ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਆਸਟ੍ਰੇਲੀਆ ਦੀਆਂ ਸਿੱਖ ਜਥੇਬੰਦੀਆਂ ਨੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਪੱਤਰ ਲਿਖ ਕੇ ਕੌਮ ਅਤੇ ਸਿੱਖਾਂ ਉੱਤੇ ਹੋ ਰਹੇ ਸਰਕਾਰੀ ਹਮਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਣ ਲਈ ਕਿਹਾ ਹੈ । ਉਨ੍ਹਾਂ ਲਿਖਿਆ ਕਿ ਆਪ ਜੀ ਨੂੰ ਬੇਨਤੀ ਹੈ ਕਿ ਨਾਗਪੁਰੀ ਸੋਚ ਦੇ ਸਾਏ ਹੇਠ ਚੱਲਦੇ ਦਿੱਲੀ ਤਖਤ ਵੱਲੋ ਪੰਥ ਉੱਤੇ ਲਗਾਤਾਰ ਕੀਤੇ ਜਾ ਰਹੇ ਲੁਕਵੇਂ ਹਮਲੇ ਅਤੇ ਇਸ ਵਾਰ ਖੁੱਲ ਕੇ ਸਿੱਧਾ ਹਮਲਾ ਸਾਡੀ ਸਿੱਖ ਜਵਾਨੀ ਤੇ ਸਾਡੀਆਂ ਸਿੱਖ ਬੀਬੀਆਂ ਤੇ ਸਿੱਖ ਪੱਤਰਕਾਰਾਂ, ਸਿੱਖ ਬੱਚਿਆਂ ਅਤੇ ਸਾਡੇ ਕਿਰਦਾਰਾਂ ਉੱਤੇ ਕੀਤਾ ਗਿਆ ਹੈ । ਹਮੇਸ਼ਾ ਦੀ ਤਰ੍ਹਾਂ ਜਿਵੇਂ ਮੰਨੂਵਾਦੀ ਸੋਚ ਦਾ ਪੂਰਾ ਤੰਤਰ, ਚਾਰੇ ਅਖੌਤੀ ਥੰਮ ਅਤੇ ਮੰਨੂਵਾਦੀ ਮੀਡੀਆ ਹਮਲਾ ਕਰ ਰਿਹਾ ਹੈ ਅਤੇ ਆਪ ਜੀ ਵੱਲੋਂ ਕੋਈ ਸਖ਼ਤ ਸਟੈਂਡ ਨਾ ਲੈਣਾ ਵੀ ਸਮਝ ਤੋਂ ਪਰੇ ਹੈ । ਜਥੇਦਾਰ ਸਾਹਿਬ, ਗੁਰੂ ਸਾਹਿਬ ਨੇ ਇਸ ਮਹਾਨ ਤਖਤ ਦੀ ਸੇਵਾ ਆਪ ਜੀ ਨੂੰ ਬਖ਼ਸ਼ੀ ਹੈ, ਜੋ ਹਰ ਇੱਕ ਦੇ ਹਿੱਸੇ ਨਹੀਂ ਆਉਂਦੀ। ਸਾਡਾ ਇਤਿਹਾਸ ਬਾਬਾ ਫੂਲਾ ਸਿੰਘ ਅਕਾਲੀ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਿਸਾਲ ਸਮੁੱਚਾ ਪੰਥ ਹਮੇਸ਼ਾ ਦਿੰਦਾ ਹੈ ਅਤੇ ਹਮੇਸ਼ਾ ਹੀ ਜਥੇਦਾਰ ਸਾਹਿਬ ਤੋਂ ਪੰਥ ਉਸੇ ਤਰ੍ਹਾਂ ਦੀ ਨਿਰਪੱਖ ਤੇ ਨਿੱਡਰ ਅਗਵਾਈ ਦੀ ਆਸ ਕਰਦਾ ਹੈ, ਕਿਰਪਾ ਕਰਕੇ ਹੇਠ ਲਿਖੀਆਂ ਗੱਲਾਂ ਵੱਲ ਧਿਆਨ ਦਿੱਤਾ ਜਾਵੇ ਜੀ ।
੧) ਕੌਮ ਦੇ ਮੌਜੂਦਾ ਹਾਲਾਤਾਂ ਦੇ ਮੱਦੇਨਜਰ ਆਉਂਦੀ 13 ਅਪ੍ਰੈਲ ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਸਰਬੱਤ ਖ਼ਾਲਸਾ ਸੱਦਿਆ ਜਾਵੇ ।
੨) ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰਨਾਂ ਸਿੰਘਾਂ ਤੇ ਜਿਹੜੀਆਂ ਖ਼ਤਰਨਾਕ ਧਾਰਾਵਾਂ ਹਿੰਦ ਹਕੂਮਤ ਵੱਲੋਂ ਲਾਈਆਂ ਗਈਆਂ ਹਨ ਉਹਨਾਂ ਨੂੰ ਸਰਕਾਰ ਤੇ ਦਬਾ ਪਾ ਕੇ ਬੇ-ਸ਼ਰਤ ਤੁਰੰਤ ਵਾਪਸ ਕਰਵਾਈਆਂ ਜਾਣ ਤਾਂ ਕੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੁਬਾਰਾ ਨਿਰਵਿਘਨ ਖ਼ਾਲਸਾ ਵਹੀਰ ਸ਼ੁਰੂ ਕਰ ਸਕਣ ਅਤੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਚੋਂ ਕੱਢ ਕੇ ਸਿੱਖੀ ਨਾਲ ਜੋੜਣ ਦਾ ਕਾਰਜ ਪਹਿਲਾਂ ਵਾਂਗ ਕਰਨ, ਹਾਲੇ ਤੱਕ ਤੁਹਾਡੇ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀ ਸਿੰਘਾਂ ਪ੍ਰਤੀ ਕੋਈ ਵੀ ਠੋਸ ਕਦਮ ਨਹੀਂ ਲਿਆ ਗਿਆ ਹੈ।
੩) ਸ਼੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਵਿੱਚ ਸ਼੍ਰੋਮਣੀ ਕਮੇਟੀ ਆਪ ਅੱਗੇ ਲੱਗ ਕੇ ਬੰਦੀ ਸਿੰਘਾਂ ਵਾਲੇ ਮੋਰਚੇ ਦੀ ਵਾਂਗ ਡੋਰ ਸਾਂਭੇ ਅਤੇ ਸਿੱਖ ਸੰਗਤਾਂ ਨੂੰ ਆਦੇਸ਼ ਦਿਓ ਕੇ ਉਹ ਬੰਦੀ ਸਿੰਘਾਂ ਬਾਬਤ ਲੱਗੇ ਮੋਰਚੇ ਵਿੱਚ ਸ਼ਮੂਲੀਅਤ ਵਧਾਉਣ।
੪) ਦਿੱਲੀ ਦਰਬਾਰ ਤੇ ਪੰਜਾਬ ਦੀ ਕੇਜਰੀਵਾਲ-ਭਗਵੰਤ ਦੀ ਸਰਕਾਰ ਸਿੱਖ ਪੰਥ ਅਤੇ ਪੰਜਾਬ ਉੱਪਰ ਅਣਐਲਾਨੀ ਜੰਗ ਥੋਪਣ ਤੇ ਕਿਰਦਾਰਕੁਸ਼ੀ ਲਈ ਸਮੁੱਚੇ ਪੰਥ ਤੋਂ ਮਾਫੀ ਮੰਗਣ ਜਾਂ ਸਮਾਜਿਕ ਬਾਇਕਾਟ ਦਾ ਐਲਾਨ ਕੀਤਾ ਜਾਵੇ
੫) ਆਪ ਜੀ ਵੱਲੋ ਭਗਵੰਤ ਮਾਨ, ਕੈਪਟਨ ਅਮਰਿੰਦਰ ਅਤੇ ਬਾਦਲ ਪਰਿਵਾਰ ਦੇ ਪਿਉ ਪੁੱਤਾਂ ਨੂੰ ਤਲਬ ਕਰਨਾ ਚਾਹੀਦਾ ਹੈ ਪੰਥਕ ਰਵਾਇਤ ਅਨੁਸਾਰ ਮਹਾਰਾਜਾ ਰਣਜੀਤ ਸਿੰਘ, ਬੂਟਾ ਸਿੰਘ, ਜ਼ੈਲ ਸਿੰਘ ਵਾਗੂ ਸਜ਼ਾਯਾਫਤਾ ਕਰਨਾ ਚਾਹੀਦਾ ਹੈ।
੬) ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਵਿੱਢੇ ਖਾਲਸਾ ਵਹੀਰ ਦੇ ਕਾਰਜ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ ਹੇਠ ਅੰਮ੍ਰਿਤ ਸੰਚਾਰ ਅਤੇ ਨਸ਼ੇ ਛੁਡਾਊ ਦਾ ਕਾਰਜ ਵੱਡੇ ਪੱਧਰ ਤੇ ਕੀਤਾ ਜਾਵੇ, ਖਾਲਸਾ ਵਹੀਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਕਰਕੇ ਪੰਜਾਬ ਅਤੇ ਭਾਰਤ ਦੇ ਵੱਖ ਵੱਖ ਖੇਤਰਾਂ ਵਿੱਚ ਲਿਜਾਈ ਜਾਵੇ, ਦਿੱਲੀ, ਪਟਨਾ ਸਾਹਿਬ ਆਦਿ ਅਤੇ ਸਿੱਖ ਨੌਜਵਾਨੀ ਵਿੱਚ ਭੈਅ ਪੈਦਾ ਕਰਨ ਦੀ ਸਰਕਾਰੀ ਵਿਉਂਤ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇ।
ਆਪ ਜੀ ਨੇ ਪਿਛਲੇ ਸਮਿਆਂ ਵਿੱਚ ਜਿਸ ਤਰਾ ਸਿੱਖਾਂ ਦੇ ਕੌਮੀ ਘਰ ਦੀ ਅਵਾਜ਼ ਬੜੀ ਬੇਬਾਕੀ ਤੇ ਦਲੇਰੀ ਨਾਲ ਚੁੱਕੀ ਹੈ ਇਸ ਵਾਰ ਮੁਕੰਮਲ ਤੌਰ ਤੇ ਕੌਮੀ ਘਰ ਦੀ ਅਜ਼ਾਦੀ ਗੱਲ ਕਰਦੇ ਹੋਏ ਅਗਵਾਈ ਲਈ ਆਪ ਜੀ ਤੋ ਪੰਥ ਆਸਵੰਦ ਹੈ, ਕਦੋਂ ਤੱਕ ਅਸੀਂ ਇਹਨਾਂ ਤੋ ਹੋਰ ਜ਼ਲੀਲ ਹੋਣਾ ਹੈ। ਇਹ ਰੁਤਬੇ ਤੇ ਮੌਕੇ ਗੁਰੂ ਸਾਹਿਬ ਵਾਰ ਵਾਰ ਨਹੀਂ ਬਖ਼ਸ਼ਦੇ। ਇਤਿਹਾਸ ਹਮੇਸ਼ਾ ਪੰਥ ਨਾਲ ਖੜਣ ਵਾਲਿਆਂ ਨੂੰ ਸਿੱਜਦੇ ਕਰਦਾ ਹੈ। ਆਪ ਕੋਲ ਮੌਕਾ ਹੈ ਗੁਰੂ ਦੀ ਓਟ ਲੈ ਕੇ ਅਕਾਲੀ ਫੂਲਾ ਸਿੰਘ ਜੀ ਵਾਂਗ ਆਪਣਾ ਰੁਤਬਾ ਪਛਾਣੋ, ਆਪ ਜੀ ਪਾਸ ਸਿੱਖ ਕੌਮ ਆਪਣਾ ਦਰਦ ਰੱਖਦੀ ਹੈ, ਇਹ ਹੁਣ ਆਪ ਜੀ ਦੇ ਹੱਥ ਹੈ ਕਿ ਆਪ ਜੀ ਰੋਜ ਰੋਜ ਦੀ ਜਲਾਲਤ ਕੱਟਦੀ ਕੌਮ ਨੂੰ ਕਿੱਧਰ ਲਿਜਾਣਾ ਹੈ।
ਭੁੱਲ ਚੁੱਕ ਦੀ ਖਿਮਾ, ਇਹਨਾਂ ਮੁੱਦਿਆਂ ਤੇ ਅਤਿ ਗੰਭੀਰਤਾ ਨਾਲ ਵਿਚਾਰ ਕਰਨ ਦੀ ਉਮੀਦ ਰੱਖਦੇ ਹਾਂ ।