ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- “ਮੋਗਾ ਪੁਲਿਸ ਵੱਲੋ ਜੋ ਸ. ਅਵਤਾਰ ਸਿੰਘ ਖੰਡਾ ਨਿਵਾਸੀ ਬਰਤਾਨੀਆ ਦੇ ਪਰਿਵਾਰਿਕ ਮੈਬਰਾਂ ਨੂੰ ਇਹ ਕਹਿਕੇ ਤੰਗ ਕਰਨਾ ਕਿ ਅਵਤਾਰ ਸਿੰਘ ਖੰਡਾ ਨੂੰ ਦਬਾਅ ਪਾਓ ਕਿ ਉਹ ਭਾਈ ਅੰਮ੍ਰਿਤਪਾਲ ਸਿੰਘ ਬਾਰੇ ਜਾਣਕਾਰੀ ਦੇਣ ਕਿ ਉਹ ਕਿਥੇ ਹਨ, ਦੀ ਕਾਰਵਾਈ ਕੇਵਲ ਮਨੁੱਖੀ ਅਧਿਕਾਰਾਂ ਦਾ ਹੀ ਘੋਰ ਉਲੰਘਣ ਨਹੀ ਬਲਕਿ ਜਿਨ੍ਹਾਂ ਦੇ ਪਰਿਵਾਰਿਕ ਮੈਬਰ ਲੰਮੇ ਸਮੇ ਤੋ ਖੁਦ ਸੰਤਾਪ ਝੱਲਦੇ ਆ ਰਹੇ ਹਨ, ਉਨ੍ਹਾਂ ਉਤੇ ਹੋਰ ਜ਼ਬਰ ਜੁਲਮ ਢਾਹੁਣ ਦੀ ਕਾਰਵਾਈ ਤਾਂ ਮਨੁੱਖਤਾ ਦੇ ਨਾਮ ਤੇ ਕਾਲਾ ਧੱਬਾ ਅਤੇ ਸ਼ਰਮਨਾਕ ਹੈ । ਇਹ ਹੋਰ ਵੀ ਦੁੱਖ ਤੇ ਅਫਸੋਸ ਵਾਲੀ ਕਾਰਵਾਈ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਜਾਂ ਵਾਰਿਸ ਪੰਜਾਬ ਦੇ ਜਥੇਬੰਦੀ ਨੇ ਕਿਹੜੇ ਕਾਨੂੰਨ ਦੀ ਉਲੰਘਣਾ ਕੀਤੀ ਹੈ, ਕੀ ਗੁਨਾਹ ਕੀਤਾ ਹੈ, ਉਸ ਬਾਰੇ ਸਾਨੂੰ ਅਤੇ ਸਿੱਖ ਕੌਮ ਨੂੰ ਦੱਸਿਆ ਤਾਂ ਜਾਵੇ ਕਿ ਸਾਡੇ ਸਿੱਖ ਬੱਚਿਆਂ ਦਾ ਕਸੂਰ ਕੀ ਹੈ ? ਤਾਂ ਕਿ ਅਸੀ ਜਾਣਕਾਰੀ ਪ੍ਰਾਪਤ ਕਰਦੇ ਹੋਏ ਉਨ੍ਹਾਂ ਨੂੰ ਪੇਸ਼ ਕਰ ਸਕੀਏ ਅਤੇ ਜੋ ਜਾਂਚ ਕਰਨੀ ਹੈ, ਉਹ ਕਰ ਲਈ ਜਾਵੇ । ਕਿਉਂ ਸਮੁੱਚੇ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਉਤੇ ਦਹਿਸਤ ਪਾਈ ਜਾ ਰਹੀ ਹੈ ? ਇੰਝ ਜਾਪਦਾ ਹੈ ਕਿ ਸਿੱਖ ਬੱਚੇ-ਬੱਚੀਆਂ ਜਾਂ ਸਿੱਖ ਕੌਮ ਦਾ ਕੋਈ ਕਸੂਰ ਤਾਂ ਨਹੀ, ਲੇਕਿਨ ਇਨ੍ਹਾਂ ਮੁਤੱਸਵੀ ਤੇ ਜਾਲਮ ਹੁਕਮਰਾਨਾਂ ਨੂੰ ਸਿੱਖੀ ਪਹਿਰਾਵੇ ਵਿਚ ਵਿਚਰਦੇ ਬੱਚੇ-ਬੱਚੀਆਂ ਦੇ ਚਿਹਰੇ ਹੀ ਚੰਗੇ ਨਹੀ ਲੱਗਦੇ ਜਿਸ ਕਾਰਨ ਹੁਕਮਰਾਨਾਂ ਨੇ ਪੁਲਿਸ ਤੇ ਅਰਧ ਸੈਨਿਕ ਬਲਾਂ ਰਾਹੀ ਇਥੋ ਦੇ ਅਮਨ ਚੈਨ ਨੂੰ ਖੋਹਿਆ ਜਾ ਰਿਹਾ ਹੈ । ਅਜਿਹੀਆ ਗੈਰ ਕਾਨੂੰਨੀ ਅਤੇ ਅਣਮਨੁੱਖੀ ਕਾਰਵਾਈਆ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕਿਸੇ ਵੀ ਕੀਮਤ ਤੇ ਸਹਿਣ ਨਹੀ ਕਰੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਇੰਗਲੈਡ ਨਿਵਾਸੀ ਸ. ਅਵਤਾਰ ਸਿੰਘ ਖੰਡਾ ਦੀ ਮਾਂ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਬਰਾਂ ਨੂੰ ਬਿਨ੍ਹਾਂ ਕਿਸੇ ਕਸੂਰ, ਦੋਸ਼ ਦੇ ਤੰਗ ਪ੍ਰੇਸ਼ਾਨ ਕਰਨ ਅਤੇ ਉਨ੍ਹਾਂ ਨੂੰ ਅਤਿ ਬੇਹੁੱਦਾ ਜਲਾਲਤ ਕਰਨ ਵਾਲੇ ਪ੍ਰਸ਼ਨ ਪੁੱਛਣ ਦੀਆਂ ਕਾਰਵਾਈਆ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇਸਦੇ ਨਿਕਲਣ ਵਾਲੇ ਨਤੀਜਿਆ ਤੋ ਖਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਮੈਂ ਮੋਗੇ ਦੇ ਐਸ.ਐਸ.ਪੀ ਨਾਲ ਇਸ ਹੋ ਰਹੀ ਗੈਰ ਕਾਨੂੰਨੀ ਕਾਰਵਾਈ ਤੇ ਜਿਆਦਤੀ ਸੰਬੰਧੀ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਸਾਨੂੰ ਉਪਰੋ ਹੁਕਮ ਹੈ । ਜਦੋਕਿ ਇਹ ਪੁਲਿਸ ਅਫਸਰਸਾਹੀ ਅਤੇ ਹੁਕਮਰਾਨ ਇਹ ਭੁੱਲ ਜਾਂਦੇ ਹਨ ਕਿ ਜਦੋਂ ਜਰਮਨੀਆਂ ਨੇ ਨਾਜੀਆ ਉਤੇ ਅਣਮਨੁੱਖੀ ਢੰਗ ਨਾਲ ਜ਼ਬਰ-ਜੁਲਮ ਢਾਹੇ ਅਤੇ ਇਹ ਆਵਾਜ ਇੰਟਰਨੈਸਨਲ ਕਰਿਮੀਨਲ ਕੋਰਟ ਆਫ ਹੇਂਗ ਵਿਚ ਪਹੁੰਚੀ ਤਾਂ ਕੋਰਟ ਨੇ ਫੈਸਲਾ ਦਿੱਤਾ ਸੀ ਕਿ ਕਿਸੇ ਇਕ ਇਨਸਾਨ ਜਿਸਦੀ ਪੁਲਿਸ ਤੇ ਸਰਕਾਰ ਨੂੰ ਭਾਲ ਹੈ, ਉਸਦੇ ਪਰਿਵਾਰਿਕ ਮੈਬਰਾਂ ਨੂੰ ਇਸ ਤਰ੍ਹਾਂ ਜ਼ਬਰ ਜੁਲਮ ਤੇ ਤੰਗ ਪ੍ਰੇਸਾਨ ਨਹੀ ਕੀਤਾ ਜਾ ਸਕਦਾ । ਜਿਨ੍ਹਾਂ ਜਰਮਨ ਪੁਲਿਸ ਅਫਸਰਾਂ ਨੇ ਇਹ ਕੌਮਾਂਤਰੀ ਅਪਰਾਧ ਕੀਤਾ ਸੀ, ਉਨ੍ਹਾਂ ਨੂੰ ਅਦਾਲਤ ਵੱਲੋ ਫ਼ਾਂਸੀਆਂ ਲੱਗੀਆ ਸਨ ਅਤੇ ਅਸੀ ਵੀ ਅਜਿਹੇ ਜ਼ਬਰ ਜੁਲਮ ਵਾਲੇ ਕੇਸਾਂ ਨੂੰ ਇੰਟਰਨੈਸਨਲ ਕਰਿਮੀਨਲ ਕੋਰਟ ਆਫ ਹੇਂਗ ਵਿਚ ਵੀ ਅਤੇ ਯੂ.ਐਨ.ਓ. ਵਿਚ ਲਿਜਾਣ ਤੋ ਨਾ ਤਾਂ ਪਿੱਛੇ ਹੱਟਾਗੇ ਅਤੇ ਨਾ ਹੀ ਇਨ੍ਹਾਂ ਹਿੰਦੂਤਵ ਹੁਕਮਰਾਨਾਂ ਦੇ ਜ਼ਬਰ ਜੁਲਮਾਂ ਨੂੰ ਸਹਿਣ ਕਰਾਂਗੇ ।