ਫ਼ਤਹਿਗੜ੍ਹ ਸਾਹਿਬ – “ਸਿੱਖ ਧਰਮ ਅਤੇ ਮਜ੍ਹਬ ਵਿਚ ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ ਆਦਿ ਦੇ ਸਮਾਜਿਕ ਵਿਤਕਰੇ ਅਤੇ ਨਫਰਤ ਵਾਲੇ ਸ਼ਬਦਾਂ ਅਤੇ ਅਮਲਾਂ ਲਈ ਕੋਈ ਸਥਾਂਨ ਨਹੀ ਹੈ । ਬਲਕਿ ਸਿੱਖ ਧਰਮ ਵਿਚ ਸਮੁੱਚੀ ਇਨਸਾਨੀਅਤ, ਮਨੁੱਖਤਾ ਨੂੰ ਬਰਾਬਰਤਾ ਦਾ ਹੱਕ, ਸਤਿਕਾਰ-ਮਾਣ ਹਾਸਿਲ ਹੈ । ਲੇਕਿਨ ਦੁੱਖ ਅਤੇ ਅਫਸੋਸ ਹੈ ਕਿ ਦਾ ਟ੍ਰਿਬਿਊਨ ਅਖਬਾਰ ਦੇ ਅਦਾਰੇ ਨੇ ਸ. ਚਰਨਜੀਤ ਸਿੰਘ ਵੱਲੋ ਬਾਦਲ ਦਲ ਤੋ ਅਸਤੀਫਾ ਦੇ ਕੇ ਬੀਜੇਪੀ ਵਿਚ ਸਾਮਿਲ ਹੋ ਜਾਣ ਦੀ ਖ਼ਬਰ ਨੂੰ ਪ੍ਰਕਾਸਿਤ ਕਰਦੇ ਹੋਏ ਸ. ਚਰਨਜੀਤ ਸਿੰਘ ਅਟਵਾਲ ਜੋ ਪੰਜਾਬ ਦੇ ਸਪੀਕਰ ਰਹਿ ਚੁੱਕੇ ਹਨ ਅਤੇ ਹੋਰ ਅਹਿਮ ਅਹੁਦਿਆ ਤੇ ਜਿੰਮੇਵਾਰੀਆ ਨਿਭਾਅ ਚੁੱਕੇ ਹਨ ਉਨ੍ਹਾਂ ਦੀ ਖਬਰ ਪ੍ਰਕਾਸਿਤ ਕਰਦੇ ਹੋਏ ਜੋ ‘ਮਜ੍ਹਬੀ ਸਿੱਖ’ ਲਿਖਿਆ ਗਿਆ ਹੈ, ਇਹ ਮੁਤੱਸਵੀ ਸੋਚ ਵਾਲੇ ਫਿਰਕੂ ਅਖ਼ਬਾਰਾਂ ਵੱਲੋਂ ਸਿੱਖ ਧਰਮ ਦੇ ਬਰਾਬਰਤਾ ਵਾਲੇ ਅਸੂਲਾਂ, ਨਿਯਮਾਂ ਦਾ ਘੋਰ ਅਪਮਾਨ ਕਰਨ ਦੀ ਬਜਰ ਗੁਸਤਾਖੀ ਕੀਤੀ ਗਈ ਹੈ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਟ੍ਰਿਬਿਊਨ ਅਦਾਰੇ ਦੇ ਪ੍ਰਬੰਧਕੀ ਤੇ ਸੰਪਾਦਕੀ ਬੋਰਡ ਨੂੰ ਖ਼ਬਰਦਾਰ ਕਰਦਾ ਹੈ ਕਿ ਸਿੱਖ ਧਰਮ ਦੀ ਸੋਚ ਦਾ ਅਪਮਾਨ ਕਰਨ ਦੇ ਸਾਜਸੀ ਅਮਲ ਬੰਦ ਕੀਤੇ ਜਾਣ । ਪਹਿਲੇ ਵੀ 1984 ਦੇ ਬਲਿਊ ਸਟਾਰ ਦੇ ਹਮਲੇ ਤੋ ਪਹਿਲੇ ਇਸ ਅਦਾਰੇ ਦੇ ਸੰਪਾਦਕ ਵੱਲੋ ਅਜਿਹਾ ਨਫਰਤ ਭਰਿਆ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾਂਦਾ ਰਿਹਾ ਹੈ । ਜਿਸਨੂੰ ਹੁਣ ਫਿਰ ਮੁਤੱਸਵੀ ਹੁਕਮਰਾਨਾਂ ਦੀ ਸੋਚ ਉਤੇ ਉਭਾਰਿਆ ਜਾ ਰਿਹਾ ਹੈ । ਜਿਸਨੂੰ ਸਿੱਖ ਕੌਮ ਕਤਈ ਬਰਦਾਸਤ ਨਹੀ ਕਰੇਗੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦਾ ਟ੍ਰਿਬਿਊਨ ਅਦਾਰੇ ਵੱਲੋ ਪੰਜਾਬ ਦੇ ਰਹਿ ਚੁੱਕੇ ਸਪੀਕਰ ਅਤੇ ਹੋਰ ਅਹਿਮ ਅਹੁਦਿਆ ਉਤੇ ਜਿੰਮੇਵਾਰੀ ਪੂਰਨ ਕਰਨ ਵਾਲੇ ਸ. ਚਰਨਜੀਤ ਸਿੰਘ ਅਟਵਾਲ ਨਾਲ ਸੰਬੰਧਤ ਖਬਰ ਨੂੰ ਪ੍ਰਕਾਸਿਤ ਕਰਦੇ ਹੋਏ ਸਿੱਖੀ ਨਿਯਮਾਂ, ਅਸੂਲਾਂ ਦੀ ਉਲੰਘਣਾ ਕਰਦੇ ਹੋਏ ਮਜ੍ਹਬੀ ਸਿੱਖ ਦੀ ਵਰਤੋ ਕਰਨ ਨੂੰ ਅਤਿ ਮੰਦਭਾਗਾ ਅਤੇ ਸਿੱਖ ਕੌਮ ਦੇ ਨਿਯਮਾਂ, ਅਸੂਲਾਂ ਦਾ ਅਪਮਾਨ ਕਰਨ ਦੀ ਕਾਰਵਾਈ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਗੱਲ ਤੇ ਵੀ ਡੂੰਘਾ ਅਫਸੋਸ ਪ੍ਰਗਟ ਕੀਤਾ ਕਿ ਜਿਸ ਸ. ਚਰਨਜੀਤ ਸਿੰਘ ਅਟਵਾਲ ਨੇ ਲੰਮਾਂ ਸਮਾਂ ਅਕਾਲੀ ਦਲ ਵਿਚ ਅਹਿਮ ਅਹੁਦਿਆ ਤੇ ਰਹਿਕੇ ਸੇਵਾ ਕੀਤੀ ਹੋਵੇ, ਹੁਣ ਉਹ ਆਪਣੀ ਉਮਰ ਦੇ ਆਖਰੀ ਪੜਾਅ ਵਿਚ ਬੀਜੇਪੀ ਵਰਗੀ ਇਨਸਾਨੀਅਤ ਵਿਰੋਧੀ ਫਿਰਕੂ ਜਮਾਤ ਵਿਚ ਸਾਮਿਲ ਹੋ ਕੇ ਆਪਣੀ ਆਤਮਾ ਨੂੰ ਦਾਗੀ ਕਰਨ ਦੀ ਗੁਸਤਾਖੀ ਕਰ ਰਹੇ ਹਨ । ਬੇਸੱਕ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਉਤੇ ਵੀ ਬੀਜੇਪੀ ਦੀ ਫਿਰਕੂ ਸੋਚ ਤੇ ਅਮਲਾਂ ਦਾ ਰੰਗ ਚੜ੍ਹਿਆ ਹੋਇਆ ਹੈ ਅਤੇ ਉਨ੍ਹਾਂ ਨੇ ਆਪਣੀ ਪਾਰਟੀ ਦੇ ਅਹੁਦੇਦਾਰਾਂ ਨੂੰ ਵੀ ਬੀਜੇਪੀ ਵਰਗੀ ਮੁਤੱਸਵੀ ਜਮਾਤ ਦੇ ਅੱਜ ਤੱਕ ਗੁਲਾਮ ਬਣਾਕੇ ਰੱਖਿਆ ਹੈ, ਹੁਣ ਉਸ ਮਾੜੀ ਸੋਚ ਦੀ ਬਦੌਲਤ ਸ. ਚਰਨਜੀਤ ਸਿੰਘ ਅਟਵਾਲ, ਸ. ਦੀਦਾਰ ਸਿੰਘ ਭੱਟੀ ਅਤੇ ਹੋਰ ਸਿੱਖ ਆਗੂ ਬੀਜੇਪੀ ਵੱਲ ਝੁਕ ਰਹੇ ਹਨ, ਇਹ ਇਸ ਬਾਦਲ ਪਰਿਵਾਰ ਦੀਆਂ ਮੌਕਾਪ੍ਰਸਤ ਨੀਤੀਆ ਦੇ ਗੁਲਾਮ ਬਣਨ ਅਤੇ ਰਾਜ ਭਾਗ ਦੀ ਤੀਬਰ ਲਾਲਸਾ ਦਾ ਹੀ ਨਤੀਜਾ ਹੈ । ਜੋ ਲੋਕ ਅੱਜ ਬੀਜੇਪੀ ਵੱਲ ਮੂੰਹ ਕਰ ਰਹੇ ਹਨ, ਉਹ ਅਜਿਹੀ ਗੁਸਤਾਖੀ ਕਰਕੇ ਆਪਣੇ ਆਖਰੀ ਸਮੇ ਦੇ ਕਿਰਦਾਰ ਨੂੰ ਦਾਗੀ ਕਰਨ ਦੇ ਨਾਲ-ਨਾਲ ਆਪਣੀ ਆਤਮਾ ਦੇ ਵੀ ਵੱਡੇ ਦੋਸ਼ੀ ਬਣ ਰਹੇ ਹਨ । ਜਿਹੜੀ ਕਿ ਉਨ੍ਹਾਂ ਨੂੰ ਕਦੇ ਵੀ ਮਰਨ ਉਪਰੰਤ ਵੀ ਮੁਆਫ਼ ਨਹੀ ਕਰੇਗੀ ।