ਅੰਮ੍ਰਿਤਸਰ – ਪੰਜਾਬ ਦੀ ਖੰਡਰ ਹੋ ਰਹੀ ਅਮੀਰ ਵਿਰਾਸਤ ਨੂੰ ਬਚਾਉਣ ਲਈ ਤਤਪਰ ਇੰਟਕ ਅੰਮ੍ਰਿਤਸਰ ਵੱਲੋਂ ਵਿਰਾਸਤੀ ਇਮਾਰਤਾਂ ਦੀ ਸਾਂਭ ਸੰਭਾਲ ਵਿਸ਼ੇ ਤੇ ਕਰਵਾਏ ਗਏ ਸੈਮੀਨਾਰ ਵਿੱਚ ਬੋਲਦਿਆਂ ਵੱਖ ਵੱਖ ਬੁਲਾਰਿਆਂ ਨੇ ਇਸ ਅਮੀਰ ਵਿਰਾਸਤ ਅਤੇ ਸਭਿਆਚਾਰ ਨੂੰ ਬਚਾਉਣ ਲਈ ਲੋਕ ਲਹਿਰ ਪੈਦਾ ਕਰਨ ਅਤੇ ਨੌਜਵਾਨ ਪੀੜ੍ਹੀ ਅੱਗੇ ਆਉਣ ਦਾ ਸੱਦਾ ਦਿੱਤਾ ਹੈ ।
ਅੱਜ ਇੱਥੇ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਵਿਹੜੇ ਵਿੱਚ ਕਰਵਾਏ ਗਏ ਸੈਮੀਨਾਰ ਵਿੱਚ ਬੋਲਦਿਆਂ ਸੀਨੀਅਰ ਪੱਤਰਕਾਰ ਰਾਜਨ ਮਾਨ ਨੇ ਕਿਹਾ ਵਿਰਾਸਤ ਸਭਿਆਚਾਰ ਅਤੇ ਭਾਸ਼ਾ ਖੇਤੀ ਦੀ ਅਮੀਰ ਵਿਰਾਸਤ ਹੁੰਦੇ ਹਨ ਅਤੇ ਇਸ ਨੂੰ ਸੰਭਾਲ ਕੇ ਰੱਖਣ ਲਈ ਲੋਕ ਲਹਿਰ ਪੈਦਾ ਕਰਨਾ ਸਮੇਂ ਦੀ ਮੁੱਖ ਲੋੜ ਹੈ, ਉਨ੍ਹਾਂ ਨੇ ਕਿਹਾ ਅਜਿਹੇ ਸੈਮੀਨਾਰ ਅਤੇ ਹੋਰ ਸਮਾਗਮ ਹਾਕਮਾਂ ਵੱਲੋਂ ਅਣਗੌਲਿਆ ਕੀਤੀਆਂ ਗਈਆਂ ਢਹਿ-ਢੇਰੀ ਹੋ ਰਹੀਆਂ ਵਿਰਾਸਤੀ ਇਮਾਰਤਾਂ ਵਿੱਚ ਜਾ ਕੇ ਸਮਾਗਮ ਕਰਨ ਦੀ ਲੋੜ ਹੈ ਤਾਂ ਜੋ ਓਥੋਂ ਦੇ ਲੋਕਾਂ ਨੂੰ ਪੂਰੇ ਤਰੀਕੇ ਨਾਲ ਇਸ ਤੋਂ ਜਾਣੂ ਕਰਵਾਇਆ ਜਾ ਸਕੇ ਅਤੇ ਉਸ ਦੀ ਸਾਂਭ-ਸੰਭਾਲ ਦੇ ਵਿੱਚ ਉਨ੍ਹਾਂ ਨੂੰ ਲਾਮਬੰਦ ਕੀਤਾ ਜਾ ਸਕੇ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਸੱਦਾ ਦਿੱਤਾ ਕੀ ਅੱਜ ਤੁਹਾਡਾ ਹੈ ਅਤੇ ਇਹ ਹੁਣ ਤੁਹਾਡੇ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕਿਹੋ ਜਿਹੀ ਵਿਰਾਸਤ ਦੇ ਕੇ ਜਾਣਾ ਹੈ।
ਇਸ ਮੌਕੇ ਪ੍ਰਿੰਸੀਪਲ ਡਾ: ਮਾਹਲ ਸਿੰਘ ਨੇ ਆਏ ਮਹਿਮਾਨਾਂ ਨੂੰ ਯਾਦਗਾਰ ਵੱਲੋਂ ਕਾਲਜ ਦੀ ਕੌਫ਼ੀ ਟੇਬਲ ਬੁੱਕ ਦੇ ਕੇ ਜੀ ਆਇਆ ਆਖਦਿਆਂ ਕਿਹਾ ਕਿ ਸਾਡੀ ਵਿਰਾਸਤ ਹੀ ਸਾਡੀ ਪਹਿਚਾਣ ਹੈ। ਸੰਸਾਰ ਭਰ ਵਿੱਚ ਲੋਕ ਆਪੋ ਆਪਣੀ ਵਿਰਾਸਤ ਸਾਂਭ ਰਹੇ ਹਨ ਅਤੇ ਸਾਨੂੰ ਖ਼ੁਸ਼ੀ ਹੈ ਕਿ ਪੰਜਾਬ ਦੇ ਲੋਕ ਵੀ ਇਸ ਮੁਹਿੰਮ ਵਿਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਆਲੇ-ਦੁਆਲੇ ਗੁਰੂਆਂ ਦੇ ਵਸਾਏ ਸ਼ਹਿਰ ਸਾਡੀ ਵਿਰਾਸਤ ਹਨ ਅੰਗਰੇਜ਼ ਹਾਕਮਾਂ ਨੇ ਸਾਨੂੰ ਸਾਡੀ ਵਿਰਾਸਤ ਨਾਲ ਤੋੜਨ ਲਈ ਬਹੁਤ ਯਤਨ ਕੀਤੇ ਸਨ।
ਇੰਡੀਅਨ ਨੈਸ਼ਨਲ ਕਾਲਜ ਅੰਮ੍ਰਿਤਸਰ ਦੇ ਕਨਵੀਨਰ ਸ੍ਰ ਗਗਨਦੀਪ ਸਿੰਘ ਵਿਰਕ ਨੇ ਸੈਮੀਨਾਰ ਦੀ ਰੂਪ-ਰੇਖਾ ਸਰੋਤਿਆਂ ਨਾਲ ਸਾਂਝੀ ਕੀਤੀ ਅਤੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ।
ਇਸ ਸੈਮੀਨਾਰ ਦੇ ਮੁੱਖ ਬੁਲਾਰੇ ਮੇਜਰ ਜਰਨਲ ਬਮਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੀ ਵਿਰਾਸਤ ਨੂੰ ਸਾਂਭਣ ਦੀ ਬਹੁਤ ਲੋੜ ਹੈ ਕਿਸੇ ਇਕੱਲੇ ਵਿਅਕਤੀ ਦਾ ਕੰਮ ਨਹੀਂ ਹੈ ਇਸ ਲਈ ਲੋਕ ਲਹਿਰ ਬਣਾਉਣ ਦੀ ਲੋੜ ਹੈ।
ਪਿੰਗਲਵਾੜਾ ਔਰਗੈਨਿਕ ਫਾਰਮ ਦੇ ਇੰਚਾਰਜ ਸ ਰਾਜਬੀਰ ਸਿੰਘ ਨੇ ਕਿਹਾ ਕਿ ਸਾਧਾਂ ਅਤੇ ਕੁਦਰਤੀ ਜੀਵਨ ਸਾਡੀ ਵਿਰਾਸਤ ਹੈ ਅਤੇ ਅੱਜ ਇਸ ਨੂੰ ਅਪਣਾਉਣ ਦੀ ਲੋੜ ਹੈ ।
ਡੀ ਪੀ ਆਰ ਓ ਸਰਦਾਰ ਇੰਦਰਜੀਤ ਸਿੰਘ ਨੇ ਕਿਹਾ ਕਿ ਅਸੀਂ ਬਟਾਲੇ ਦੇ ਆਸ ਪਾਸ ਦੇ ਵਿਰਾਸਤ ਸਾਂਭਣ ਵਾਸਤੇ ਪਿਛਲੇ ਲੰਮੇ ਸਮੇਂ ਤੋਂ ਯਤਨ ਕਰ ਰਹੇ ਹਾਂ ਅਤੇ ਇਤਿਹਾਸਕ ਅਤੇ ਧਾਰਮਿਕ ਮਹੱਤਵ ਵਾਲੀਆਂ ਥਾਵਾਂ ਨੂੰ ਸੁਰੱਖਿਅਤ ਵੀ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਉਹ ਪੰਜਾਬ ਦੇ ਵੱਖ ਵੱਖ ਖੇਤਰਾਂ ਵਿਚ ਜਾ ਕੇ ਖੰਡਰ ਬਣ ਰਹੀਆਂ ਇਮਾਰਤਾਂ ਦੀ ਜਾਣਕਾਰੀ ਇਕੱਤਰ ਕਰ ਰਹੇ ਹਨ ਅਤੇ ਆਪਣੇ ਪੱਧਰ ਤੇ ਲੋਕਾਂ ਨੂੰ ਜਾਗਰੂਕ ਕਰਕੇ ਲਾਮਬੰਦ ਕਰਨ ਦੀ ਛੋਟੀ ਜਿਹੀ ਕੋਸ਼ਿਸ਼ ਕਰ ਰਹੇ ਹਨ ਜੀ। ਉਨ੍ਹਾਂ ਸਮੂਹ ਸੰਸਥਾਵਾਂ ਨੂੰ ਸੱਦਾ ਦਿੱਤਾ ਕਿ ਆਓ ਸਾਰੇ ਰਲ ਕੇ ਆਪਣੀ ਅਮੀਰ ਵਿਰਾਸਤ ਅਤੇ ਸਭਿਆਚਾਰ ਨੂੰ ਬਚਾਈਏ
ਕੇਂਦਰੀ ਯੂਨੀਵਰਸਿਟੀ ਧਰਮਸ਼ਾਲਾ ਦੇ ਪੰਜਾਬੀ ਵਿਭਾਗ ਦੇ ਮੁਖੀ ਡਾਕਟਰ ਨਰੇਸ਼ ਕੁਮਾਰ ਨੇ ਕਿਹਾ ਕਿ ਕਿਹਾ ਕਿ ਸਾਡੀ ਸਭ ਦੀ ਵਿਰਾਸਤ ਵੀ ਬਹੁਤ ਹੱਦ ਤੱਕ ਧੁੰਦਲੀ ਹੋਈ ਹੈ ਜਿਸ ਦੀ ਪਰਖ ਖੋਜ ਲਈ ਸੁਹਿਰਦ ਅਤੇ ਲੰਮੇ ਯਤਨਾਂ ਦੀ ਲੋੜ ਹੈ। ਸੀਤਾ ਰਾਮ ਮਾਧੋਪੁਰੀ ਨੇ ਕਿਹਾ ਕਿ ਭਾਰਤ ਦੀ ਵਿਸ਼ਵ ਵਿੱਚ ਆਪਣੀ ਅਮੀਰ ਵਿਰਾਸਤ ਕਰਕੇ ਹੀ ਪਹਿਚਾਣ ਹੈ।
ਇਸ ਮੌਕੇ ਇੰਟਕ ਅੰਮ੍ਰਿਤਸਰ ਦੇ ਕਨਵੀਨਰ ਗਗਨਦੀਪ ਸਿੰਘ ਵਿਰਕ ਨੇ ਕਿਹਾ ਇੰਟੈਕ ਪੰਜਾਬ ਦੀ ਬਰਬਾਦ ਹੋ ਰਹੀ ਵਿਰਾਸਤ ਨੂੰ ਬਚਾਉਣ ਲਈ ਦਿਨ-ਰਾਤ ਮਿਹਨਤ ਕਰਨ ਰਹੀ ਹੈ। ਉਨ੍ਹਾਂ ਸਮਾਜ ਸੇਵੀ ਜਥੇਬੰਦੀਆਂ, ਨੌਜਵਾਨ ਕਲੱਬਾਂ ਅਤੇ ਸੁਹਿਰਦ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਮਹਾਨ ਕਾਰਜ ਵਿੱਚ ਉਨ੍ਹਾਂ ਦਾ ਸਾਥ ਦੇਣ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਆਪਣੀ ਇਸ ਅਮੀਰ ਵਿਰਾਸਤ ਦਾ ਨਿੱਘ ਮਾਣ ਸਕਣ। ਉਨ੍ਹਾਂ ਕਿਹਾ ਜਿਹੜੇ ਲੋਕ ਆਪਣੀ ਵਿਰਾਸਤ ਆਪਣਾ ਸਭਿਆਚਾਰ ਅਤੇ ਆਪਣੀ ਜ਼ਬਾਨ ਭੁੱਲ ਜਾਂਦੇ ਹਨ ਉਹ ਕੱਖਾਂ ਵਾਂਗੂੰ ਰੁਲ ਜਾਂਦੇ ਹਨ।
ਇਸ ਮੌਕੇ ਤੇ ਪੰਜਾਬੀ ਵਿਭਾਗ ਦੇ ਮੁਖੀ ਡਾਕਟਰ ਆਤਮ ਸਿੰਘ ਰੰਧਾਵਾ ਰਾਜਨੀਤੀ ਵਿਭਾਗ ਦੇ ਪ੍ਰੋਫੈਸਰ ਡਾਕਟਰ ਹਰਬਿਲਾਸ ਸਿੰਘ ਰੰਧਾਵਾ ਅਤੇ ਡਾਕਟਰ ਹੀਰਾ ਸਿੰਘ ਵੀ ਹਾਜ਼ਰ ਸਨ । ਸੈਮੀਨਾਰ ਵਿੱਚ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਅਤੇ ਆਪਣੀ ਵਿਰਾਸਤ ਸਾਂਭਣ ਦਾ ਪ੍ਰਣ ਲਿਆ।