ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ)-: ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੀ ਕੌਰ ਕਮੇਟੀ ਦੀ ਮੀਟਿੰਗ ਗੁਰਦੁਆਰਾ ਰਕਾਬ ਗੰਜ ਸਾਹਿਬ ਸਥਿਤ ਪਾਰਟੀ ਦਫ਼ਤਰ ਵਿਖੇ ਹੋਈ, ਜਿਸ ਵਿਚ ਸਮੂਹ ਹਾਜ਼ਰ ਮੈਂਬਰਾਂ ਨੇ ਸਰਬਸੰਮਤੀ ਨਾਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਨਵੀਂ ਟੀਮ ਅਤੇ ਮਹਾਨ ਸਿੱਖ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦੀ ਸ਼ਤਾਬਦੀ ਨੂੰ ਸਾਰੇ ਫੈਸਲੇ ਲੈਣ ਦਾ ਅਧਿਕਾਰ ਸੌਂਪਿਆ। ਉਹ ਜੋ ਵੀ ਫੈਸਲਾ ਲੈਣਗੇ ਉਹ ਸਾਰੇ ਮੈਂਬਰਾਂ ਨੂੰ ਮੰਜੂਰ ਹੋਣਗੇ । ਕੁਲਦੀਪ ਸਿੰਘ ਭੋਗਲ ਨੇ ਕਿਹਾ ਕਿ ਪਰਮਜੀਤ ਸਿੰਘ ਸਰਨਾ ਦੀ ਪ੍ਰਧਾਨਗੀ ਹੇਠ ਸਮੂਹ ਮੈਂਬਰਾਂ ਨੇ ਸਰਬਸੰਮਤੀ ਨਾਲ ਫੈਸਲਾ ਲੈਂਦਿਆਂ ਸਾਰੇ ਫੈਸਲੇ ਲੈਣ ਦੇ ਅਧਿਕਾਰ ਸ੍ਰੀ ਸਰਨਾ ਨੂੰ ਸੌਂਪ ਦਿੱਤੇ ਕਿਉਂਕਿ ਸਾਰਿਆਂ ਨੂੰ ਵਿਸ਼ਵਾਸ ਹੈ ਕਿ ਉਹ ਜੋ ਵੀ ਫੈਸਲਾ ਲੈਣਗੇ ਉਹ ਪਾਰਟੀ ਅਤੇ ਪੰਥ ਦੇ ਹਿੱਤ ਵਿੱਚ ਹੋਣਗੇ । ਉਨ੍ਹਾਂ ਕਿਹਾ ਕਿ ਦਿੱਲੀ ਫਤਹਿ ਕਰਨ ਵਾਲੇ ਮਹਾਨ ਸਿੱਖ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦੀ ਤੀਜੀ ਜਨਮ ਸ਼ਤਾਬਦੀ ਮਨਾਉਣ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਕਈ ਪ੍ਰੋਗਰਾਮ ਉਲੀਕੇ ਗਏ ਹਨ, ਜਿਸ ਲਈ ਸਾਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। 16 ਅਪ੍ਰੈਲ ਨੂੰ ਨਗਰ ਕੀਰਤਨ ਸਵੇਰੇ ਗੁਰਦੁਆਰਾ ਰਕਾਬ ਗੰਜ ਸਾਹਿਬ ਤੋਂ ਆਰੰਭ ਹੋਵੇਗਾ ਜੋ ਦੇਰ ਸ਼ਾਮ ਹਰੀ ਨਗਰ ਸਪੋਰਟਸ ਕੰਪਲੈਕਸ ਵਿਖੇ ਪਹੁੰਚ ਕੇ ਸਮਾਪਤ ਹੋਵੇਗਾ । ਇਸ ਸਥਾਨ ’ਤੇ 17 ਤਰੀਕ ਸ਼ਾਮ ਨੂੰ ਕੀਰਤਨ ਸਮਾਗਮ ਹੋਵੇਗਾ। 18 ਤਰੀਕ ਨੂੰ ਸ਼ਾਮ ਨੂੰ ਗੱਤਕੇ ਦੇ ਪ੍ਰੋਗਰਾਮ ਹੋਣਗੇ। ਨਗਰ ਕੀਰਤਨ 20 ਤਰੀਕ ਨੂੰ ਪੰਜਾਬ ਲਈ ਰਵਾਨਾ ਹੋਵੇਗਾ। ਇਸ ਮੌਕੇ ਸੀਨੀਅਰ ਅਕਾਲੀ ਆਗੂ ਜਥੇਦਾਰ ਕੁਲਦੀਪ ਸਿੰਘ ਭੋਗਲ, ਤੇਜਵੰਤ ਸਿੰਘ, ਜਤਿੰਦਰ ਸਿੰਘ ਸਾਹਨੀ, ਰਣਜੀਤ ਕੌਰ, ਸੁਖਵਿੰਦਰ ਸਿੰਘ ਬੱਬਰ, ਤੇਜਿੰਦਰ ਸਿੰਘ ਗੋਪਾ, ਜਤਿੰਦਰ ਸਿੰਘ ਸੋਨੂੰ, ਰਮਨਦੀਪ ਸਿੰਘ ਸੋਨੂੰ, ਗੁਰਮਿੰਦਰ ਸਿੰਘ ਮਠਾੜੂ, ਤੇਜਪਾਲ ਸਿੰਘ, ਪ੍ਰਭਜੀਤ ਸਿੰਘ ਗੁਲਾਟੀ, ਮਨਜੀਤ ਸਿੰਘ ਸਰਨਾ ਹਾਜ਼ਰ ਸਨ ।
ਪਰਮਜੀਤ ਸਿੰਘ ਸਰਨਾ ਨੂੰ ਦਿੱਤੇ ਗਏ ਮਹਾਨ ਸਿੱਖ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦੀ ਸ਼ਤਾਬਦੀ ਨਾਲ ਸਬੰਧਤ ਸਾਰੇ ਫੈਸਲੇ ਲੈਣ ਦਾ ਅਧਿਕਾਰ
This entry was posted in ਪੰਜਾਬ.