ਸਰਹੰਦ – ਯੂਥ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਮਹਾਨ ਸ਼ਹੀਦਾਂ ਦੀ ਪਵਿਤਰ ਨਗਰੀ ਵਿਖੇ ਯੂਥ ਅਕਾਲੀ ਦਲ ਦੀ ਇਕ ਵਿਸ਼ਾਲ ਰੈਲੀ ਨੂੰ ਸੰਬੰਧਨ ਕਰਦਿਆਂ ਦੋਸ਼ ਲਾਇਆ ਕਿ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਦੀ ਅਗਵਾਈ ਵਿਚ ਭਾਰਤ ਘੁਟਾਲਿਆਂ ਦਾ ਦੇਸ਼ ਬਣ ਕੇ ਰਹਿ ਗਿਆ ਹੈ। ਉਹਨਾਂ ਪ੍ਰਧਾਨ ਮੰਤਰੀ ਡਾ:ਮਨਮੋਹਨ ਸਿੰਘ ਦੇ ਬਿਆਨ ’ਤੇ ਟਿਪਣੀ ਕਰਦਿਆਂ ਕਿਹਾ ਕਿ ਉਹ ਮੌਜੂਦਾ ਸਥਿਤੀਆਂ ਲਈ ਗਠਜੋੜ ਦੀ ਮਜਬੂਰ ਦਸ ਕੇ ਆਪਣੀ ਸੰਵਿਧਾਨਕ ਜ਼ਿਮੇਵਾਰੀ ਤੋਂ ਪੱਲਾ ਨਹੀਂ ਝਾੜ ਸਕਦਾ। ਉਹਨਾਂ ਕਿਹਾ ਕਿ ਦੇਸ਼ ਵਾਸੀਆਂ ਦੀ ਅੰਨੀ ਲੁੱਟ ਕਰਨ ਦੀ ਕੀਮਤ ’ਤੇ ਕੀਤਾ ਜਾ ਰਿਹਾ ਕੋਈ ਵੀ ਸਮਝੌਤਾ ਸਾਨੂੰ ਮੰਨਜੂਰ ਨਹੀਂ।
ਸਥਾਨਿਕ ਦਾਣਾ ਮੰਡੀ ਵਿਖੇ ਫਤਿਹਗੜ ਸਾਹਿਬ ਦੇ ਛੋਟੇ ਜਿਲੇ ਦੇ ਪ੍ਰਭਾਵਸ਼ਾਲੀ ਇਤਿਹਾਸਕ ਰੈਲੀ ਨੂੰ ਸੰਬੋਧਨ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਸਰਹੰਦ ਮਹਾਨ ਸ਼ਹੀਦਾਂ ਦੀ ਧਰਤੀ ਹੈ ਤੇ ਇਥੋਂ ਉਹਨਾਂ ਨੂੰ ਸਦਾ ਹੀ ਜਬਰ ਜੁਲਮ ਅਤੇ ਜਾਲਮਾਂ ਨਾਲ ਟਕਰ ਲੈਣ ਦੀ ਸੇਧ ਮਿਲਦੀ ਹੈ। ਇਸ ਮੌਕੇ ਭਾਰੀ ਇਕਠ ਨੂੰ ਸੰਬੋਧਨ ਕਰਦਿਆਂ ਉਹਨਾਂ ਕੇਂਦਰ ਸਰਕਾਰ ਦੀਆਂ ਨੀਤੀਆਂ ਦੀ ਸਖ਼ਤ ਆਲੋਚਨਾ ਕੀਤੀ ਤੇਘੁਟਾਲੇ ਅਤੇ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਕੀਮਤ ’ਤੇ ਸਹਿਣ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਗਾਂਧੀ ਪਰਿਵਾਰ ਦੀ ਦੇਖ ਰੇਖ ਹੇਠ ਪਨਪ ਰਹੇ ਲੋਟੂ ਟੋਲੇ ਅਗੇ ਬੇ-ਵਸ ਹੈ ਅਤੇ ਮਹਿੰਗਾਈ, ਭ੍ਰਿਸ਼ਟਾਚਾਰ ਤੇ ਘੁਟਾਲਿਆਂ ਨੂੰ ਰੋਕਣ ਵਿੱਚ ਨਾਕਾਮ ਹੋ ਚੁੱਕਾ ਹੈ। ਉਹਨਾਂ ਕਿਹਾ ਕਿ ਭ੍ਰਿਸ਼ਟਾਚਾਰ ਤੇ ਘੁਟਾਲਿਆਂ ਨੇ ਗਾਂਧੀ ਪਰਿਵਾਰ ਦੀ ਦੇਸ ਵਾਸੀਆਂ ਪ੍ਰਤੀ ਨਾਕਾਰਾਤਮਕ ਸੋਚ ਦਾ ਭੇਦ ਵੀ ਜਗ ਜਾਹਰ ਕਰ ਦਿਤਾ ਹੈ। ਉਹਨਾਂ ਕਾਂਗਰਸ ਨੂੰ ਮੁੜ ਲੋਕਾਂ ਤੋਂ ਫਤਵਾ ਹਾਸਲ ਕਰਨ ਦੀ ਗਲ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਹਰ ਫਰੰਟ ’ਤੇ ਫੇਲ੍ਹ ਹੋ ਚੁੱਕੀ ਹੈ ਅਤੇ ਕਾਂਗਰਸ ਦੀਆਂ ਲੋਕ ਮਾਰੂ ਗਲਤ ਨੀਤੀਆਂ ਕਾਰਨ ਕੇਂਦਰ ਸਰਕਾਰ ’ਤੋਂ ਲੋਕਾਂ ਦਾ ਵਿਸ਼ਵਾਸ ਉੱਠ ਚੁੱਕਿਆ ਹੈ। ਉਹਨਾਂ ਕਿਹਾ ਕਿ ਲੋਕ ਇਸ ਵਾਰ ਕਾਂਗਰਸ ਨੂੰ ਸਬਕ ਸਿਖਾ ਦੇਣਗੇ।
ਉਹਨਾਂ ਕਿਹਾ ਕਿ ਦੇਸ਼ ਵਿੱਚ ਵੱਧ ਰਹੀ ਲੱਕ ਤੋੜਵੀਂ ਮਹਿੰਗਾਈ ਨੇ ਆਮ ਲੋਕਾਂ ਦਾ ਕਚੂਮਰ ਕੱਢ ਦਿੱਤਾ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵਿੱਚ ਬੇ ਲਗਾਮ ਹੋ ਰਹੇ ਘੁਟਾਲਿਆਂ ਨੇ ਵਿਸ਼ਵ ਸਤਰ ’ਤੇ ਭਾਰਤੀਆਂ ਦਾ ਸਿਰ ਸ਼ਰਮ ਨਾਲ ਨੀਵਿਆਂ ਕਰ ਦਿੱਤਾ ਹੈ। ਉਹਨਾਂ ਦੋਸ਼ ਲਾਇਆ ਕਿ ਸੋਨੀਆ ਗਾਂਧੀ ਦੀ ਸਰਪ੍ਰਸਤੀ ਹੇਠ ਭ੍ਰਿਸ਼ਟਾਚਾਰ ਤੇ ਮਹਾਂ ਘੁਟਾਲੇ ਜਿਵੇਂ ਵੱਧ ਫੁੱਲ ਰਹੇ ਹਨ ਉਨਾਂ ਨੇ ਅਤੀਤ ਦੌਰਾਨ ਕਾਂਗਰਸ ਹਕੂਮਤਾਂ ਵੱਲੋਂ ਹੀ ਕੀਤੇ ਗਏ ਘੁਟਾਲਿਆਂ ਨੂੰ ਵੀ ਮਾਤ ਦੇ ਦਿੱਤੀ ਹੈ। ਉਹਨਾਂ ਕਿਹਾ ਕਿ ਮੌਜੂਦਾ ਦੌਰ ਇਤਿਹਾਸ ਦੇ ਪੰਨਿਆਂ ’ਤੇ ਬੇਈਮਾਨਾਂ ਦੇ ਦੌਰ ’ਤੇ ਲਿਖਿਆ ਜਾਵੇਗਾ । ਉਹਨਾਂ ਕਿਹਾ ਕਿ ਸਪੈਕਟ੍ਰਮ, ਕਾਮਨਵੈਲਥ ਗੇਮਾਂ ਅਤੇ ਵਿਦੇਸ਼ਾਂ ਵਿੱਚ ਜਮਾ ਕਰਾਏ ਗਏ 70 ਲੱਖ ਕਰੋੜ ਨਾਲ ਦੇਸ਼ ਵਿੱਚੋਂ ਗਰੀਬੀ ਤੇ ਬੇਰੁਜ਼ਗਾਰੀ ਸਦਾ ਲਈ ਦੂਰ ਕਰ ਸਕਣ ਤੋਂ ਇਲਾਵਾ ਤਰੱਕੀ ਦੀਆਂ ਨਵੀਆਂ ਮੰਜ਼ਲਾਂ ਸਰ ਕੀਤੀਆਂ ਜਾ ਸਕਦੀਆਂ ਹਨ।
ਇਸ ਮੌਕੇ ਸ:ਮਜੀਠੀਆ ਨੇ ਪੰਜਾਬ ਕਾਂਗਰਸ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆੜੇ ਹੱਥੀਂ ਲਿਆ ਤੇ ਕਿਹਾ ਕਿ ਕੈਪਟਨ ਝੂਠ ਦਾ ਪੁਜਾਰੀ, ਮੁੱਦਾ ਹੀਣ ਅਤੇ ਲਾਚਾਰ ਲੀਡਰ ਹੈ। ਉਹਨਾਂ ਕਿਹਾ ਕਿ ਲੋਕ ਜਾਗਰੂਕ ਹੋ ਚੁੱਕੇ ਹਨ, ਤੇ ਉਹ ਕੈਪਟਨ ਦੇ ਲਾਰਿਆਂ ਵਿੱਚ ਨਹੀਂ ਆਉਣ ਗੇ। ਉਹਨਾਂ ਪ੍ਰਭਾਵਸ਼ਾਲੀ ਤਕਰੀਰ ਰਾਹੀਂ ਕੈਪਟਨ ਨੂੰ ਘੇਰਦਿਆਂ ਕਿਹਾ ਕਿ ਕੈਪਟਨ ਦਾ ਰਾਜ ਕਾਲ ਅਜ ਵੀ ਭ੍ਰਿਸਟਾਚਾਰ ਲਈ ਜਾਣਿਆ ਜਾਂਦਾ ਹੈ।
ਉਹਨਾਂ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਕੈਪਟਨ ਨੇ ’84 ਦੇ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਬਾਰੇ, ਵਿਦੇਸ਼ਾਂ ਵਿੱਚ ਪੱਗ ਦੇ ਮਸਲਿਆਂ, ਵਿਦੇਸ਼ਾਂ ਵਿੱਚ ਰੁਲ ਰਹੇ ਪੰਜਾਬੀ ਨੌਜਵਾਨਾਂ ਦੇ ਮਸਲਿਆਂ ਬਾਰੇ ਕਦੀ ਗਲ ਨਹੀਂ ਕੀਤੀ । ਨਾ ਹੀ ਪੰਜਾਬ ਦੇ ਕਿਸਾਨੀ ਦਾ ਕਰਜਾ ਮੁਆਫ ਕਰਨ ਲਈ ਕੇਦਰ ਨੂੰ ਕਦੀ ਕਿਹਾ ਹੈ। ਨਾ ਕੇਂਦਰ ਅਗੇ ਪੰਜਾਬ ਦੇ ਗੰਭੀਰ ਮਸਲਿਆਂ ਨੂੰ ਹਲ ਕਰਾੳਣ ਲਈ ਕਦੀ ਜੁਬਾਨ ਖੋਲਣ ਦੀ ਜੁਰਤ ਕੀਤੀ ਹੈ। ਉਹਨਾਂ ਕਿਹਾ ਕਿ ਕੈਪਟਨ ਵੱਲੋਂ ਬਿਨਾਂ ਕਿਸੇ ਕਾਰਗੁਜਾਰੀ ਤੋਂ ਲੋਕਾਂ ਨੂੰ ਗੁਮਰਾਹ ਕਰਨ ਦੀ ਚਾਲ ਹੁਣ ਕਾਮਯਾਬ ਨਹੀਂ ਹੋਵੇਗੀ।
ਬਾਦਲ ਸਰਕਾਰ ਦੀਆਂ ਪ੍ਰਾਪਤੀਆਂ ਦਾ ਵੇਰਵਾ ਦਿੰਦਿਆਂ ਉਹਨਾਂ ਕਿਹਾ ਕਿ ਬਾਦਲ ਸਰਕਾਰ ਨੇ ਸਹੂਲਤਾਂ ਜਾਰੀ ਰਖ ਕੇ ਦਸ ਦਿੱਤਾ ਹੈ ਕਿ ਲੋਕ ਹਿੱਤੂ ਸਰਕਾਰਾਂ ਦੇ ਫਰਜ਼ ਕੀ ਹਨ। ਉਹਨਾਂ ਕਿਹਾ ਕਿ ਕੈਪਟਨ ਨੇ ਕਿਸੇ ਨੂੰ ਵੀ ਨੌਕਰੀ ਨਹੀਂ ਦਿੱਤੀ ਤੇ ਅੱਜ ਬੇਰੁਜ਼ਗਾਰੀ ਖਤਮ ਕਰਨ ਦੀਆਂ ਗੱਲਾਂ ਕਰ ਰਿਹਾ ਹੈ। ਉਹਨਾਂ ਦੱਸਿਆ ਕਿ ਮੌਜੂਦਾ ਬਾਦਲ ਸਰਕਾਰ ਵੱਲੋਂ 70 ਹਜ਼ਾਰ ਤੋ ਵੱਧ ਸਰਕਾਰੀ ਮਹਿਕਮਿਆਂ ਵਿੱਚ ਨੌਕਰੀਆਂ ਦਿੱਤਿਆਂ ਗਈ ਹਨ । ਉਹਨਾਂ ਕਿਹਾ ਕਿ ਭਰਤੀ ਪ੍ਰਕਿਰਿਆ ਦੌਰਾਨ ਕਿਸੇ ਇੱਕ ਵੱਲੋਂ ਵੀ ਬੇ ਨਿਯਮੀ ਦਾ ਕੋਈ ਕੇਸ ਸਾਹਮਣੇ ਨਾ ਲਿਆਉਣਾ ਸਰਕਾਰ ਦੀ ਪਾਰਦਰਸ਼ੀ ਨੀਤੀਆਂ ਕਾਰਨ ਸੰਭਵ ਹੋ ਸਕਿਆ ਹੈ।
ਉਹਨਾਂ ਇਹ ਵੀ ਦੱਸਿਆ ਕਿ 1ਲੱਖ ਕਰੋੜ ਰੁਪੈ ਨਾਲ ਰਾਜ ਦੇ ਬੁਨਿਆਦੀ ਢਾਂਚੇ ਦਾ ਕਾਇਆ ਕਲਪ ਕੀਤਾ ਗਿਆ ਹੈ। ਸਨਅਤੀ ਕਰਨ ਵਿੱਚ ਤੇਜ ਵਿਕਾਸ ਲਈ 19 ਹਜ਼ਾਰ ਕਰੋੜ ਦੀ ਬਠਿੰਡਾ ਤੇਲ ਸੋਧ ਕਾਰਖਾਨਾ ਲਾਇਆ ਗਿਆ ਜਿੱਥੇ 33 ਹਜ਼ਾਰ ਤੋਂ ਵਧ ਲੋਕਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ ਜੋ ਆਉਣ ਵਾਲੇ ਸਮੇਂ ਵਿੱਚ ਲੱਖ ਤੋਂ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਉਹਨਾਂ ਦਾਅਵਾ ਕੀਤਾ ਕਿ ਸਰਕਾਰ ਦੀਆਂ ਕੋਸ਼ਿਸ਼ਾਂ ਕਾਰਨ ਰਾਜ ਵਿੱਚ ਵੱਡੀ ਪੂੰਜੀ ਨਿਵੇਸ਼ ਹੋਇਆ ਹੈ।
ਖੇਤੀ ਖੇਤਰ ਲਈ ਕੀਤੇ ਗਏ ਕੰਮਾਂ ਦਾ ਜ਼ਿਕਰ ਕਰਦਿਆਂ ਸ: ਮਜੀਠੀਆ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਫਸਲਾਂ ਦੀ ਮੰਡੀਕਰਨ ਵਿੱਚ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਗਈ। ਕਿਸਾਨਾਂ ਨੂੰ ਮੁਫ਼ਤ ਬਿਜਲੀ ਪਾਣੀ ਦੇਣ ਤੋਂ ਇਲਾਵਾ 76 ਹਜ਼ਾਰ ਨਵੇਂ ਟਿਊਬਲਵੈਲ ਬਿਜਲੀ ਕੁਨੈਕਸ਼ਨ, 37 ਹਜ਼ਾਰ ਕਰੋੜ ਨਾਲ ਨਹਿਰੀ ਨੈ¤ਟਵਰਕ ਦਾ ਪੁਨਰ ਨਿਰਮਾਣ ਅਤੇ ਕੁਦਰਤੀ ਆਫ਼ਤਾਂ ਕਾਰਨ ਹੋਏ ਨੁਕਸਾਨ ਲਈ ਮੁਆਵਜ਼ਾ 2000 ਤੋਂ 5000 ਰੁਪੈ ਫੀ ਏਕੜ ਦਿੱਤਾ ਜਾ ਰਿਹਾ ਹੈ।
ਨੌਜਵਾਨਾਂ ਨੂੰ ਰੁਜ਼ਗਾਰ ਯੋਗ ਅਤੇ ਹੁਨਰਮੰਦ ਬਣਾਉਣ ਲਈ ਜਹਾਨ ਖੇਲ੍ਹਾਂ ਅਤੇ ਮੁਹਾਲੀ ਵਿਖੇ ਸਿਖਲਾਈ ਸੈਂਟਰ, ਰੋਪੜ ਵਿਖੇ ਨੇਵਲ ਅਤੇ ਮਲੋਟ ਵਿਖੇ ਐਨ ਸੀ ਸੀ ਅਕੈਡਮੀਆਂ ਖੋਲੀਆਂ ਹਨ। ਉਹਨਾਂ ਇਹ ਵੀ ਕਿਹਾ ਕਿ ਸਰਕਾਰ ਦੀਆਂ ਉੱਸਾਰੂ ਨੀਤੀਆਂ ਕਾਰਨ ਪੰਜਾਬ ਨੇ ਖੇਡਾਂ ਦੇ ਖੇਤਰ ਵਿੱਚ ਵੀ ਵੱਡੀਆਂ ਮਲਾਂ ਮਾਰੀਆਂ ਹਨ। ਉਹਨਾਂ ਦੱਸਿਆ ਕਿ ਆਮ ਲੋਕਾਂ ਲਈ ਸਰਕਾਰੀ ਏ ਸੀ ਬੱਸਾਂ ਦਾ ਕਿਸੇ ਨੇ ਸੁਪਨਾ ਵੀ ਨਹੀਂ ਲਿਆ ਕਿ ਅੱਜ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਜਿੱਥੇ ਆਮ ਕਿਰਾਏ ਨਾਲ ਲੋਕ ਏ ਸੀ ਬੱਸਾਂ ਦੀ ਸਹੂਲਤ ਮਾਣ ਰਹੇ ਹਨ। ਉਹਨਾਂ ਦੱਸਿਆ ਕਿ ਰਾਜ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ 1860 ਸਰਕਾਰੀ ਬੱਸਾਂ ਬਿਨਾ ਰੋਕ ਟੋਕ ਰਾਜ ਵਿੱਚ ਚਲ ਰਹੀਆਂ ਹਨ। ਉਹਨਾਂ ਇਹ ਵੀ ਕਿਹਾ ਕਿ ਅਕਾਲੀ ਦਲ ਤੋਂ ਕੱਢੇ ਗਏ ਮਨਪ੍ਰੀਤ ਬਾਦਲ ਦੀਆਂ ਸਰਗਰਮੀਆਂ ਨਾਲ ਅਕਾਲੀ ਦਲ ਨੂੰ ਕੋਈ ਫਰਕ ਨਹੀਂ ਪਵੇਗਾ।
ਇਸ ਮੌਕੇ ਜ਼ਿਲ੍ਹੇ ਭਰ ਦੇ ਹਜ਼ਾਰਾਂ ਯੂਥ ਅਕਾਲੀ ਦਲ ਦੇ ਵਰਕਰ ਦਾ ਪੂਰੇ ਉਤਸ਼ਾਹ ਨਾਲ ਪੁੱਜਣ ’ਤੇ ਗਦ ਗਦ ਹੋਏ ਸ: ਮਜੀਠੀਆ ਯੂਥ ਨੂੰ ਲਲਕਾਰਦਿਆਂ ਕਿਹਾ ਕਿ ਉਹ ਯੂਥ ਨੂੰ 33 ਫੀਸਦੀ ਨੁਮਾਇੰਗੀ ਦੀ ਵਕਾਲਤ ਕਰੇਗਾ , ਉਹਨਾਂ ਕਿਹਾ ਕਿ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਤੇ ਚੋਣ ਤਿਆਰੀਆਂ ਸ਼ੁਰੂ ਕਰ ਦੇਣ । ਉਹਨਾਂ ਯੂਥ ਨੂੰ ਸਿਆਸਤ ਦੇ ਨਾਲ ਨਾਲ ਸਮਾਜਿਕ ਖੇਤਰ ਵਿੱਚ ਵੀ ਅੱਗੇ ਹੋਕੇ ਕੰਮ ਕਰਦਿਆਂ ਸਮਾਜਿਕ ਬੁਰਾਈਆਂ ਵਿਰੁੱਧ ਲਾਮਬੰਦ ਹੋਣ ਦਾ ਸਦਾ ਦਿੱਤਾ। ਉਹਨਾਂ ਇਹ ਵੀ ਕਿਹਾ ਕਿ ਯੂਥ ਦਾ ਹਰ ਵਰਕਰ ਇੱਕ ਰੁੱਖ ਜ਼ਰੂਰ ਲਾਏਗਾ, ਲੋੜਵੰਦ ਬਚਿਆਂ ਨੂੰ ਸਿੱਖਿਆ ਪ੍ਰਦਾਨ ਕਰੇਗਾ, ਦਾਜ, ਭਰੂਣ ਹੱਤਿਆ ਅਤੇ ਨਸ਼ਿਆਂ ਵਿਰੁੱਧ ਲੋਕਾਂ ਨੂੰ ਲਾਮਬੰਦ ਕਰਦਿਆਂ ਨੌਜਵਾਨ ਵਰਗ ਨੂੰ ਖੇਡਾਂ , ਖ਼ੂਨਦਾਨ ਤੇ ਮੈਡੀਕਲ ਕੈਪ ਲਾਉਣ ਵਲ ਵਿਸ਼ੇਸ਼ ਤਵੱਜੋ ਦੇਵੇਗਾ। ਇਸ ਮੌਕੇ ਯੂਥ ਅਕਾਲੀ ਦਲ ਦੇ ਨੌਜਵਾਨ ਵਰਕਰਾਂ ਨੂੰ ਹਦਾਇਤ ਦਿੱਤੀ ਕਿ ਉਹ ਪਿੰਡ ਪਿੰਡ ਅਤੇ ਵਾਰਡ ਪੱਧਰ ਤੇ ਆਪਣੀਆਂ ਇਕਾਈਆਂ ਕਾਇਮ ਕਰਨ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕਰਨ।