ਅੰਮ੍ਰਿਤਸਰ:- ਇਟਲੀ ਦੇ ਵੱਖ-ਵੱਖ ਏਅਰਪੋਰਟਾਂ ’ਤੇ ਸਿੱਖਾਂ ਨੂੰ ਦਸਤਾਰ ਉਤਾਰਨ ਲਈ ਮਜ਼ਬੂਰ ਕਰਨ, ਕੈਨੇਡਾ ਦੇ ਕਿਊਬਕ ਸੂਬੇ ਦੀ ਵਿਧਾਨ ਸਭਾ ’ਚ ਕ੍ਰਿਪਾਨ ਲਿਜਾਣ ’ਤੇ ਪਾਬੰਦੀ ਲਗਾਉਣ ਅਤੇ ਫਰਾਂਸ ’ਚ ਸਿੱਖ ਬੱਚਿਆਂ ਨੂੰ ਦਸਤਾਰ ਸਜਾਉਣ ’ਤੇ ਪਾਬੰਦੀ ਲਗਾਉਣ ਕਾਰਨ ਸਿੱਖ ਭਾਈਚਾਰੇ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਨਿੱਤ ਪੇਸ਼ ਆ ਰਹੀਆਂ ਮੁਸ਼ਕਲਾਂ ਦੇ ਹੱਲ ਸਬੰਧੀ ਵਿਚਾਰਾਂ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਇਕ ਪੱਤਰ ਲਿਖ ਕੇ ਮੁਲਾਕਾਤ ਲਈ ਸਮਾਂ ਮੰਗਿਆ ਹੈ।
ਜਥੇ. ਅਵਤਾਰ ਸਿੰਘ ਨੇ ਆਪਣੇ ਪੱਤਰ ’ਚ ਕਿਹਾ ਹੈ ਕਿ ਸਿੱਖ ਭਾਈਚਾਰੇ ਨੂੰ ਉਪਰੋਕਤ ਮੁਸ਼ਕਲਾਂ ਉਨ੍ਹਾਂ ਦੀ ਸਮਾਜਿਕ ਤੇ ਧਾਰਮਿਕ ਪਹਿਚਾਣ ਪ੍ਰਤੀ ਅਗਿਆਨਤਾ ਕਾਰਨ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਪਹਿਚਾਣ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਮਾਨਤਾ ਦਿਵਾਉਣ ਲਈ ਸਰਕਾਰ ਅਸਫ਼ਲ ਰਹੀ ਹੈ ਉਹ ਵੀ ਉਸ ਸਮੇਂ ਜਦ ਸਰਕਾਰ ਦਾ ਮੁਖੀ ਖੁਦ ਸਿੱਖ ਹੈ।
ਉਨ੍ਹਾਂ ਕਿਹਾ ਕਿ ਸਿੱਖਾਂ ਨੇ ਸੰਸਾਰ ਭਰ ਦੇ ਵੱਖ-ਵੱਖ ਦੇਸ਼ਾਂ ਦੀ ਤਰੱਕੀ ਤੇ ਖੁਸ਼ਹਾਲੀ ਲਈ ਵੱਡਾ ਯੋਗਦਾਨ ਪਾਇਆ ਹੈ। ਦਸਤਾਰ ਤੇ ਕ੍ਰਿਪਾਨ ਸਿੱਖਾਂ ਦੇ ਸਮਾਜਿਕ ਤੇ ਧਾਰਮਿਕ ਪਹਿਚਾਣ ਦੇ ਚਿੰਨ੍ਹ ਹਨ, ਜਿਨ੍ਹਾਂ ਨੂੰ ਸਰੀਰ ਨਾਲੋਂ ਕਦੇ ਵੀ ਵੱਖ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਕਿਸੇ ਸਿੱਖ ਦੀ ਦਸਤਾਰ ਜਬਰੀ ਉਤਾਰਨੀ ਤਾਂ ਕਿਧਰੇ ਰਹੀ ਉਸ ਵੱਲ ਉਂਗਲ ਕਰਨਾ ਵੀ ਉਸ ਦੀ ਤੌਹੀਨ ਦੇ ਤੁਲ ਹੈ ਜਿਸ ਨੂੰ ਸਿੱਖ ਭਾਈਚਾਰੇ ’ਚ ਕਦਾਚਿਤ ਬ੍ਰਦਾਸ਼ਤ ਨਹੀਂ ਕੀਤਾ ਜਾ ਸਕਦਾ, ਪਰ ਆਏ ਦਿਨ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਕਾਰਨ ਸਿੱਖ ਭਾਈਚਾਰੇ ’ਚ ਰੋਸ ਪਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਅਸੀਂ ਸਮੇਂ ਸਮੇਂ ਵਾਪਰੀਆਂ ਅਜਿਹੀਆਂ ਘਟਨਾਵਾਂ ਸਬੰਧੀ ਤੁਰੰਤ ਕਾਰਵਾਈ ਕਰਨ ਲਈ ਮਾਨਯੋਗ ਪ੍ਰਧਾਨ ਮੰਤਰੀ ਜੀ ਦੇ ਨੋਟਿਸ ’ਚ ਲਿਆਉਂਦੇ ਰਹੇ ਹਾਂ ਪਰ ਉਨ੍ਹਾਂ ਵੱਲੋਂ ਕੋਈ ਤਵਜੋਂ ਨਾ ਦਿੱਤੇ ਜਾਣ ਕਾਰਨ ਅੱਜ ਸਮੁੱਚੀ ਸਿੱਖ ਕੌਮ ਨੂੰ ਵੱਖ-ਵੱਖ ਦੇਸ਼ਾਂ ’ਚ ਦੁਸ਼ਵਾਰ ਤੇ ਜਲੀਲ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਸਿੱਖਾਂ ਦੀ ਪਹਿਚਾਣ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਮਾਨਤਾ ਦਿਵਾਉਣ ਲਈ ਤੁਰੰਤ ਕਾਰਵਾਈ ਕਰੇ।
ਉਨ੍ਹਾਂ ਬੀਤੇ ਦਿਨੀਂ ਇਟਲੀ ਦੀ ਰਾਜਧਾਨੀ ਰੋਮ ਦੀ ਏਅਰਪੋਰਟ ’ਤੇ ਸੁਰੱਖਿਆ ਜਾਂਚ ਦੇ ਨਾਂਅ ’ਤੇ ਸ. ਕਰਮਜੀਤ ਸਿੰਘ (ਢਿੱਲੋਂ) ਤੇ ਉਨ੍ਹਾਂ ਦੇ ਸਾਥੀਆਂ ਦੀਆਂ ਦਸਤਾਰਾਂ ਉਤਾਰਨ ਲਈ ਮਜ਼ਬੂਰ ਕੀਤੇ ਜਾਣ ਦੀ ਕਾਰਵਾਈ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਅਜਿਹੀਆ ਘਟਨਾਵਾਂ ਦੇ ਤੁਰੰਤ ਹੱਲ ਲਈ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਨਿੱਜੀ ਦਿਲਚਸਪੀ ਲੈਣੀ ਚਾਹੀਦੀ ਹੈ।