ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ)-: ਦਿੱਲੀ ਫਤਿਹ ਦਿਵਸ ਨੂੰ ਸਮਰਪਿਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋਇਆ ਵਿਸ਼ਾਲ ਨਗਰ ਕੀਰਤਨ ਲੰਘੀ ਦੇਰ ਰਾਤ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿਚੋਂ ਹੁੰਦਾ ਹੋਇਆ ਗੁਰਦੁਆਰਾ ਮਜਨੂੰ ਕਾ ਟਿੱਲਾ ਵਿਖੇ ਆ ਕੇ ਸਮਾਪਤ ਹੋਇਆ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ 200ਵੇਂ ਸ਼ਹੀਦੀ ਦਿਹਾੜੇ ਤੇ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਦੇ 300 ਸਾਲਾ ਜਨਮ ਦਿਹਾੜੇ ਨੂੰ ਸਮਰਪਿਤ ਇਹ ਨਗਰ ਕੀਰਤਨ 6 ਅਪ੍ਰੈਲ ਦੀ ਸਵੇਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸ਼ੁਰੂ ਹੋਇਆ ਸੀ ਜੋ ਜੰਡਿਆਲਾ ਗੁਰੂ, ਬਿਆਸ, ਕਰਤਾਰਪੁਰ, ਜਲੰਧਰ, ਲੁਧਿਆਣਾ, ਖੰਨਾ, ਸਰਹਿੰਦ, ਰਾਜਪੁਰਾ ਤੋਂ ਹੁੰਦਾ ਹੋਇਆ ਉਸ ਦਿਨ ਸ਼ਾਮ ਨੂੰ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਵਿਖੇ ਠਹਿਰਾਇਆ ਸੀ। 7 ਅਪ੍ਰੈਲ ਨੂੰ ਅੰਬਾਲਾ ਤੋਂ ਚਲ ਕੇ ਸ਼ਾਹਬਾਦ, ਕੁਰੂਕਸ਼ੇਤਰ, ਕਰਨਾਲ, ਪਾਣੀਪਤ ਹੁੰਦਾ ਹੋਇਆ ਕੁੰਡਲੀ ਬਾਰਡਰ (ਸੋਨੀਪਤ) ਪੁੱਜਾ ਜਿਥੇ ਵੱਡੀ ਗਿਣਤੀ ਵਿਚ ਸੰਗਤਾਂ ਇਕੱਤਰ ਸਨ ਜਿਹਨਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਇਸ ਤੋਂ ਪਹਿਲਾਂ ਕੁੰਡਲੀ ਬਾਰਡਰ (ਸੋਨੀਪਤ) ਪਹੁੰਚਣ ’ਤੇ ਬਾਬਾ ਬੁੱਢਾ ਸਾਹਿਬ ਵੈਲਫੇਅਰ ਸੁਸਾਇਟੀ ਕੁੰਡਲੀ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਤੇ ਹੋਰ ਪ੍ਰਬੰਧਕਾਂ ਦਾ ਸਨਮਾਨ ਕੀਤਾ। ਇਸ ਮੌਕੇ ਉਹਨਾਂ ਰਾਮਗੜ੍ਹੀਆ ਬੋਰਡ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਡਾਗੀ ਤੇ ਸਮੁੱਚੀ ਟੀਮ ਦਾ ਵੀ ਸਨਮਾਨ ਕੀਤਾ।
ਇਸ ਮੌਕੇ ਪ੍ਰਬੰਧਕਾਂ ਵੱਲੋਂ ਬਾਬਾ ਰਣਜੋਧ ਸਿੰਘ ਜੀ ਬੁੱਢਾ ਦਲ ਵਾਲਿਆਂ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ।
ਇਸ ਮੌਕੇ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਅਕਾਲ ਪੁਰਖ ਦਾ ਕੋਟਿ ਕੋਟਿ ਸ਼ੁਕਰਾਨਾ ਜਿਹਨਾਂ ਦੇ ਆਸ਼ੀਰਵਾਦ ਸਦਕਾ ਅੱਜ ਅਸੀਂ ਆਪਣੇ ਮਹਾਨ ਜਰਨੈਲਾਂ ਤੇ ਭਗਤਾਂ ਦੇ ਦਿਹਾੜੇ ਮਨਾ ਰਹੇ ਹਾਂ। ਉਹਨਾਂ ਕਿਹਾ ਕਿ ਅੱਜ ਲੋੜ ਹੈ ਕਿ ਅਸੀਂ ਇਸੇ ਤਰੀਕੇ ਆਪਣੇ ਗੁਰੂ ਸਾਹਿਬਾਨ ਤੇ ਆਪਣੇ ਮਹਾਨ ਜਰਨੈਲਾਂ ਦੇ ਦਿਹਾੜੇ ਮਨਾਉਂਦੇ ਰਹੀਏ ਅਤੇ ਜਿਹੜਾ ਵਿਰਸਾ ਸਾਡੇ ਬੱਚਿਆਂ ਨੂੰ ਵਿਸਰ ਗਿਆ ਹੈ, ਉਸਨੂੰ ਬੱਚਿਆਂ ਨੂੰ ਚੇਤੇ ਕਰਵਾਈਏ ਤੇ ਗੁਰਬਾਣੀ ਦੇ ਲੜ ਲਾਈਏ।
ਉਹਨਾਂ ਨੇ ਸੰਗਤਾਂ ਨੂੰ ਫਿਰ ਅਪੀਲ ਕੀਤੀ ਕਿ 8 ਅਤੇ 9 ਅਪ੍ਰੈਲ ਨੂੰ ਲਾਲ ਕਿਲ੍ਹੇ ਦੇ ਮੈਦਾਨ ਵਿਚ ਹੋ ਰਹੇ ਕੀਰਤਨ ਦਰਬਾਰ ਤੇ ਉਸ ਤੋਂ ਅਗਲੇ ਦਿਨ ਜਰਨੈਲੀ ਮਾਰਚ ਵਿਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ।
ਇਸ ਮੌਕੇ ਉਹਨਾਂ ਇਸ ਨਗਰ ਕੀਰਤਨ ਵਿਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਲਈ ਸਮੂਹ ਸਿੱਖ ਜਥੇਬੰਦੀਆਂ, ਸੰਪਰਦਾਵਾਂ, ਰਾਮਗੜ੍ਹੀਆ ਫੈਡਰੇਸ਼ਨਾਂ, ਪੰਜਾਬ, ਹਰਿਆਣਾ ਤੇ ਦਿੱਲੀ ਦੀਆਂ ਸੰਗਤਾਂ, ਪੁਲਿਸ ਪ੍ਰਸ਼ਾਸਨ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਸਮੁੱਚੇ ਸਟਾਫ ਦਾ ਧੰਨਵਾਦ ਕੀਤਾ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟਿ ਸ਼ੁਕਰਾਨਾ ਕੀਤਾ।