ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪੌਦਾ ਰੋਗ ਵਿਭਾਗ ਵੱਲੋਂ ਖੇਤੀ ਮੌਸਮ ਵਿਭਾਗ ਦੇ ਸਹਿਯੋਗ ਨਾਲ ਆਲੂਆਂ ਦੇ ਪਛੇਤੇ ਝੁਲਸ ਰੋਗ ਦੀ ਸੰਕੇਤਕ ਜਾਣਕਾਰੀ ਸੰਬੰਧੀ ਵਿਕਸਤ ਵਿਧੀ ਦਾ ਉਦਘਾਟਨ ਕਰਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਕਿਹਾ ਕਿ ਕਿਸਾਨਾਂ ਲਈ ਇਹ ਵਿਧੀ ਆਲੂਆਂ ਨੂੰ ਲੱਗਣ ਵਾਲੀਆਂ ਬੀਮਾਰੀਆਂ ਨੂੰ ਅਗਾਂਉ ਕਾਬੂ ਕਰਨ ਅਤੇ ਵਾਸਤੇ ਕਾਫੀ ਸਹਾਈ ਹੋਵੇਗੀ ਖਾਸ ਤੌਰ ਤੇ ਪਿਛੇਤੇ ਝੁਲਸ ਰੋਗ ਲਈ । ਡਾ: ਕੰਗ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਆਲੂਆਂ ਨੂੰ ਲੱਗਣ ਵਾਲੀ ਇਸ ਭਿਆਨਕ ਬੀਮਾਰੀ ਸੰਬੰਧੀ ਇਕੱਤਰ ਜਾਣਕਾਰੀ ਦੇ ਆਧਾਰ ਤੇ ਹੀ ਇਹ ਵਿਧੀ ਵਿਕਸਤ ਕੀਤੀ ਗਈ ਹੈ ਜੋ ਆਲੂਆਂ ਨੂੰ ਬੀਮਾਰੀ ਲੱਗਣ ਤੋਂ ਪਹਿਲਾਂ ਹੀ ਆਲੂ ਉਤਪਾਦਕਾਂ ਲਈ ਸਹਾਇਤਾ ਪੂਰਨ ਹੋਵੇਗੀ। ਡਾ: ਕੰਗ ਨੇ ਕਿਹਾ ਕਿ ਇਸ ਤਰ੍ਹਾਂ ਇਹ ਵਿਧੀ ਹੋਰ ਫ਼ਸਲਾਂ ਲਈ ਖੋਜਣੀ ਬਹੁਤ ਜ਼ਰੂਰੀ ਹੈ।
ਇਸ ਮੌਕੇ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ: ਸਤਬੀਰ ਸਿੰਘ ਗੋਸਲ ਨੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਵਿਕਸਤ ਕੀਤੀ ਇਹ ਵਿਧੀ ਸਮੇਂ ਦੀ ਲੋੜ ਸੀ ਕਿਉਂਕਿ ਆਲੂਆਂ ਦਾ ਪਛੇਤਾ ਰੋਗ ਬਹੁਤ ਹੀ ਗੰਭੀਰ ਕਿਸਮ ਦੀ ਬੀਮਾਰੀ ਹੈ। ਇਸ ਮੌਕੇ ਪੌਦਾ ਰੋਗ ਵਿਭਾਗ ਦੇ ਮੁਖੀ ਡਾ: ਤਰਲੋਚਨ ਸਿੰਘ ਥਿੰਦ ਨੇ ਦੱਸਿਆ ਕਿ ਇਸ ਵਿਧੀ ਰਾਹੀਂ ਆਲੂਆਂ ਨੂੰ ਲੱਗਣ ਵਾਲੇ ਪਛੇਤੇ ਝੁਲਸ ਰੋਗ ਤੇ ਪਹਿਲਾਂ ਹੀ ਕੰਟਰੋਲ ਕਰਨਾ ਕਾਫੀ ਸੌਖਾ ਹੋ ਜਾਵੇਗਾ। ਡਾ: ਥਿੰਦ ਨੇ ਦੱਸਿਆ ਕਿ ਹੁੰਮਸ ਅਤੇ ਤਾਪਮਾਨ ਦੇ ਅਨੁਪਾਤ ਤੋਂ ਇਸ ਬੀਮਾਰੀ ਦਾ ਅੰਦਾਜ਼ਾ ਪਹਿਲੇ ਲਗਾਇਆ ਜਾ ਸਕਦਾ ਹੈ। ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ, ਡੀਨਜ, ਡਾਇਰੈਕਟਰਜ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀ ਹਾਜ਼ਰ ਸਨ।
ਡਾ:ਕੰਗ ਨੇ ਆਲੂ ਦੇ ਪਿਛੇਤੇ ਝੁਲਸ ਰੋਗ ਦੀ ਸੰਕੇਤਕ ਜਾਣਕਾਰੀ ਸੰਬੰਧੀ ਨਵੀਂ ਵਿਧੀ ਦਾ ਉਦਘਾਟਨ ਕੀਤਾ
This entry was posted in ਖੇਤੀਬਾੜੀ.