ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਹੁਸਨੀ ਮੁਬਾਰਕ ਵਲੋਂ ਅਸਤੀਫ਼ਾ ਦਿੱਤੇ ਜਾਣ ਸਬੰਧੀ ਕਿਹਾ ਹੈ ਕਿ ਹੁਸਨੀ ਮੁਬਾਰਕ ਦਾ ਅਸਤੀਫ਼ਾ ਮਿਸਰ ਵਿਚ ਤਬਦੀਲੀ ਦਾ ਅੰਤ ਨਹੀਂ ਇਕ ਨਵੀਂ ਸ਼ੁਰੂਆਤ ਹੈ। ਹੁਣ ਮਿਸਰ ਨੂੰ ਨਿਰਪੱਖ ਅਤੇ ਸੁਤੰਤਰ ਚੋਣਾਂ ਦੀ ਤਿਆਰੀ ਕਰਨੀ ਚਾਹੀਦੀ ਹੈ।
ਬਰਾਕ ਓਬਾਮਾ ਨੇ ਮਿਸਰ ਦੇ ਲੋਕਾਂ ਵਲੋਂ ਸ਼ਾਂਤੀਪੂਰਣ ਢੰਗ ਨਾਲ ਕੀਤੇ ਗਏ ਮੁਜਾਹਰਿਆਂ ਦਾ ਜਿਕਰ ਕਰਦੇ ਹੋਏ ਕਿਹਾ ਹੈ ਕਿ ਮਿਸਰ ਦੇ ਲੋਕਾਂ ਨੇ ਸ਼ਾਂਤਮਈ ਢੰਗ ਨਾਲ ਬਿਨਾਂ ਕਿਸੇ ਹਥਿਆਰ ਜਾਂ ਅਤਿਵਾਦ ਦੇ ਦੇਸ਼ ਵਿਚ ਇਕ ਅਹਿਮ ਤਬਦੀਲੀ ਕੀਤੀ ਹੈ। ਇਸਨੇ ਅਮਰੀਕਾ ਨੂੰ ਪ੍ਰੇਰਿਤ ਕੀਤਾ ਹੈ ਅਤੇ ਇਸ ਰਾਹੀਂ ਇਤਿਹਾਸ ਨੇ ਨਿਆਂ ਵੱਲ ਇਕ ਨਵੀਂ ਕਰਵਟ ਲਈ ਹੈ। ਉਨ੍ਹਾਂ ਨੇ ਕਿਹਾ ਕਿ ਮਿਸਰ ਦੇ ਲੋਕਾਂ ਵਲੋਂ ਕੀਤੀ ਗਈ ਇਹ ਤਬਦੀਲੀ ਇਕ ਬਹੁਤ ਵੱਡੀ ਕ੍ਰਾਂਤੀ ਵਜੋਂ ਜਾਣੀ ਜਾਵੇਗੀ। ਇਸ ਰਾਹੀਂ ਉਨ੍ਹਾਂ ਨੇ ਦੁਨੀਆਂ ਨੂੰ ਦਰਸਾ ਦਿੱਤਾ ਹੈ ਕਿ ਸੱਤਾ ਪਲਟਣ ਲਈ ਕਿਸੇ ਪ੍ਰਕਾਰ ਦੇ ਖੂਨ ਖ਼ਰਾਬੇ, ਸਾੜ ਫੂਕ ਦੀ ਲੋੜ ਨਹੀਂ ਹੁੰਦੀ।