ਇਸਲਾਮਾਬਾਦ-ਜਿਸ ਏਰੀਏ ਵਿਚ ਤਾਲਿਬਾਨ ਦਾ ਜੋਰ ਹੈ, ਉਸ ਇਲਾਕੇ ਵਿਚ ਤਾਲਿਬਾਨ ਨੇ ਹੁਣ ਇਕ ਨਵਾਂ ਫੁਰਮਾਨ ਜਾਰੀ ਕੀਤਾ ਹੈ। ਇਸ ਨਵੇਂ ਫੁਰਮਾਨ ਦੇ ਤਹਿਤ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੀਆਂ ਲੜਕੀਆਂ ਦੇ ਨਿਕਾਹ ਅਤਵਾਦੀਆਂ ਨਾਲ ਕਰਨ, ਜੇ ਅਜਿਹਾ ਨਹੀ ਕਰਨਗੇ ਤਾਂ ਗੰਭੀਰ ਨਤੀਜੇ ਭੁਗਤਣ ਲਈ ਤਿਆਰ ਰਹਿਣ।
ਪਾਕਿਸਤਾਨ ਦੇ ਅਸ਼ਾਂਤ ਰਾਜ ਦੇ ਜਿਆਦਾਤਰ ਇਲਾਕਿਆਂ ਵਿਚ ਜਬਰਦਸਤੀ ਵਿਆਹ ਕੀਤੇ ਜਾ ਰਹੇ ਹਨ। ਕੁਝ ਪੀੜਤ ਔਰਤਾਂ ਵਲੋਂ ਨਿਆਂ ਦੀ ਗੁਹਾਰ ਲਗਾਏ ਜਾਣ ਤੋਂ ਬਾਅਦ ਇਹੋ ਜਿਹੇ ਕੁਝ ਮਾਮਲੇ ਸਾਹਮਣੇ ਆਏ। ਪੇਸ਼ਵਰ ਵਿਚ ਇਕ ਸਕੂਲ ਦੀ ਅਧਿਆਪਕਾ ਸਲਮਾ ਨੇ ਇਕ ਅਖਬਾਰ ਨੂੰ ਦਸਿਆ ਕਿ ਤਾਲਿਬਾਨਾਂ ਨੇ ਪਰੀਵਾਰਾਂ ਨੂੰ ਮਸਜਿਦਾਂ ਵਿਚ ਇਹ ਦਸਣ ਲਈ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਕੁਵਾਰੀਆਂ ਲੜਕੀਆਂ ਹਨ। ਅਜਿਹਾ ਕਰਨ ਤੇ ਉਨ੍ਹਾਂ ਲੜਕੀਆਂ ਦੇ ਨਿਕਾਹ ਅਤਵਾਦੀਆਂ ਨਾਲ ਕਰ ਦਿਤੇ ਜਾਣਗੇ। ਸਿੱਧੇ ਤੌਰ ਤੇ ਨਾਂ ਮੰਨਣ ਤੇ ਜਬਰਦਸਤੀ ਵਿਆਹ ਕਰਵਾਏ ਜਾਣਗੇ। ਸਲਮਾ ਅਨੁਸਾਰ ਔਰਤਾਂ ਨੂੰ ਧਮਕੀ ਦਿਤੀ ਗਈ ਹੈ ਕਿ ਉਹ ਪਛਾਣ-ਪੱਤਰ ਤੋਂ ਬਿਨ੍ਹਾਂ ਘਰ ਤੋਂ ਬਾਹਰ ਨਾਂ ਨਿਕਲਣ। ਜੇ ਬਿਨ੍ਹਾਂ ਪਛਾਣ-ਪੱਤਰ ਤੋਂ ਘਰ ਤੋਂ ਬਾਹਰ ਮਿਲੀ ਜਾਂ ਉਸ ਨਾਲ ਕੋਈ ਮਰਦ ਮੈਂਬਰ ਨਾਂ ਹੋਇਆ ਤਾਂ ਉਸਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਜੇ ਸ਼ਾਦੀਸ਼ੂਦਾ ਜੋੜਾ ਵੀ ਬਾਹਰ ਨਿਕਲਦਾ ਹੈ ਤਾਂ ਉਨ੍ਹਾਂ ਨੂੰ ਨਿਕਾਹਨਾਮਾ ਜਾਂ ਵਿਆਹ ਦਾ ਕੋਈ ਪ੍ਰਮਾਣ-ਪੱਤਰ ਨਾਲ ਰੱਖਣਾ ਚਾਹੀਦਾ ਹੈ। ਉਸਨੇ ਇਹ ਵੀ ਦਸਿਆ ਕਿ ਤਾਲਿਬਾਨਾਂ ਨੇ ਇਹ ਵੀ ਫੁਰਮਾਨ ਜਾਰੀ ਕੀਤਾ ਹੈ ਕਿ ਜੇ 7 ਸਾਲ ਤੋਂ ਵੱਡੀ ਉਮਰ ਦੀ ਲੜਕੀ ਆਪਣੇ ਘਰ ਤੌਂ ਬਾਹਰ ਇਕਲੀ ਵੇਖੀ ਗਈ ਤਾਂ ਉਸਨੂੰ ਮਾਰ ਦਿਤਾ ਜਾਵੇਗਾ। ਸਲਮਾ ਦਾ ਕਹਿਣਾ ਹੈ ਕਿ ਕਦੇ ਉਹ ਪਾਕਿਸਤਾਨੀ ਤਾਲਿਬਾਨ ਕਮਾਂਡਰ ਮੌਲਾਨਾ ਫਜਲੂਲਾਹ ਦੇ ਐਫਐਮ ਰੇਡੀਓ ਸਟੇਸ਼ਨ ਦੀ ਪਕੀ ਸਰੋਤਾ ਸੀ। ਪਰ ਹੁਣ ਉਹ ਇਸਨੂੰ ਨਹੀ ਸੁਣਦੀ। ਫਜਲੂਲਾਹ ਦੇ ਸਮਰਥਕ 100 ਤੋਂ ਵੱਧ ਲੜਕੀਆਂ ਦੇ ਸਕੂਲਾਂ ਵਿਚ ਅੱਗ ਲਗਾ ਚੁਕੇ ਹਨ। ਔਰਤਾਂ ਦੇ ਬਜਾਰ ਜਾਣ ਤੇ ਵੀ ਰੋਕ ਲਗਾਈ ਹੋਈ ਹੈ। ਤਾਲਿਬਾਨ ਨੇ ਹੁਣੇ ਜਿਹੇ ਹੀ 15 ਜਨਵਰੀ ਤੋਂ ਲੜਕੀਆਂ ਦੀ ਸਿਖਿਆ ਤੇ ਪੂਰੀ ਤਰ੍ਹਾਂ ਨਾਲ ਪਬੰਦੀ ਲਾਉਣ ਦਾ ਐਲਾਨ ਕੀਤਾ ਹੈ।
ਅਤਵਾਦੀਆਂ ਨਾਲ ਕੁੜੀਆਂ ਦੇ ਨਿਕਾਹ ਕਰਨ ਦਾ ਫੁਰਮਾਣ
This entry was posted in ਅੰਤਰਰਾਸ਼ਟਰੀ.