ਸੈਨਫਰਾਂਸਿਸਕੋ / ਮਹਿਤਾ ਚੌਕ – ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਤੇ ਹੋਰ ਸਿੰਘਾਂ ਅਤੇ ਸਿੱਖ ਨੌਜੁਆਨਾਂ ਦੀਆਂ ਗ੍ਰਿਫ਼ਤਾਰੀਆਂ ਅਤੇ ਛਾਪੇ ਮਾਰੀਆਂ ਦੀ ਨਿਖੇਧੀ ਕਰਦਿਆਂ ਇਸ ਨੂੰ ਤੁਰੰਤ ਬੰਦ ਕਰਨ ਤੋਂ ਇਲਾਵਾ ਗ੍ਰਿਫ਼ਤਾਰ ਕੀਤੇ ਗਏ ਸਾਰੇ ਸਿੰਘਾ ਨੂੰ ਬਿਨਾਂ ਸ਼ਰਤ ਰਿਹਾ ਕਰਨ ਮੰਗ ਕੀਤੀ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨੀ ਦੀ ਵੱਡੀ ਪੱਧਰ ‘ਤੇ ਕੀਤੀਆਂ ਗ਼ੈਰਕਾਨੂੰਨੀ ਗ੍ਰਿਫ਼ਤਾਰੀਆਂ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਲਾਂਬੂ ਲਾਉਣ ਦੇ ਤੁੱਲ ਹੋਵੇਗਾ।
ਅਮਰੀਕਾ ਦੀ ਵਿਦੇਸ਼ੀ ਦੌਰੇ ’ਤੇ ਸੈਨਫਰਾਂਸਿਸਕੋ ਹਵਾਈ ਅੱਡੇ ’ਤੇ ਪਹੁੰਚੇ ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਹੋਣ ਜਾਂ ਨਾ ਹੋਣ ਬਾਰੇ ਪੰਜਾਬ ਸਰਕਾਰ ਦੀ ਚੁੱਪੀ ਕਈ ਤਰਾਂ ਦੇ ਸ਼ੰਕੇ ਪੈਦਾ ਕਰ ਰਹੀ ਹੈਲ ਉਨ੍ਹਾਂ ਨੇ ਸਮੂਹ ਸਿੱਖ ਜਥੇਬੰਦੀਆਂ ,ਧਾਰਮਿਕ ਸ਼ਖ਼ਸੀਅਤਾਂ ਅਤੇ ਪੰਥ ਦਰਦੀਆਂ ਨੂੰ ਇਸ ਮਸਲੇ ‘ਤੇ ਤੁਰੰਤ ਇੱਕ ਜੁੱਟ ਹੋ ਕੇ ਇਸ ਕਾਰਵਾਈ ਖ਼ਿਲਾਫ਼ ਸਾਂਝੀ ਅਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮਾਮਲੇ ‘ਚ ਨਿੱਜੀ ਜ਼ਿੰਮੇਵਾਰੀ ਲੈਂਦੇ ਹੋਏ ਉਹ ਸਮੂਹ ਪੰਜਾਬੀਆਂ ਨੂੰ ਸਚਾਈ ਤੋਂ ਜਾਣੂ ਕਰਵਾਉਣਾ ਦਾ ਆਪਣਾ ਫ਼ਰਜ਼ ਨਿਭਾਉਂਣ ਅਤੇ ਭਾਈ ਅੰਮ੍ਰਿਤਪਾਲ ਸਿੰਘ ਤੇ ਹੋਰ ਸਿੰਘਾਂ ਨੂੰ ਤੁਰੰਤ ਸੁਰੱਖਿਅਤ ਸਿੱਖ ਕੌਮ ਦੇ ਹਵਾਲੇ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਹੋਰਨਾਂ ਮੁਲਕਾਂ ਵਿਚ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ’ਤੇ ਕੀਤੇ ਜਾ ਰਹੇ ਜਬਰ ਜ਼ੁਲਮ ਵਿਰੁੱਧ ਸੰਗਤਾਂ ਮੁਜ਼ਾਹਰੇ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਨਾਂ ਨੌਜਵਾਨਾਂ ਨੇ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਵਿਚ ਨੌਜਵਾਨਾਂ ਦੇ ਨਸ਼ੇ ਛਡਵਾਉਣ ਲਈ ਅਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਦਿਨ ਰਾਤ ਇਕ ਕਰ ਰਹੇ ਸਨ, ਅਸੀਂ ਇਸ ਗਲ ਨੂੰ ਭਲੀਭਾਂਤ ਸਮਝ ਦੇ ਹਾਂ ਕਿ ਜਦੋਂ ਵੀ ਕੋਈ ਪੰਥ ਦਾ ਸੇਵਾਦਾਰ ਜਾਂ ਆਗੂ ਪੰਥ ਦੀ ਚੜ੍ਹਦੀ ਕਲਾ ਲਈ ਕਾਰਜ ਕਰਦੇ ਹਨ ਤਾਂ ਸਰਕਾਰਾਂ ਵੱਲੋਂ ਦਮਨ ਦੀ ਨੀਤੀ ਅਪਣਾਈ ਜਾਂਦੀ, ਇਸ ਤਰਾਂ ਦੀਆਂ ਨੀਤੀਆਂ ਨਾਲ ਪਹਿਲਾਂ ਹੀ ਕੌਮ ਅੰਦਰ ਹਕੂਮਤਾਂ ਪ੍ਰਤੀ ਨਫ਼ਰਤ ਪੈਦਾ ਕੀਤੀ ਹੋਈ ਹੈ। ਉਨ੍ਹਾਂ ਦੁਨੀਆ ਭਰ ਦੇ ਸਿੱਖਾਂ ਅੰਦਰੋਂ ਰੋਸ ਨੂੰ ਦੂਰ ਕਰਦਿਆਂ ਉਨਾਂ ਦੇ ਮਨਾਂ ਨੂੰ ਸ਼ਾਂਤ ਕਰਨ ਲਈ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਦੇ ਘੇਰਾਬੰਦੀ ਤੁਰੰਤ ਬੰਦ ਕਰਨ ਅਤੇ ਸਿੱਖੀ ਪ੍ਰਚਾਰ ਲਈ ਵਹੀਰ ’ਤੇ ਰੋਕ ਹਟਾਉਣ ਲਈ ਕਿਹਾ।