ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੂੰ ਖੇਤੀ ਸੰਦ ਬਣਾਉਣ ਵਾਲੀ ਦੇਸ਼ ਦੀ ਵੱਡੀ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਵੱਲੋਂ ਸਥਾਪਿਤ ਸਰਵੋਤਮ ਯੂਨੀਵਰਸਿਟੀ ਸਨਮਾਨ ਇਸ ਵਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਦਿੱਤਾ ਜਾਵੇਗਾ। ਭਾਰਤ ਦੇ ਖੇਤੀਬਾੜੀ ਸਕੱਤਰ ਡਾ: ਪੀ ਕੇ ਬਸੂ ਦੀ ਪ੍ਰਧਾਨਗੀ ਹੇਠ ਦਸ ਮੈਂਬਰੀ ਤਕਨੀਕੀ ਮਾਹਿਰਾਂ ਦੇ ਪੈਨਲ ਨੇ ਇਹ ਫੈਸਲਾ ਆਪਣੇ ਇਕ ਪੱਤਰ ਰਾਹੀਂ ਯੂਨੀਵਰਸਿਟੀ ਨੂੰ ਦੱਸਿਆ ਹੈ। ਮਹਿੰਦਰਾ ਐਂਡ ਮਹਿੰਦਰਾ ਦੇ ਪ੍ਰਧਾਨ ਡਾ: ਪਵਨ ਗੋਇਨਕਾ ਵੱਲੋਂ ਲਿਖੀ ਚਿੱਠੀ ਮੁਤਾਬਕ ਕ੍ਰਿਸ਼ੀ ਸ਼ਿਕਸ਼ਾ ਸਨਮਾਨ ਅਤੇ ਦੇਸ਼ ਦੀ ਸਰਵੋਤਮ ਖੇਤੀਬਾੜੀ ਯੂਨੀਵਰਸਿਟੀ ਪੁਰਸਕਾਰ ਹਾਸਿਲ ਕਰਨ ਲਈ ਦੇਸ਼ ਦੀਆਂ 22 ਯੂਨੀਵਰਸਿਟੀਆਂ ਨੇ ਆਪੋ ਆਪਣੀਆਂ ਦਾਅਵੇਦਾਰੀਆਂ ਕੀਤੀਆਂ ਸਨ। ਇਹ ਇਨਾਮ ਭਾਰਤ ਦੇ ਖੇਤੀਬਾੜੀ ਅਤੇ ਭੋਜਨ ਪ੍ਰੋਸੈਸਿੰਗ ਉਦਯੋਗ ਮੰਤਰੀ ਸ਼੍ਰੀ ਸ਼ਰਦ ਪਵਾਰ 21 ਫਰਵਰੀ ਨੂੰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੂੰ ਪ੍ਰਦਾਨ ਕਰਨਗੇ।
ਡਾ: ਪਵਨ ਗੋਇਨਕਾ ਵੱਲੋਂ ਲਿਖੀ ਇਸ ਚਿੱਠੀ ਵਿੱਚ ਕਿਹਾ ਗਿਆ ਹੈ ਕਿ ਇਹ ਪੁਰਸਕਾਰ ਦੇਸ਼ ਦੇ ਸਮੁੱਚੇ ਕਿਸਾਨ ਭਾਈਚਾਰੇ ਨੂੰ ਗਿਆਨ ਵਿਗਿਆਨ ਅਧਾਰਿਤ ਤਕਨੀਕਾਂ ਦੇਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝ ਕੇ ਹੱਲ ਕਰਨ ਦੀ ਦਿਲਚਸਪੀ ਕਾਰਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਦਿੱਤਾ ਜਾ ਰਿਹਾ ਹੈ।
ਪੁਰਸਕਾਰ ਦਾ ਐਲਾਨ ਹੋਣ ਉਪਰੰਤ ਗੱਲਬਾਤ ਕਰਦਿਆਂ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਕਿਹਾ ਕਿ 1995 ਵਿੱਚ ਭਾਰਤੀ ਖੇਤੀ ਖੋਜ ਪ੍ਰੀਸ਼ਦ ਨੇ ਇਸ ਯੂਨੀਵਰਸਿਟੀ ਨੂੰ ਦੇਸ਼ ਦੀ ਸਰਵੋਤਮ ਯੂਨੀਵਰਸਿਟੀ ਐਲਾਨਿਆ ਸੀ ਅਤੇ ਹੁਣ 16 ਸਾਲ ਬਾਅਦ ਦੇਸ਼ ਦੀ ਸਰਵੋਤਮ ਯੂਨੀਵਰਸਿਟੀ ਵਜੋਂ ਫਿਰ ਇਹੀ ਮਾਣ ਮਹਿੰਦਰਾ ਐਂਡ ਮਹਿੰਦਰਾ ਵੱਲੋਂ ਹਾਸਿਲ ਹੋਣਾ ਸਾਡੇ ਸਭ ਲਈ ਅਤੇ ਪੰਜਾਬ ਰਾਜ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਆਖਿਆ ਕਿ ਇਸ ਯੂਨੀਵਰਸਿਟੀ ਨੇ ਹੁਣ ਤੀਕ 95 ਫ਼ਸਲਾਂ, ਫ਼ਲਾਂ ਅਤੇ ਸਬਜ਼ੀਆਂ ਦੀਆਂ 693 ਕਿਸਮਾਂ ਵਿਕਸਤ ਕੀਤੀਆਂ ਹਨ ਅਤੇ ਸੈਂਕੜੇ ਉਤਪਾਦਨ ਤਕਨੀਕਾਂ ਵੀ ਕਿਸਾਨ ਭਲਾਈ ਲਈ ਸਿਫਾਰਸ਼ ਕੀਤੀਆਂ ਹਨ। ਉਨ੍ਹਾਂ ਆਖਿਆ ਕਿ ਇਹ ਸਨਮਾਨ ਪੰਜਾਬ ਦੇ ਵਿਗਿਆਨੀਆਂ, ਖੇਤੀ ਅਧਿਆਪਕਾਂ, ਕਿਸਾਨਾਂ ਅਤੇ ਪਸਾਰ ਮਾਹਿਰਾਂ ਦੇ ਸੁਮੇਲ ਕਾਰਨ ਇਸ ਯੂਨੀਵਰਸਿਟੀ ਨੂੰ ਹਾਸਿਲ ਹੋਇਆ ਹੈ। ਡਾ: ਕੰਗ ਨੇ ਆਖਿਆ ਕਿ ਅਗਲੇ ਸਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਆਪਣੀ ਉਮਰ ਅੱਧੀ ਸਦੀ ਹੋ ਜਾਵੇਗੀ ਅਤੇ ਉਸ ਤੋਂ ਇਕ ਵਰ੍ਹਾ ਪਹਿਲਾਂ ਇਹ ਆਦਰ ਮਿਲਣਾ ਸਾਡੇ ਉਤਸ਼ਾਹ ਨੂੰ ਹੋਰ ਬਲ ਬਖਸ਼ੇਗਾ।