ਫ਼ਤਹਿਗੜ੍ਹ ਸਾਹਿਬ – “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮਹਿਸੂਸ ਕਰਦਾ ਹੈ ਕਿ ਇੰਡੀਆ ਦੀਆਂ ਵਿਧਾਨਿਕ ਜਮਹੂਰੀਅਤ ਪੱਖੀ ਲੀਹਾਂ, ਕਦਰਾਂ-ਕੀਮਤਾਂ ਨੂੰ ਲੰਮੇ ਸਮੇਂ ਤੋਂ ਨਿਰੰਤਰ ਘਾਣ ਕਰਦੀ ਆ ਰਹੀ ਹੈ । ਜਿਵੇ ਕਸ਼ਮੀਰ ਵਿਚ ਵਿਧਾਨ ਰਾਹੀ ਕਸ਼ਮੀਰੀਆਂ ਨੂੰ ਆਰਟੀਕਲ 370 ਅਤੇ ਧਾਰਾ 35ਏ ਦੁਆਰਾ ਖੁਦਮੁਖਤਿਆਰੀ ਦੇ ਅਧਿਕਾਰ ਪ੍ਰਾਪਤ ਸਨ, ਤਾਂ ਮੁਤੱਸਵੀ ਹੁਕਮਰਾਨਾਂ ਨੇ ਉਹ ਸਭ ਵਿਧਾਨਿਕ ਕਸ਼ਮੀਰੀਆਂ ਦੇ ਹੱਕਾਂ ਨੂੰ ਕੁੱਚਲਕੇ ਜੰਮੂ-ਕਸ਼ਮੀਰ ਨੂੰ ਯੂ.ਟੀ. ਐਲਾਨਕੇ ਆਪਣੇ ਅਧੀਨ ਜ਼ਬਰੀ ਕਰ ਲਿਆ ਹੈ । ਇਥੇ ਹੀ ਬਸ ਨਹੀ ਲੰਮੇ ਸਮੇ ਤੋ ਜੋ ਕਸ਼ਮੀਰੀ ਇੰਡੀਆ ਦੇ ਨਾਗਰਿਕ ਹਨ, ਉਨ੍ਹਾਂ ਨੂੰ ਵੱਡੀ ਗਿਣਤੀ ਵਿਚ ਫੋਰਸਾਂ ਤੇ ਪੁਲਿਸ ਦੁਆਰਾ ਨਿਸ਼ਾਨਾਂ ਬਣਾਕੇ ਮਾਰਿਆ ਜਾ ਰਿਹਾ ਹੈ । ਉਥੇ ਅਫਸਪਾ ਵਰਗਾਂ ਕਾਲਾ ਕਾਨੂੰਨ ਲਾਗੂ ਕਰਕੇ ਕਸ਼ਮੀਰੀਆਂ ਨੂੰ ਜਦੋ ਚਾਹੁਣ ਚੁੱਕਿਆ ਜਾ ਸਕਦਾ ਹੈ, ਉਨ੍ਹਾਂ ਉਤੇ ਸਰੀਰਕ, ਮਾਨਸਿਕ ਤਸੱਦਦ ਢਾਹਿਆ ਜਾ ਸਕਦਾ ਹੈ, ਉਨ੍ਹਾਂ ਨਾਲ ਜ਼ਬਰ-ਜ਼ਨਾਹ ਕੀਤਾ ਜਾ ਸਕਦਾ ਹੈ । ਉਨ੍ਹਾਂ ਦੀ ਲੱਤ-ਬਾਂਹ ਤੋੜ ਦਿੱਤੀ ਜਾ ਸਕਦੀ ਹੈ ਅਤੇ ਉਨ੍ਹਾਂ ਨੂੰ ਸਰੀਰਕ ਤੌਰ ਤੇ ਮਾਰਿਆ ਵੀ ਜਾ ਸਕਦਾ ਹੈ । ਇਸੇ ਤਰ੍ਹਾਂ ਸਿੱਖ ਕੌਮ ਦੀ ਪਾਰਲੀਮੈਂਟ ਐਸ.ਜੀ.ਪੀ.ਸੀ. ਦਾ ਹੁਕਮਰਾਨਾਂ ਵੱਲੋ ਬੀਤੇ 12 ਸਾਲਾਂ ਤੋ ਚੋਣਾਂ ਨਾ ਕਰਵਾਕੇ ਸਿੱਖ ਕੌਮ ਦੀ ਜਮਹੂਰੀਅਤ ਮੁਕੰਮਲ ਰੂਪ ਵਿਚ ਖਤਮ ਕਰ ਦਿੱਤੀ ਗਈ ਹੈ । ਜਦੋਕਿ ਰੂਸ ਜਿਸਨੇ ਯੂਕਰੇਨ ਦੇ ਵੱਡੇ ਇਲਾਕੇ ਉਤੇ ਕਬਜਾ ਕੀਤਾ ਹੈ, ਰੂਸ ਨੇ ਉਨ੍ਹਾਂ 4 ਇਲਾਕਿਆ ਵਿਚ ਵੋਟਾਂ ਪਵਾਕੇ ਚੋਣ ਪ੍ਰਕਿਰਿਆ ਰਾਹੀ ਜਮਹੂਰੀਅਤ ਲੀਹਾਂ ਨੂੰ ਪ੍ਰਵਾਨ ਕੀਤਾ ਹੈ ਅਤੇ ਯੂਕਰੇਨ ਨੇ ਵੀ ਇਸ ਫੈਸਲੇ ਨੂੰ ਪ੍ਰਵਾਨ ਕੀਤਾ ਹੈ । ਜੋ ਕਿ ਕੌਮਾਂਤਰੀ ਜਮਹੂਰੀਅਤ ਕਾਨੂੰਨਾਂ ਤੇ ਨਿਯਮਾਂ ਦਾ ਮਾਣ-ਸਨਮਾਨ ਕਰਨ ਵਾਲੇ ਉਦਮ ਹਨ । ਇਸ ਲਈ ਜੇਕਰ ਸ੍ਰੀ ਰਾਹੁਲ ਗਾਂਧੀ ਨੇ ਇੰਡੀਆ ਦੀ ਜ਼ਮਹੂਰੀਅਤ ਦੇ ਗਲਾਂ ਘੁੱਟਣ ਦੀ ਗੱਲ ਬਰਤਾਨੀਆ ਵਿਚ ਕਰ ਦਿੱਤੀ ਹੈ, ਫਿਰ ਉਨ੍ਹਾਂ ਨੇ ਝੂਠ ਕੀ ਬੋਲਿਆ ਹੈ ? ਅਸੀ ਵੀ ਨਿਰੰਤਰ ਹੁਕਮਰਾਨਾਂ ਵੱਲੋ ਇੰਡੀਆ ਤੇ ਪੰਜਾਬ ਵਿਚ ਜਮਹੂਰੀਅਤ ਨੂੰ ਖ਼ਤਮ ਕਰਨ ਬਾਰੇ ਬੋਲਦੇ ਆ ਰਹੇ ਹਾਂ । ਫਿਰ ਇਸ ਸੱਚ ਨੂੰ ਉਜਾਗਰ ਕਰਨ ਉਤੇ ਇੰਡੀਆ ਦੇ ਮੁਤੱਸਵੀ ਹੁਕਮਰਾਨਾਂ, ਮੋਦੀ ਹਕੂਮਤ, ਬੀਜੇਪੀ-ਆਰ.ਐਸ.ਐਸ ਦੇ ਐਮ.ਪੀਜ਼ ਆਦਿ ਵੱਲੋ ਵਾਵੇਲਾ ਖੜ੍ਹਾ ਕਿਉਂ ਕਰ ਰਹੇ ਹਨ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੇ ਰਾਜ ਭਾਗ ਉਤੇ ਇਸ ਸਮੇ ਕਾਬਜ ਬੀਜੇਪੀ-ਆਰ.ਐਸ.ਐਸ, ਮੁਤੱਸਵੀ ਜਮਾਤਾਂ, ਉਨ੍ਹਾਂ ਨਾਲ ਸੰਬੰਧਤ ਹੁਕਮਰਾਨਾਂ, ਐਮ.ਪੀਜ ਆਦਿ ਵੱਲੋ ਸਮੁੱਚੀ ਪਾਰਲੀਮੈਂਟ ਵਿਚ ਅਤੇ ਮੀਡੀਏ ਵਿਚ ਰੌਲਾ ਪਾਉਣ ਦੀਆਂ ਬੇਨਤੀਜਾ ਕਾਰਵਾਈਆ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਜਦੋਕਿ ਇਥੋ ਦੇ ਨਿਵਾਸੀਆ ਨੂੰ ਹਰ ਪੱਧਰ ਤੇ ਦਰਪੇਸ਼ ਆ ਰਹੀਆ ਮੁਸਕਿਲਾਂ, ਮਸਲਿਆ ਨੂੰ ਹੱਲ ਕਰਨ ਅਤੇ ਮੁਲਕ ਨਿਵਾਸੀਆ ਨੂੰ ਮਾਲੀ, ਸਮਾਜਿਕ ਤੌਰ ਤੇ ਮਜਬੂਤ ਕਰਨ ਅਤੇ ਉਨ੍ਹਾਂ ਦੇ ਜੀਵਨ ਪੱਧਰ ਨੂੰ ਪ੍ਰਗਤੀਸ਼ੀਲ ਮੁਲਕਾਂ ਦੇ ਬਰਾਬਰ ਲਿਆਉਣ ਸੰਬੰਧੀ ਅਤੇ ਵਿਕਾਸ ਸੰਬੰਧੀ ਵਿਚਾਰਾਂ ਹੋਣੀਆ ਚਾਹੀਦੀਆ ਹਨ, ਉਥੇ ਇਹ ਗੈਰ ਜਿੰਮੇਵਰਾਨਾਂ ਐਮ.ਪੀਜ ਅਤੇ ਭਾਰਤੀ ਜਨਤਾ ਪਾਰਟੀ ਦੇ ਅਹੁਦੇਦਾਰ ਬਿਨ੍ਹਾਂ ਕਿਸੇ ਵਜਹ ਤੋ ਸਮਾਂ ਖ਼ਰਾਬ ਕਰਕੇ ਪਾਰਲੀਮੈਂਟ ਦੀਆਂ ਬੈਠਕਾਂ ਉਤੇ ਇਥੋ ਦੇ ਨਿਵਾਸੀਆ ਦੇ ਕਰੋੜਾਂ-ਅਰਬਾਂ ਖਰਚ ਹੋਣ ਦਾ ਕੋਈ ਵੀ ਉਸਾਰੂ ਨਤੀਜਾ ਨਹੀ ਕੱਢਿਆ ਜਾ ਰਿਹਾ ਬਲਕਿ ਵਿਰੋਧੀਆ ਨੂੰ ਨਿਸ਼ਾਨਾਂ ਬਣਾਕੇ ਸੱਚ ਨੂੰ ਬੋਲਣ ਉਤੇ ਜ਼ਬਰੀ ਰੋਕ ਲਗਾਉਣ ਦੀਆਂ ਅਸਫਲ ਕੋਸ਼ਿਸ਼ਾਂ ਹੋ ਰਹੀਆ ਹਨ । ਇਹ ਹਕੂਮਤੀ ਵਰਤਾਰਾ ਵੀ ਆਪਣੇ-ਆਪ ਵਿਚ ਜ਼ਮਹੂਰੀਅਤ ਦਾ ਜਨਾਜ਼ਾਂ ਕੱਢਣ ਵਾਲਾ ਹੈ । ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਨੇ ਅਮਰੀਕਾ ਦੇ ਸਾਬਕਾ ਸਦਰ ਸ੍ਰੀ ਡੋਨਾਲਡ ਟਰੰਪ ਦੀ ਚੋਣ ਸਮੇ ਅਮਰੀਕਾ ਜਾ ਕੇ ਉਥੇ 4 ਵਾਰੀ ਸ੍ਰੀ ਟਰੰਪ ਦੇ ਹੱਕ ਵਿਚ ਇਕੱਠਾਂ ਵਿਚ ਪ੍ਰਚਾਰ ਕੀਤਾ । ਇੰਡੀਆ ਦੇ ਵਜ਼ੀਰ-ਏ-ਆਜਮ ਹੁੰਦੇ ਹੋਏ ਇਸ ਤਰ੍ਹਾਂ ਪੱਖਪਾਤੀ ਕਾਰਵਾਈਆ ਕਰਨਾ ਮੁਲਕ ਨਿਵਾਸੀਆ ਦੇ ਕਿੰਨਾ ਕੁ ਹੱਕ ਵਿਚ ਹੈ ? ਜੇਕਰ ਸ੍ਰੀ ਟਰੰਪ ਚੋਣਾਂ ਵਿਚ ਹਾਰ ਜਾਂਦੇ ਤਾਂ ਇੰਡੀਆ ਦੇ ਵਜ਼ੀਰ-ਏ-ਆਜਮ ਸ੍ਰੀ ਮੋਦੀ ਅਤੇ ਇੰਡੀਆ ਦੀ ਕੌਮਾਂਤਰੀ ਪੱਧਰ ਤੇ ਜੋ ਹਾਸੋਹੀਣੀ ਸਥਿਤੀ ਬਣਨੀ ਸੀ, ਉਸ ਲਈ ਕੌਣ ਜਿੰਮੇਵਾਰ ਹੋਣਾ ਸੀ ? ਅਜਿਹੇ ਸਮੇਂ ਤਾਂ ਨਿਰਪੱਖ ਰਹਿਣਾ ਅਤਿ ਜ਼ਰੂਰੀ ਹੁੰਦਾ ਹੈ । ਲੇਕਿਨ ਇੰਡੀਆ ਦੇ ਮੁਤੱਸਵੀ ਹੁਕਮਰਾਨ, ਇੰਡੀਆ ਵਿਚ ਹੀ ਨਹੀ ਬਲਕਿ ਕੌਮਾਂਤਰੀ ਪੱਧਰ ਤੇ ਵੀ ਜ਼ਮਹੂਰੀਅਤ ਕਦਰਾਂ-ਕੀਮਤਾਂ ਦਾ ਆਪਣੇ ਸਿਆਸੀ ਅਤੇ ਮਾਲੀ ਸਵਾਰਥਾਂ ਦੀ ਪੂਰਤੀ ਲਈ ਨਿਰੰਤਰ ਉਲੰਘਣ ਕਰਦੇ ਆ ਰਹੇ ਹਨ । ਇਹ ਅਜਿਹਾ ਇਸ ਲਈ ਕਰਦੇ ਹਨ ਕਿ ਸਿਆਸਤ ਦੇ ਉੱਚੇ-ਸੁੱਚੇ ਇਖਲਾਕ ਨੂੰ ਕਾਇਮ ਰੱਖਣ ਵਿਚ ਇਹ ਅਸਫਲ ਸਾਬਤ ਹੋ ਚੁੱਕੇ ਹਨ । ਹੁਣ ਉੱਠ ਆਪ ਤੋ ਨਹੀ ਹੁੰਦਾ ਅਤੇ ਫਿੱਟੇ ਮੂੰਹ ਗੋਡਿਆ ਦੀ ਕਹਾਵਤ ਵਾਲਾ ਅਮਲ ਕਰਕੇ ਵਿਰੋਧੀ ਪਾਰਟੀਆਂ ਤੇ ਵਿਰੋਧੀ ਆਗੂਆ ਉਤੇ ਨਿਰਆਧਾਰ ਦੋਸ਼ ਲਗਾਕੇ ਇੰਡੀਆ ਨਿਵਾਸੀਆ ਦੀ ਨਜਰ ਵਿਚ ਸੱਚੇ ਸਾਬਤ ਹੋਣਾ ਚਾਹੁੰਦੇ ਹਨ । ਜਿਸਦਾ ਜੁਆਬ ਇੰਡੀਆ ਦੇ ਨਿਵਾਸੀ 2024 ਦੀਆਂ ਆਉਣ ਵਾਲੀਆ ਚੋਣਾਂ ਵਿਚ ਇਨ੍ਹਾਂ ਮੁਤੱਸਵੀਆਂ ਅਤੇ ਸਾਜਿਸਕਾਰਾਂ ਨੂੰ ਦੇਣਗੇ ।