ਲੰਡਨ/ ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਮਰਹੂਮ ਸ਼੍ਰੋਮਣੀ ਸਾਹਿਤਕਾਰ ਸ਼ਿਵਚਰਨ ਸਿੰਘ ਗਿੱਲ ਦੇ ਪਰਿਵਾਰ ਦੇ ਮਾਣ ਸਨਮਾਨ ਵਿੱਚ ਉਹਨਾਂ ਦੀ ਜੁਪਿੰਦਰ ਢੇਸੀ ਨੇ ਵਾਧਾ ਕਰਦਿਆਂ ਬਰਤਾਨਵੀ ਸ਼ਾਹੀ ਪਰਿਵਾਰ ਕੋਲੋਂ ਓ.ਬੀ.ਈ. ਦਾ ਸਨਮਾਨ ਹਾਸਲ ਕੀਤਾ ਹੈ। ਜੁਪਿੰਦਰ ਢੇਸੀ ਵੱਲੋਂ ਕੀਤੇ ਕੰਮਾਂ ਨੂੰ ਮਾਣ ਦੇਣ ਹਿਤ ਉਕਤ ਸਨਮਾਨ ਮਰਹੂਮ ਮਹਾਰਾਣੀ ਐਲਿਜਾਬੈਥ ਦੋਇਮ ਵੱਲੋਂ ਦਿੱਤਾ ਜਾਣਾ ਸੀ ਤੇ ਇਸ ਸਨਮਾਨ ਉੱਪਰ ਮਹਾਰਾਣੀ ਦੇ ਹੀ ਹਸਤਾਖਰ ਹਨ। ਪਰ ਸ਼ਾਹੀ ਪਰਿਵਾਰ ਦੇ ਰੁਝੇਵਿਆਂ ਕਰਕੇ ਮਹਾਰਾਣੀ ਖੁਦ ਉਹ ਸਨਮਾਨ ਭੇਂਟ ਨਾ ਕਰ ਸਕੇ। ਹੁਣ ਬੀਤੇ ਦਿਨੀਂ ਉਕਤ ਸਨਮਾਨ ਭੇਂਟ ਕਰਨ ਦੀ ਰਸਮ ਅਦਾ ਕੀਤੀ ਗਈ। ਇਸ ਨੂੰ ਮੌਕਾ ਮੇਲ ਹੀ ਕਿਹਾ ਜਾ ਸਕਦਾ ਹੈ ਕਿ ਸਨਮਾਨ ਮਿਲਣ ਵਾਲੇ ਦਿਨ ਹੀ ਜੁਪਿੰਦਰ ਦੇ ਨਾਨਾ ਜੀ ਸ਼ਿਵਚਰਨ ਸਿੰਘ ਗਿੱਲ ਦੀ ਬਰਸੀ ਸੀ। ਸਨਮਾਨ ਹਾਸਲ ਕਰਨ ਉਪਰੰਤ ਜੁਪਿੰਦਰ ਦਾ ਕਹਿਣਾ ਸੀ ਕਿ ਇਹ ਸਨਮਾਨ ਮਿਲਣ ‘ਤੇ ਨਾਨਾ ਜੀ ਬੇਹੱਦ ਖੁਸ਼ ਹੋਣਗੇ। ਜਿਕਰਯੋਗ ਹੈ ਕਿ ਸ਼ਿਵਚਰਨ ਸਿੰਘ ਗਿੱਲ ਦਾ ਆਪਣੇ ਪਰਿਵਾਰ ਦੇ ਛੋਟੇ ਬੱਚਿਆਂ ਨਾਲ ਅਥਾਹ ਮੋਹ ਸੀ ਤੇ ਬੱਚੇ ਉਹਨਾਂ ਨੂੰ ਆਪਣਾ ਆਦਰਸ਼ ਵੀ ਮੰਨਦੇ ਹਨ। ਸ਼ਿਵਚਰਨ ਸਿੰਘ ਗਿੱਲ ਦੇ ਪਾਏ ਪੂਰਨਿਆਂ ‘ਤੇ ਚਲਦੇ ਹੋਣ ਦਾ ਪ੍ਰਤੱਖ ਪ੍ਰਮਾਣ ਇਹ ਹੈ ਕਿ ਜੁਪਿੰਦਰ ਢੇਸੀ ਦੀ ਮਾਂ ਸ਼ਿਵਦੀਪ ਕੌਰ ਢੇਸੀ ਨੇ ਆਪਣੇ ਪਿਤਾ ਦੀ ਯਾਦ ਵਿੱਚ ਸ਼ਿਵਚਰਨ ਗਿੱਲ ਮੈਮੋਰੀਅਲ ਟਰੱਸਟ ਲੰਡਨ ਬਣਾ ਕੇ ਸਾਲਾਨਾ ਸਾਹਿਤਕ ਸਮਾਗਮ ਕਰਵਾਏ ਜਾਂਦੇ ਹਨ। ਇਸ ਟਰੱਸਟ ਵੱਲੋਂ ਭਾਈਚਾਰੇ ਦਾ ਨਾਮ ਰੌਸ਼ਨ ਕਰਨ ਵਾਲੀਆਂ ਵੱਖ ਵੱਖ ਸਖਸ਼ੀਅਤਾਂ ਨੂੰ ਐਵਾਰਡ ਪ੍ਰਦਾਨ ਕੀਤੇ ਜਾਂਦੇ ਹਨ। ਜੁਪਿੰਦਰ ਢੇਸੀ ਨੂੰ ਓ.ਬੀ.ਈ. ਦਾ ਸਨਮਾਨ ਮਿਲਣ ‘ਤੇ ਭਾਈਚਾਰੇ ਦੇ ਲੋਕਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਇਸ ਸਮੇਂ ਮਰਹੂਮ ਸ਼ਿਵਚਰਨ ਸਿੰਘ ਗਿੱਲ ਦੀ ਧਰਮ ਪਤਨੀ ਸ੍ਰੀਮਤੀ ਧਨਿੰਦਰ ਕੌਰ ਗਿੱਲ (ਨਾਨੀ), ਸ਼ਿਵਰਾਜ ਸਿੰਘ ਗਿੱਲ, ਸ਼ਿਵਜੋਤ ਸਿੰਘ ਗਿੱਲ, ਦੀਪਿੰਦਰ ਸਿੰਘ ਢੇਸੀ, ਪਰਮਜੀਤ ਕੌਰ ਢੇਸੀ ਵੱਲੋਂ ਅਥਾਹ ਖੁਸ਼ੀ ਦਾ ਇਜ਼ਹਾਰ ਕਰਦਿਆਂ ਭਾਈਚਾਰੇ ਦੇ ਲੋਕਾਂ ਦਾ ਇਸ ਖੁਸ਼ੀ ਦੀ ਘੜੀ ‘ਚ ਸ਼ਰੀਕ ਹੋਣ ‘ਤੇ ਧੰਨਵਾਦ ਕੀਤਾ।
ਮਰਹੂਮ ਸਾਹਿਤਕਾਰ ਸ਼ਿਵਚਰਨ ਗਿੱਲ ਦੀ ਦੋਹਤੀ ਨੂੰ ਬਰਤਾਨਵੀ ਸ਼ਾਹੀ ਪਰਿਵਾਰ ਵੱਲੋਂ ਮਿਲਿਆ ਓ. ਬੀ. ਈ. ਸਨਮਾਨ
This entry was posted in ਅੰਤਰਰਾਸ਼ਟਰੀ.