ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸਿੱਖ ਪੱਤਰਕਾਰਾਂ, ਡਿਜੀਟਲ ਮੀਡੀਆ ਚੈਨਲਾਂ, ਸਿੱਖ ਚਿੰਤਕਾਂ, ਸਮਾਜਿਕ ਕਾਰਕੁਨਾਂ, ਸਿਆਸੀ ਟਿੱਪਣੀਕਾਰਾਂ ਅਤੇ ਪੰਜਾਬ ਦੇ ਬਹੁਤ ਸਾਰੇ ਸਿੱਖਾਂ ਦੇ ਸੋਸ਼ਲ ਮੀਡੀਆ ਖਾਤਿਆਂ ‘ਤੇ ਪੂਰਨ ਜਾਂ ਅੰਸ਼ਕ ਪਾਬੰਦੀ ਸਰਕਾਰ ਵੱਲੋਂ ਲਗਾਉਣ ‘ਤੇ ਜਾਗੋ ਪਾਰਟੀ ਨੇ ਚਿੰਤਾ ਪ੍ਰਗਟ ਕੀਤੀ ਹੈ। ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ, ਫੇਸਬੁੱਕ ਅਤੇ ਯੂਟਿਊਬ ਦੀ ਇਸ ਕਾਰਵਾਈ ਨੂੰ ਬੋਲਣ ਦੀ ਆਜ਼ਾਦੀ ‘ਤੇ ਹਮਲਾ ਕਰਾਰ ਦਿੱਤਾ ਹੈ। ਜੀਕੇ ਨੇ ਕਿਹਾ ਕਿ ਪਹਿਲਾਂ ਸਰਕਾਰਾਂ ਸਿੱਖਾਂ ਦੇ ‘ਹਥਿਆਰਾਂ’ ਤੋਂ ਡਰਦੀਆਂ ਸਨ, ਪਰ ਹੁਣ ‘ਵਿਚਾਰਾਂ’ ਤੋਂ ਵੀ ਡਰਦੀਆਂ ਹਨ। ਇਸ ਲਈ ਵਿਚਾਰਾਂ ਦੀ ਵਿਰੋਧੀ ਸਰਕਾਰਾਂ ਨੇ ਹੁਣ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਇੱਕ ਟਵੀਟ ਨੂੰ ਭਾਰਤ ਵਿੱਚ ਬੈਨ ਕਰ ਦਿੱਤਾ ਹੈ। ਨਵੰਬਰ 1984 ਦੇ ਸਿੱਖ ਕਤਲੇਆਮ ਤੋਂ ਪਹਿਲਾਂ ਜਿਸ ਤਰ੍ਹਾਂ ਸਿੱਖਾਂ ਦੇ ਲਾਈਸੈਂਸੀ ਹਥਿਆਰ ਦਿੱਲੀ ਦੇ ਥਾਣਿਆਂ ਵਿੱਚ ਜਮ੍ਹਾਂ ਕਰਵਾਏ ਗਏ ਸਨ। ਇਸੇ ਤਰਜ਼ ‘ਤੇ ਹੁਣ ਪੰਜਾਬ ‘ਚ ਵੀ ਬਿਨਾਂ ਕੋਈ ਕਾਰਨ ਦੱਸੇ ਸਿੱਖਾਂ ਦੇ ਅਸਲਾ ਲਾਇਸੈਂਸ ਰੱਦ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਜਵਾਬ ਦੇਵੇਗੀ ਕਿ ਕੀ ਇਹ ਅਸਲਾ ਲਾਇਸੈਂਸ ਆਦਤਨ ਅਪਰਾਧੀਆਂ ਨੂੰ ਜਾਰੀ ਕੀਤੇ ਗਏ ਸਨ? ਜਾਂ ਆਪਣੀ ਸੁਰੱਖਿਆ ਲਈ ਜ਼ਿੰਮੇਵਾਰ ਨਾਗਰਿਕਾਂ ਨੂੰ ਦਿੱਤੇ ਗਏ ਸਨ?
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜੀਕੇ ਨੇ ਕਿਹਾ ਕਿ ਪੰਜਾਬ ਸਰਕਾਰ ਸੰਵਿਧਾਨ ਦੇ ਆਰਟੀਕਲ 19 ਦੀ ਉਲੰਘਣਾ ਕਰਕੇ ਨਾਗਰਿਕਾਂ ਦੀ ਬੋਲਣ ਦੀ ਆਜ਼ਾਦੀ ‘ਤੇ ਬੇਲੋੜੀਆਂ ਪਾਬੰਦੀਆਂ ਲਗਾ ਰਹੀ ਹੈ। ਇਸ ਲਈ ਜਾਗੋ ਪਾਰਟੀ ਵੱਲੋਂ ਇਨ੍ਹਾਂ ਪਾਬੰਦੀਆਂ ਖ਼ਿਲਾਫ਼ ਭਾਰਤ ਦੇ ਚੀਫ਼ ਜਸਟਿਸ ਨੂੰ ਪੱਤਰ ਭੇਜਿਆ ਜਾ ਰਿਹਾ ਹੈ। ਜਿਸ ਵਿੱਚ ਸੋਸ਼ਲ ਮੀਡੀਆ ਪਲੇਟਫਾਰਮਾਂ ਦੀਆਂ ਮਨਮਾਨੀਆਂ ਅਤੇ ਉਨ੍ਹਾਂ ਦੀਆਂ ਕਾਨੂੰਨ ਵਿਰੋਧੀ ਨੀਤੀਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਸਾਨੂੰ ਜਾਣਕਾਰੀ ਮਿਲੀ ਹੈ ਕਿ 100 ਤੋਂ ਵੱਧ ਸੋਸ਼ਲ ਮੀਡੀਆ ਖਾਤੇ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ ‘ਤੇ ਬੰਦ ਕਰ ਦਿੱਤੇ ਗਏ ਹਨ। ਕਿਸੇ ਵੀ ਸੋਸ਼ਲ ਮੀਡੀਆ ਖਾਤਾ ਧਾਰਕ ਨੂੰ ਕਾਨੂੰਨ ਦੇ ਕੁਦਰਤੀ ਨਿਆਂ ਦੇ ਸਿਧਾਂਤ ਅਨੁਸਾਰ ਸੁਣਵਾਈ ਦਾ ਮੌਕਾ ਦਿੱਤੇ ਬਿਨਾਂ “ਸਰਕਾਰ ਦੀ ਕਾਨੂੰਨੀ ਮੰਗ” ਦਾ ਹਵਾਲਾ ਦਿੰਦੇ ਹੋਏ ਇਕਪਾਸੜ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ। ਇਹ ਨਾਗਰਿਕਾਂ ਦੀ ਬੋਲਣ ਦੀ ਆਜ਼ਾਦੀ ਨੂੰ ਖੋਹਣ ਦੇ ਬਰਾਬਰ ਹੈ। ਪੰਜਾਬ ਅਤੇ ਸਿੱਖਾਂ ਨੂੰ ਜਾਣਬੁੱਝ ਕੇ ਬਦਨਾਮ ਕਰਕੇ 2024 ਵਿੱਚ ਹਿੰਦੂ ਵੋਟਾਂ ਦਾ ਧਰੁਵੀਕਰਨ ਕਰਨ ਦੇ ਯਤਨ ਦਿੱਲੀ ਅਤੇ ਪੰਜਾਬ ਤੋਂ ਕੀਤੇ ਜਾ ਰਹੇ ਹਨ। ਇਸ ਮੌਕੇ ਜਾਗੋ ਪਾਰਟੀ ਦੇ ਸਕੱਤਰ ਜਨਰਲ ਡਾਕਟਰ ਪਰਮਿੰਦਰ ਪਾਲ ਸਿੰਘ, ਦਿੱਲੀ ਕਮੇਟੀ ਮੈਂਬਰ ਸਤਨਾਮ ਸਿੰਘ ਖਾਲਸਾ, ਜਾਗੋ ਪਾਰਟੀ ਦੇ ਆਗੂ ਰਾਜਾ ਬਲਦੀਪ ਸਿੰਘ, ਜਤਿੰਦਰ ਸਿੰਘ ਬੋਬੀ ਅਤੇ ਸੁਖਮਨ ਸਿੰਘ ਸਾਹਨੀ ਇਸ ਮੌਕੇ ਮੌਜੂਦ ਸਨ।