ਨਿਊਯਾਰਕ- ਈਰਾਨ ਅਤੇ ਇਸਰਾਈਲ ਵਿਚਕਾਰ ਆਪਸੀ ਤਣਾਅ ਕਰਕੇ ਕੱਚੇ ਤੇਲ ਦੇ ਭਾਅ ਹੋਰ ਉਚਾਈਆਂ ਤੇ ਪਹੁੰਚ ਗਏ ਹਨ। ਇਸ ਸਮੇਂ ਅੰਤਰਰਾਸ਼ਟਰੀ ਬਜ਼ਾਰ ਵਿੱਚ ਕੱਚੇ ਤੇਲ ਦੇ ਭਾਅ ਵੱਧ ਕੇ 104 ਡਾਲਰ ਤੋਂ ਵੀ ਉਪਰ ਪਹੁੰਚ ਗਏ ਹਨ। ਪਿੱਛਲੇ 29 ਮਹੀਨਿਆਂ ਵਿੱਚ ਇਹ ਇਸ ਦਾ ਸੱਭ ਤੋਂ ਉਚਾ ਸਤੱਰ ਹੈ।
ਮਿਸਰ ਸੰਕਟ ਸਮੇਂ ਵੀ ਤੇਲ ਦੀਆ ਕੀਮਤਾਂ ਵੱਧ ਕੇ 100 ਡਾਲਰ ਤੋਂ ਉਪਰ ਪਹੁੰਚ ਗਈਆਂ ਸਨ। ਮੁਬਾਰਕ ਦੇ ਅਸਤੀਫਾ ਦੇਣ ਤੋਂ ਬਾਅਦ ਮਿਸਰ ਦਾ ਸੰਕਟ ਤਾਂ ਹੱਲ ਹੋ ਗਿਆ ਪਰ ਇੱਕ ਵਾਰ ਦੇ ਵੱਧੇ ਹੋਏ ਰੇਟ ਘੱਟ ਨਹੀਂ ਹੋਏ। ਹੁਣ ਈਰਾਨੀ ਜਹਾਜ਼ਾਂ ਦੇ ਇਸਰਾਈਲ ਦੀ ਸੀਮਾ ਅੰਦਰ ਘੁਸਪੈਠ ਕਰਨ ਨਾਲ ਕੱਚੇ ਤੇਲ ਦੀ ਕੀਮਤ ਵਿੱਚ ਹੋਰ ਵਾਧਾ ਹੋਇਆ ਹੈ।
ਲੰਡਨ ਵਿੱਚ ਕੱਚੇ ਤੇਲ ਦੇ ਰੇਟ ਵੱਧ ਕੇ 104.52 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਏ ਹਨ। ਇਸ ਤੋਂ ਪਹਿਲਾਂ ਸਿਤੰਬਰ 2008 ਵਿੱਚ ਇਸ ਲੈਵਲ ਤੱਕ ਪਹੁੰਚੇ ਸਨ। ਅਮਰੀਕਾ ਵਿੱਚ ਵੀ ਇਹ ਰੇਟ ਵੱਧ ਕੇ 85.48 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਏ ਹਨ। ਮਿਸਰ ਤੋਂ ਬਾਅਦ ਹੁਣ ਯਮਨ, ਈਰਾਨ, ਲੀਬੀਆ ਅਤੇ ਬਹਿਰੀਨ ਵਿੱਚ ਵੀ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਅਰਬ ਦੇ ਦੇਸ਼ਾਂ ਵਿੱਚ ਵੱਧ ਰਹੀ ਰਾਜਨੀਤਕ ਅਸਥਿਰਤਾ ਕਰਕੇ ਵੀ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ।