ ਦੇ ਪਾਲਤੂ ਮੀਡੀਆ ਦੀਆਂ ਅੱਖਾਂ ਵਿੱਚ ਜ਼ਰੂਰ ਰੜਕੇਗਾ। ਅਜਿਹਾ ਹੀ ਪੰਜਾਬ ਦੇ ਵਾਰਿਸ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਤੇ ਸਹਿਯੋਗੀਆਂ ਨਾਲ ਵਾਪਰ ਰਿਹਾ ਹੈ। ਹਿੰਦੁਸਤਾਨ ਦੀ ਮੌਜੂਦਾ ਮੁਤੱਸਬੀ ਸਰਕਾਰ ਭਾਈ ਅੰਮ੍ਰਿਤਪਾਲ ਸਿੰਘ ਦਾ ਇਸੇ ਲਈ ਹੀ ਵਿਰੋਧ ਕਰ ਰਹੀ ਹੈ। ਪਰ ਸਿੱਖਾਂ ਨੂੰ ਉਸ ਦਾ ਡਟ ਕੇ ਸਾਥ ਦੇਣਾ ਚਾਹੀਦਾ ਹੈ।
ਉਕਤ ਵਿਚਾਰ ਜਲਾਵਤਨੀ ਸਿੱਖ ਆਗੂ ਜਥੇਦਾਰ ਗੁਰਮੇਜ ਸਿੰਘ ਗਿੱਲ ਯੂ ਕੇ, ਜਥੇਦਾਰ ਬਲਬੀਰ ਸਿੰਘ ਯੂ ਕੇ, ਜਥੇਦਾਰ ਸੁਬੇਗ ਸਿੰਘ ਡੈਨਮਾਰਕ, ਜਥੇਦਾਰ ਸਤਨਾਮ ਸਿੰਘ ਅਤੇ ਜਥੇਦਾਰ ਰੇਸ਼ਮ ਸਿੰਘ ਜਰਮਨੀ ਨੇ ਪ੍ਰਗਟ ਕਰਦਿਆਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਪੰਜਾਬ ਵਿੱਚ ਸਮੂਹ ਪੰਜਾਬੀਆਂ ਦੇ ਹੱਕਾਂ ਦੀ ਮੁਹਿੰਮ ਚਲਾ ਰਿਹਾ ਹੈ, ਇਸੇ ਲਈ ਪੰਜਾਬ ਅਤੇ ਸਿੱਖਾਂ ਦੇ ਵਿਰੋਧੀ ਉਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਕਾਨੂੰਨੀ ਜਾਲ ਵਿੱਚ ਫਸਾ ਕੇ ਇਸ ਮੁਹਿੰਮ ਨੂੰ ਖ਼ਤਮ ਕਰਨਾ ਚਾਹੁੰਦੇ ਹਨ । ਸਭ ਤੋਂ ਵੱਧ ਇਕ ਪੱਖੀ ਮੀਡੀਆ ਉਸ ਦਾ ਵਿਰੋਧ ਕਰ ਰਿਹਾ ਹੈ । ਉਹ ਸਾਰੇ ਪੰਜਾਬੀ ਨੌਜਵਾਨਾਂ ਦੇ ਨਸ਼ੇ ਛੁਡਾ ਰਿਹਾ ਹੈ, ਨੌਜਵਾਨਾਂ ਨੂੰ ਮੁੜ ਸਿੱਖੀ ਨਾਲ ਜੋੜ ਰਿਹਾ ਹੈ । ਪੰਜਾਬ ਦੇ ਲੁੱਟੇ ਜਾ ਰਹੇ ਕੁਦਰਤੀ ਸ੍ਰੋਤ ਪਾਣੀਆਂ ਦਾ ਮਾਮਲਾ ਹੈ ਜਾਂ ਪੰਜਾਬ ਦੇ ਹੋਰ ਹੱਕਾਂ ਦੀ ਗੱਲ ਹੋਵੇ, ਭਾਵੇਂ ਸਿੱਖ ਰਾਜ ਦੀ ਅਜ਼ਾਦੀ ਦਾ ਮਾਮਲਾ ਹੋਵੇ, ਉਹ ਇਹਨਾਂ ਸਾਰੇ ਮਾਮਲਿਆਂ ਬਾਰੇ ਡਟ ਕੇ ਗੱਲ ਕਰਦਾ ਹੈ। ਉਕਤ ਆਗੂਆਂ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਅੰਮ੍ਰਿਤਪਾਲ ਸਿੰਘ ਦਾ ਡਟ ਕੇ ਸਾਥ ਦੇਣ ਤਾਂ ਜੋ ਪੰਜਾਬ ਨੂੰ ਸਾਡੇ ਦੁਸ਼ਮਣਾਂ ਤੋਂ ਬਚਾਇਆ ਜਾ ਸਕੇ । ਸਿੱਖ ਕੌਮ ਆਪਣੇ ਹੱਕਾਂ ਲਈ ਪਿਛਲੇ ਚਾਲੀ ਪੰਜਤਾਲੀ ਸਾਲਾਂ ਤੋਂ ਸੰਘਰਸ਼ ਕਰ ਰਹੀ ਹੈ ਅਤੇ ਇਹ ਸੰਘਰਸ਼ ਆਪਣੀ ਮੰਜਿਲ ਦੀ ਪ੍ਰਾਪਤੀ ਤੱਕ ਜਾਰੀ ਰਹੇਗਾ ।
ਉਕਤ ਆਗੂਆਂ ਨੇ ਪੰਜਾਬ ਦੇ ਸਿੱਖਾਂ, ਸਮੂਹ ਸਿੱਖ ਜਥੇਬੰਦੀਆਂ, ਸੰਪਰਦਾਵਾਂ ਅਤੇ ਮਨੁੱਖੀ ਅਧਿਕਾਰਾਂ ਲਈ ਕੰਮ ਕਰ ਰਹੀਆਂ ਸੰਸਥਾਵਾਂ ਅਤੇ ਖਾਸ ਕਰਕੇ ਸਿੱਖ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਚੰਡੀਗੜ੍ਹ ਦੀ ਸਰਹੱਦ ’ਤੇ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਵਿਚ ਵਧ ਚੜ੍ਹ ਕੇ ਸ਼ਾਮਿਲ ਹੋਣ ਤਾਂ ਜੋ ਲੰਮੇ ਸਮੇਂ ਤੋਂ ਭਾਰਤੀ ਜੇਲ੍ਹਾਂ ਵਿੱਚ ਬੰਦ ਸਿੱਖ ਬਾਹਰ ਆ ਸਕਣ ਅਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦਾ ਇਨਸਾਫ਼ ਮਿਲ ਸਕੇ।