ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):-ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੈਸਾਖੀ ਦੇ ਦਿਹਾੜੇ ’ਤੇ ਸੰਮਤ 1756 ਬਿਕ੍ਰਮੀ ਨੂੰ ਖਾਲਸੇ ਦੀ ਸਾਜਨਾ ਕੀਤੀ ਤਾਂ ਖਾਲਸਾ , ਪੰਥ ਦੇ ਰੂਪ ਵਿਚ ਵਿਕਸਿਤ ਹੋਇਆ ਜਿਸ ਨੇ ਨਿਵੇਕਲੇ ਮਹੱਤਵਪੂਰਨ ਸੁਨਹਿਰੀ ਮਕਬੂਲ ਇਤਿਹਾਸ ਦੀ ਸਿਰਜਨਾ ਕੀਤੀ। ਸਿਰਜੇ ਇਤਿਹਾਸ ਵਿਚ, ਖਾਲਸਾ ਪੰਥ ਨੇ ਧਰਮ ਦੀ ਖ਼ਾਤਰ ਅਣਗਿਣਤ ਸ਼ਹਾਦਤਾਂ ਪ੍ਰਾਪਤ ਕੀਤੀਆਂ। ਗੁਰੂ ਸਾਹਿਬਾਨ ਵੱਲੋਂ ਪਾਏ ਗਏ ਪੂਰਨਿਆਂ ’ਤੇ ਚਲਦਿਆਂ ਹੋਇਆਂ ਅਨੇਕਾਂ ਹੀ ਸਿੰਘਾਂ-ਸਿੰਘਣੀਆਂ ਅਤੇ ਗੁਰੂ ਦੇ ਪਿਆਰਿਆਂ ਨੇ ਸ਼ਹੀਦੀ ਜਾਮ ਪੀ ਕੇ ਪੰਥ ਦਾ ਨਾਂ ਰੌਸ਼ਨ ਕੀਤਾ ਅਤੇ ਅੱਜ ਤੱਕ ਕੌਮ ਦੀ ਆਜ਼ਾਦੀ, ਬਰਾਬਰੀ ਅਤੇ ਨਿਆਂ ਦੀ ਲੜਾਈ ਜਬਰ-ਜ਼ੁਲਮ ਦੇ ਵਿਰੁਧ ਲੜਦੇ ਆ ਰਹੇ ਹਨ।
ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ-ਡੈਲਟਾ ਦੀ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ “ਖਾਲਸਾ ਸਾਜਨਾ ਦਿਵਸ” ਦੇ ਇਸ ਮਹਾਨ ਪਵਿੱਤਰ ਦਿਹਾੜੇ ਨੂੰ ਸਮਰਪਤ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿਚ ਨਾਮੀ ਪ੍ਰਸਿੱਧ ਕਵੀ ਸਾਹਿਬਾਨਾਂ ਨੇ ਵੱਧ ਚੜ ਕੇ ਭਾਗ ਲਿਆ। ਹਰੇਕ ਵਰਗ ਦੇ ਨੌਜੁਆਨ , ਬੀਬੀਆਂ ਤੇ ਬਜ਼ੁਰਗ , ਪ੍ਰੋਫੈਸਰ , ਪ੍ਰਿੰਸੀਪਲ ਕਵੀ ਸਾਹਿਬਾਨਾਂ ਨੇ ਆਪਣੀਆਂ ਜੋਸ਼ੀਲੀਆਂ ਕਵਿਤਾਵਾਂ ਰਾਹੀਂ ਸਿੱਖ ਸੰਗਤਾਂ ਨੂੰ ਨਿਹਾਲ ਕੀਤਾ ।
ਪ੍ਰਿੰਸੀਪਲ ਗਿਆਨ ਸਿੰਘ ਕੋਟਲੀ ਜੀ ਨੇ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਹਰਦੀਪ ਸਿੰਘ ਨੂੰ ਉਹਨਾਂ ਦੀਆਂ ਸੇਵਾਵਾਂ ਤੋਂ ਪ੍ਰਭਾਵਤ ਹੋ ਕੇ ਕਿਤਾਬ ਭੇਂਟ ਕੀਤੀ ।ਸਮਾਗਮ ਦੇ ਅਖੀਰ ਵਿੱਚ ਆਏ ਹੋਏ ਕਵੀ ਸਾਹਿਬਾਨਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਪੱਤਰ ਦੇ ਕੇ ਹੌਸਲਾ ਅਫਜਾਈ ਕੀਤੀ ਗਈ । ਕਵੀ ਦਰਬਾਰ ਦਾ ਸੰਚਾਲਨ ਪ੍ਰਸਿੱਧ ਕਵੀ ਤੇ ਹੋਸਟ ਪ੍ਰੋਫੈਸਰ ਗੁਰਵਿੰਦਰ ਸਿੰਘ ਧਾਲੀਵਾਲ ਨੇ ਕੀਤਾ ਇਸ ਤਰਾਂ ਸਲਾਨਾ ਕਵੀ ਦਰਬਾਰ ਯਾਦਗਾਰੀ ਹੋ ਨਿਬੜਿਆ । ਗੁਰੂ ਮਹਾਂਰਾਜ ਕਿਰਪਾ ਕਰਨ ਅਜਿਹੇ ਉਪਰਾਲੇ ਹੁੰਦੇ ਰਹਿਣ ਤਾਂ ਕਿ ਅਸੀਂ ਆਪਣੀ ਵਿਰਾਸਤ ਨਾਲ ਜੁੜੇ ਰਹੀਏ ।