ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਹੋਲਾ ਮੋਹੱਲਾ ਪੁਰਬ ਅਤੇ ਸੰਤ ਕਿਸ਼ਨ ਸ਼ਾਹ ਸਿੰਘ ਜੀ ਦੀ ਮੀਠੀ ਯਾਦ ਵਿਚ ਵਿਸ਼ੇਸ਼ ਕੀਰਤਨ ਸਮਾਗਮ ਦਿੱਲੀ ਦੇ ਗੁਰਦਵਾਰਾ ਭਾਈ ਸ਼ੋਮਾ ਸ਼ਾਹ 3 ਬਲਾਕ ਸੁਭਾਸ਼ ਨਗਰ ਵਿਖੇ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ । ਇਹ ਸਮਾਗਮ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸਮਾਜ ਸੇਵੀ ਅਤੇ ਦਿੱਲੀ ਕਮੇਟੀ ਦੇ ਨੌਜੁਆਨ ਮੈਂਬਰ ਇੰਦਰਪ੍ਰੀਤ ਸਿੰਘ ਕੋਛੜ (ਮੌਂਟੀ) ਵਲੋਂ ਕੀਤੇ ਸਹਿਯੋਗ ਸਦਕਾ ਉਲੀਕਿਆ ਗਿਆ ਸੀ । ਇਸ ਪ੍ਰੋਗਰਾਮ ਵਿਚ ਪੰਥ ਪ੍ਰਸਿੱਧ ਰਾਗੀ ਸਾਹਿਬਾਨ ਦੇ ਨਾਲ ਭਾਈ ਬਲਵਿੰਦਰ ਸਿੰਘ ਰਮਦਾਸ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅਤੇ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਨੇ ਉਚੇਚੇ ਤੌਰ ਤੇ ਹਾਜ਼ਿਰੀ ਭਰਕੇ ਮਨੋਹਰ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਇਤਿਹਾਸ/ਗੁਰਬਾਣੀ ਨਾਲ ਜੋੜਿਆ । ਸਮਾਗਮ ਦੀ ਸਮਾਪਤੀ ਤੇ ਕੜਾਅ ਪ੍ਰਸ਼ਾਦਿ ਦੀ ਦੇਗ ਅਤੇ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ ਸੀ । ਇੰਦਰਪ੍ਰੀਤ ਸਿੰਘ ਮੌਂਟੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਲੇ ਮਹੱਲੇ ਪੁਰਬ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੀਤੀ ਗਈ ਹੁਲੜਬਾਜ਼ੀ ਦੀ ਨਿਖੇਧੀ ਕਰਦਿਆਂ ਕਨੈਡਾ ਦੇ ਨਾਗਰਿਕ ਪ੍ਰਦੀਪ ਸਿੰਘ ਨੂੰ ਕਤਲ ਕੀਤੇ ਜਾਣ ਦੀ ਸਖ਼ਤ ਨਿੰਦਿਆਂ ਕਰਦਿਆਂ ਪ੍ਰਸ਼ਾਸ਼ਨ ਨੂੰ ਇਸ ਮਾਮਲੇ ਵਿਚ ਦੋਸ਼ੀਆਂ ਨੂੰ ਬਣਦੀ ਸਜ਼ਾ ਦੇਣ ਦੀ ਮੰਗ ਕੀਤੀ । ਉਨ੍ਹਾਂ ਪ੍ਰਸ਼ਾਸ਼ਨ ਅਤੇ ਐਸਜੀਪੀਸੀ ਨੂੰ ਅਪੀਲ ਕੀਤੀ ਕਿ ਪੰਥਕ ਤਿਉਹਾਰਾਂ ਵਿਚ ਕੀਤੀ ਜਾਂਦੀ ਹੁਲੜਬਾਜ਼ੀ ਨੂੰ ਰੋਕਣ ਲਈ ਪਹਿਲਾਂ ਹੀ ਸਖ਼ਤ ਕਦਮ ਚੁੱਕੇ ਜਾਣੇ ਚਾਹੀਦੇ ਹਨ ਜਿਸ ਨਾਲ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਸਕੇ ।