ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ)-: ਮਹਾਨ ਸਿੱਖ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ 300ਵੀਂ ਜਨਮ ਸ਼ਤਾਬਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ 16 ਅਪ੍ਰੈਲ ਤੋਂ ਵੱਡੇ ਪੱਧਰ ‘ਤੇ ਮਨਾਈ ਜਾ ਰਹੀ ਹੈ। ਇਸ ਸਬੰਧੀ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਜੀ ਦੀ ਅਗਵਾਈ ਹੇਠ ਇੱਕ ਉੱਚ ਪੱਧਰੀ ਮੀਟਿੰਗ ਪਰਮਜੀਤ ਸਿੰਘ ਸਰਨਾ ਦੇ ਗ੍ਰਹਿ ਵਿਖੇ ਹੋਈ। ਇਸ ਮੀਟਿੰਗ ਵਿੱਚ ਖਾਲਸਾ ਪੰਥ ਦੀ ਮਰਿਆਦਾ ਅਨੁਸਾਰ ਸਾਰੇ ਜੋੜ ਮੇਲਿਆਂ ਨੂੰ ਸਫ਼ਲਤਾਪੂਰਵਕ ਮਨਾਉਣ ਬਾਰੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਤਾਂ ਜੋ ਸੰਗਤਾਂ ਵੱਧ ਤੋਂ ਵੱਧ ਇਨ੍ਹਾਂ ਸਮਾਗਮਾਂ ਵਿੱਚ ਸ਼ਾਮਲ ਹੋ ਕੇ ਸਿੱਖ ਇਤਿਹਾਸ ਅਤੇ ਗੌਰਵਮਈ ਵਿਰਸੇ ਨਾਲ ਜੁੜ ਸਕਣ। ਸਮਾਗਮ ਦੀ ਸ਼ੁਰੂਆਤ 16 ਅਪ੍ਰੈਲ ਨੂੰ ਖਾਲਸਾ ਫਤਹਿ ਮਾਰਚ ਹੋਵੇਗਾ ਜੋ ਗੁਰਦੁਆਰਾ ਰਕਾਬ ਗੰਜ ਸਾਹਿਬ ਤੋਂ ਸ਼ੁਰੂ ਹੋ ਕੇ ਡੀ.ਡੀ.ਏ ਗਰਾਊਂਡ ਹਰੀ ਨਗਰ ਵਿਖੇ ਸਮਾਪਤ ਹੋਵੇਗਾ, ਜਿੱਥੇ 17 ਅਪ੍ਰੈਲ ਨੂੰ ਗੁਰਮਤਿ ਸਮਾਗਮ ਕਰਵਾਇਆ ਜਾਵੇਗਾ। ਇਸ ਜੋੜ ਮੇਲੇ ਵਿੱਚ ਪੰਥ ਦੇ ਵਿਦਵਾਨ, ਕਵੀਸ਼ਰਾਂ ਦੇ ਨਾਲ-ਨਾਲ ਰਾਗੀ ਅਤੇ ਢਾਡੀ ਜਥੇ ਵੀ ਸ਼ਿਰਕਤ ਕਰਨਗੇ। ਉਸ ਤੋਂ ਬਾਅਦ 18 ਅਪ੍ਰੈਲ ਨੂੰ ਵਿਸ਼ੇਸ਼ ਖਾਲਸਾ ਖੇਡ ਮੇਲਾ ਕਰਵਾਇਆ ਜਾਵੇਗਾ।
ਖਾਲਸਾ ਫਤਹਿ ਮਾਰਚ ਅਗਲੇ ਪੜਾਅ ਲਈ 20 ਅਪ੍ਰੈਲ ਨੂੰ ਗੁਰਦੁਆਰਾ ਛੋਟੇ ਸਾਹਿਬਜ਼ਾਦੇ ਫਤਿਹ ਨਗਰ, ਦਿੱਲੀ ਤੋਂ ਰਵਾਨਾ ਹੋਵੇਗਾ। ਇਸ ਮੌਕੇ ਹਾਜ਼ਰ ਆਗੂਆਂ ਨੇ ਕਿਹਾ ਕਿ ਦਿੱਲੀ ਦੀ ਸਮੁੱਚੀ ਗੁਰੂ ਨਾਨਕ ਨਾਮ ਲੇਵਾ ਸੰਗਤ ਇਨ੍ਹਾਂ ਸਮਾਗਮਾਂ ਨੂੰ ਮਨਾਉਣ ਲਈ ਤਿਆਰ-ਬਰ-ਤਿਆਰ ਹੈ, ਇਸ ਲਈ ਅਕਾਲ ਪੁਰਖ ਦੀ ਮੇਹਰ ਨਾਲ ਸਾਰੇ ਸਮਾਗਮ ਸਫ਼ਲਤਾਪੂਰਵਕ ਨੇਪਰੇ ਚਾੜ੍ਹਨਗੇ । ਇਸ ਮੀਟਿੰਗ ਵਿੱਚ ਸ. ਹਰਜਿੰਦਰ ਸਿੰਘ ਧਾਮੀ ਅਤੇ ਸ. ਪਰਮਜੀਤ ਸਿੰਘ ਸਰਨਾ ਤੋਂ ਇਲਾਵਾ ਜਥੇਦਾਰ ਹੀਰਾ ਸਿੰਘ ਗਾਬੜੀਆ (ਸਾਬਕਾ ਕੈਬਨਿਟ ਮੰਤਰੀ), ਸ. ਮਨਜੀਤ ਸਿੰਘ ਜੀ.ਕੇ., ਸ. ਕੁਲਦੀਪ ਸਿੰਘ ਭੋਗਲ, ਰਜਿੰਦਰ ਸਿੰਘ ਮਹਿਤਾ, ਸ. ਬਲਦੇਵ ਸਿੰਘ ਰਾਣੀਬਾਘ, ਸ. ਅਨੂਪ ਸਿੰਘ ਘੁੰਮਣ, ਸ. ਤਜਿੰਦਰ ਸਿੰਘ ਗੋਪਾ, ਸ. ਸੁਖਵਿੰਦਰ ਸਿੰਘ ਬੱਬਰ, ਬੀਬੀ ਰਣਜੀਤ ਕੌਰ, ਸ. ਸਤਨਾਮ ਸਿੰਘ, ਸ. ਜਤਿੰਦਰ ਸਿੰਘ ਸਾਹਨੀ, ਡਾ: ਪਰਮਿੰਦਰਪਾਲ ਸਿੰਘ, ਨੌਜਵਾਨ ਆਗੂ ਜਸਮੀਤ ਸਿੰਘ ਪ੍ਰੀਤਮਪੁਰਾ, ਸ. ਪ੍ਰਭਜੋਤ ਸਿੰਘ ਗੁਲਾਟੀ, ਸ. ਇੰਦਰਜੀਤ ਸਿੰਘ, ਸੰਤਗੜ੍ਹ ਦਿੱਲੀ ਮਿਸ਼ਨ ਦੇ ਇੰਚਾਰਜ ਸੁਰਿੰਦਰ ਸਿੰਘ ਸਮਾਣਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਅਤੇ ਹੋਰ ਪਤਵੰਤੇ ਹਾਜ਼ਰ ਸਨ।