ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ (ਸਰੀ, ਕੈਨੇਡਾ) ਵਿਖੇ ਗੁਰਦੁਆਰਾ ਸਾਹਿਬਾਨਾਂ ਅਤੇ ਪੰਥਕ ਜਥੇਬੰਦੀਆਂ ਦੇ ਸੱਦੇ ਤੇ ਬ੍ਰਿਟਿਸ਼ ਕੋਲੰਬੀਆ ਦੀਆਂ ਸੰਗਤਾਂ ਦਾ ਸਾਂਝਾ ਇਕੱਠ ਕੀਤਾ ਗਿਆ। ਪੰਥਕ ਨੁਮਾਇੰਦਿਆਂ ਨੇ ਮੌਜੂਦਾ ਹਲਾਤਾਂ ਬਾਰੇ ਆਪਣੇ ਵਿਚਾਰ ਅਤੇ ਸੁਝਾਅ ਪੇਸ਼ ਕੀਤੇ ਅਤੇ ਭਾਰਤ ਸਰਕਾਰ ਵਲੋ ਪੰਜਾਬ ਅਤੇ ਸਿੱਖ ਪੰਥ ਤੇ ਜਬਰ-ਜ਼ੁਲਮ ਦੀ ਚਲਾਈ ਹੋਈ ਲਹਿਰ ਦਾ ਸਖ਼ਤ ਸ਼ਬਦਾਂ ਵਿੱਚ ਵਿਰੋਧ ਪਰਗਟ ਕੀਤਾ। ਇਕੱਠ ਦੌਰਾਨ ਬੁਲਾਰਿਆ ਨੇ ਸਾਂਝੇ ਰੂਪ ਵਿੱਚ ਇਹ ਸੁਝਾਅ ਪੇਸ਼ ਕੀਤੇ ਕਿ ਜਿੱਥੇ ਗੁਰੂ ਖ਼ਾਲਸਾ ਪੰਥ ਦੇ ਨੌਜਵਾਨਾਂ ਨੂੰ ਨਜ਼ਰਬੰਦ ਕੀਤਾ ਗਿਆ, ਪੰਜਾਬ ਦੇ ਮਨੁੱਖੀ ਅਧਿਕਾਰਾਂ ਦੇ ਵਕੀਲ ਅਤੇ ਪੰਥਕ ਮੀਡੀਆ ਨੂੰ ਲਗਾਤਾਰ ਤੰਗ ਕੀਤਾ ਜਾ ਰਿਹਾ, ਅਤੇ ਇਕ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਗਿਆ ਹੈ, ਓਥੇ ਖ਼ਾਲਸਾ ਪੰਥ ਨੂੰ ਹੁਣ ਆਪਣੀਆਂ ਪੁਰਾਤਨ ਰਵਾਇਤਾਂ ਨੂੰ ਕਾਇਮ ਕਰਨ ਦੀ ਲੋੜ ਹੈ ਜਿੱਥੇ ਸਖ਼ਤ ਅਤੇ ਸੁਹਿਰਦ ਫੈਸਲੇ ਲਏ ਜਾਣ। ਓਨਟਾਰੀਓ ਗੁਰਦੁਆਰਾ ਕਮੇਟੀ ਨਾਲ ਸਾਂਝ ਪਾਉਂਦੇ ਹੋਏ ਅਤੇ ਇਸ ਇਕੱਠ ਵਿੱਚੋ ਕੁਝ ਸੁਝਾਅ ਇਸ ਪ੍ਰਕਾਰ ਹਨ।
1. ਕੌਮ ਦੇ ਸਨਮੁੱਖ ਦਰਪੇਸ਼ ਮਸਲਿਆਂ ਦੇ ਹੱਲ ਲੱਭਣ ਅਤੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਆਪਣੀਆਂ ਪੁਰਾਣੀਆਂ ਰਵਾਇਤਾਂ ਨੂੰ ਸੁਰਜੀਤ ਕਰਦੇ ਹੋਏ ਜਲਦੀ ਹੀ ਪੰਥਕ ਜਥੇਬੰਦੀਆਂ (ਨਾ ਕਿ ਕੋਈ ਰਾਜਸੀ/ਸਿਆਸੀ ਪਾਰਟੀ ਜਾ ਓਹਨਾ ਦੇ ਥਾਪੇ ਹੋਏ ਜਥੇਦਾਰ) ਸਰਬੱਤ ਖਾਲਸਾ ਸੱਦਣ ਦੀਆਂ
ਤਿਆਰੀਆਂ ਸ਼ੁਰੂ ਕਰਨ। ਸਰਬੱਤ ਖਾਲਸਾ ਦੀਆਂ ਰਵਾਇਤਾਂ ਅਨੁਸਾਰ ਕੌਮ ਦੀਆਂ ਸਮੂਹ ਜਥੇਬੰਦੀਆਂ, ਦਲਾਂ, ਨਿਹੰਗ ਫ਼ੌਜਾਂ, ਟਕਸਾਲਾਂ, ਜਥਿਆਂ ਅਤੇ ਸੰਪਰਦਾਵਾਂ ਨੂੰ ਪੰਥ ਦੀ ਬਿਹਤਰੀ ਲਈ ਸਿਰ ਜੋੜ ਬੈਠ ਕਰ ਸੰਵਾਦ ਰਚਾਇਆ ਜਾਵੇ ਅਤੇ ਗੁਰਮਤੇ ਦੀ ਪੰਥਕ ਜੁਗਤ ਰਾਹੀਂ ਕੌਮੀ ਨਿਸ਼ਾਨਿਆਂ ਦੀ ਪ੍ਰਾਪਤੀ ਵੱਲ ਵੱਧੀਏ। ਇਹ ਯਕੀਨੀ ਬਣਾਇਆ ਜਾਵੇ ਕਿ ਕੋਈ ਇੱਕ ਧਿਰ ਜਾਂ ਜਥੇਬੰਦੀ ਸਰਬੱਤ ਖਾਲਸਾ ਦੇ ਇਕੱਠ ਨੂੰ ਆਪਣੇ ਰਾਜਸੀ ਮੁਫ਼ਾਦਾਂ ਲਈ ਵਰਤਣ ਦੀ ਹਿਮਾਕਤ ਨਾ ਕਰੇ। ਇਸ ਇਕੱਠ ਵਿੱਚ ਸਮੁੱਚੇ ਪੰਥ ਦੀ ਚੜ੍ਹਦੀ ਕਲਾ ਲਈ ਪੁਰਾਤਨ ਵਿਧੀ ਵਿਧਾਨ ਅਨੁਸਾਰ ਗੁਰਮਤੇ ਕੀਤੇ ਜਾਣ।
2. ਭਾਈ ਅੰਮ੍ਰਿਤਪਾਲ ਸਿੰਘ ਦੁਆਰਾ ਚਲਾਈ ਜਾ ਰਹੀ ਅੰਮ੍ਰਿਤ ਪ੍ਰਚਾਰ ਦੀ ਲਹਿਰ ਨੂੰ ਹੁਣ ਸਮੂਹ ਜਥੇਬੰਦੀਆਂ, ਦਲਾਂ, ਨਿਹੰਗ ਫ਼ੌਜਾਂ, ਟਕਸਾਲਾਂ, ਜਥਿਆਂ ਅਤੇ ਸੰਪਰਦਾਵਾਂ ਨੂੰ ਲਗਾਤਾਰ ਅੱਗੇ ਲੈ ਕੇ ਜਾਣ ਦੀ ਲੋੜ ਹੈ ਅਤੇ ਇਹ ਸਾਰਿਆ ਸੰਸਥਾਵਾਂ ਨੂੰ ਬੇਨਤੀ ਹੈ ਕਿ ਕਮਰਕਸਾ ਕਰ ਕੇ ਅੰਮ੍ਰਿਤ ਸੰਚਾਰ ਦੀ ਲਹਿਰ ਨੂੰ ਕਾਇਮ ਰੱਖਣ।
3. ਪੰਥ ਦਾ ਨਿਸ਼ਾਨਾ ਖਾਲਸਾ ਰਾਜ ਦੀ ਕਾਇਮੀ ਕਰਨਾ ਹੈ। ਸਾਡੀਆਂ ਸੰਸਥਾਵਾਂ, ਦਲਾਂ ਅਤੇ ਜਥਿਆਂ ਦੇ ਮੁਢਲੇ ਕਾਰਜ ਇਸ ਨਿਸ਼ਾਨੇ ਦੀ ਪ੍ਰਾਪਤੀ ਵੱਲ ਸੇਧਤ ਹੋਣੇ ਚਾਹੀਦੇ ਹਨ। ਇਸੇ ਦਿਸ਼ਾ ਵਿੱਚ 1986 ਦੇ ਕੀਤੇ ਗਏ ਅਨੰਦਪੁਰ ਸਾਹਿਬ ਦੇ ਮੱਤੇ ਨੂੰ ਮੁੱਖ ਰੱਖ ਕੇ ਪੰਥ ਵੱਲੋਂ ਮਜ਼ਬੂਤੀ ਨਾਲ ਖਾਲਸਾ ਰਾਜ ਦੀ ਕਾਇਮੀ ਲਈ ਜਦੋਜਹਿਦ ਕਰਨੀ ਚਾਹੀਦੀ ਹੈ।
4. ਕੌਮ ਦੇ ਜੁਝਾਰੂ ਸਿੰਘ ਜੋ ਪਿਛਲੇ ਤੀਹ-ਤੀਹ ਸਾਲਾਂ ਤੋਂ ਜੇਲਾਂ ਵਿੱਚ ਬੰਦ ਹਨ ਅਤੇ ਉਹਨਾਂ ਦੀਆਂ ਅਤੇ ਸਰਕਾਰ ਨੇ ਜੋ ਤਾਜ਼ਾ ਮਨੋਵਿਗਿਆਨਕ ਹਮਲੇ ਦੌਰਾਨ ਵਾਰਿਸ ਪੰਜਾਬ ਜਥੇਬੰਦੀ ਦੇ ਨੌਜਵਾਨਾਂ ਨੂੰ ਬੰਦੀ ਬਣਾਇਆ ਹੈ ਉਹਨਾਂ ਦੀ ਰਿਹਾਈ ਲਈ ਪੰਥ ਨੂੰ ਭਾਸਣਬਾਜ਼ੀ ਤੋਂ ਉੱਪਰ ਉੱਠ ਕੇ ਠੋਸ ਫ਼ੈਸਲੇ ਲੈਣੇ ਚਾਹੀਦੇ ਜਿਨਾਂ ਦੇ ਸਾਰਥਕ ਨਤੀਜੇ ਨਿਕਲਣ।
ਭਾਈ ਅੰਮ੍ਰਿਤਪਾਲ ਸਿੰਘ ਨੇ ਕੌਮ ਨੂੰ ਬਹੁਤ ਥੋੜੇ ਸਮੇ ਵਿੱਚ ਇਕ ਵੱਡਾ ਹਲੂਣਾ ਦਿੱਤਾ ਹੈ ਅਤੇ ਇਸ ਮੌਕੇ ਕੋਈ ਸ਼ੱਕ ਨਈ ਹੋਣਾ ਚਾਹੀਦਾ ਕਿ ਭਾਈ ਅੰਮ੍ਰਿਤਪਾਲ ਸਿੰਘ ਖਿਲਾਫ ਭਾਰਤ ਸਰਕਾਰ ਵਲੋ ਇਹ ਕਾਰਵਾਈ ਸਾਂਝੇ ਰੂਪ ਵਿਚ ਪੂਰੀ ਸਿੱਖ ਕੌਮ ਤੇ ਹਮਲਾ ਹੈ। ਨਿਸ਼ਾਨਾ ਇਸ ਵਖਤ ਬੇਸ਼ੱਕ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਣਾਇਆ ਜਾ ਰਿਹਾ ਹੈ, ਪਰ ਅਸਲ ਰੂਪ ਵਿਚ ਭਾਈ ਅੰਮ੍ਰਿਤਪਾਲ ਸਿੰਘ ਵਲੋ ਅੰਮ੍ਰਿਤ ਸੰਚਾਰ ਦੀ ਲਹਿਰ, ਪੰਜਾਬ ਦੇ ਨੌਜਵਾਨਾਂ ਦੇ ਨਸ਼ੇ ਛੁਡਾਉਣੇ, ਅਤੇ ਖ਼ਾਲਸਾ ਰਾਜ ਦੀ ਗੱਲ ਉਠਾਉਣੀ ਹੀ ਕਾਰਨ ਹਨ ਕਿ ਭਾਰਤ ਸਰਕਾਰ ਇਹਨਾਂ ਵੱਡਾ ਓਪਰੇਸ਼ਨ ਪੰਜਾਬ ਵਿੱਚ ਸਿੱਖ ਕੌਮ ਖਿਲਾਫ ਚਲਾ ਰਹੀ ਹੈ। ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਅਤੇ ਇਲਾਕੇ ਦੀਆ ਸਮੂਹ ਸਿੱਖ ਸੰਸਥਾਵਾਂ ਅਤੇ ਜਥੇਬੰਦੀਆਂ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀਆਂ ਨੇ ਅਤੇ ਫਿਰ ਪੰਜਾਬ ਵਿਚ ਪੰਥਕ ਜਥੇਬੰਦੀਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਉਹ ਜਲਦੀ ਫੈਸਲੇ ਲੈਣ ਅਤੇ ਪੰਥ ਦੀ ਅਗਵਾਈ ਕਰਨ।