ਜੂਨ 1968 ਵਿਚ, ਆਸਟ੍ਰੇਲੀਆ ਦੇ ਸਭ ਤੋਂ ਪਹਿਲੇ ਗੁਰਦੁਆਰਾ ਸਾਹਿਬ, ਵੂਲਗੂਲਗਾ ਦੇ ਹੈਡ ਗ੍ਰੰਥੀ, ਭਾਈ ਹਰਜਿੰਦਰ ਸਿੰਘ ਹੰਬੜਾਂ ਦੀ, 18 ਜੂਨ 2023 ਵਾਲੇ ਐਤਵਾਰੀ ਦੀਵਾਨ ਦੌਰਾਨ, ਸੇਵਾ ਮੁਕਤੀ ਸਮੇ ਪ੍ਰਬੰਧਕਾਂ ਤੇ ਸੰਗਤਾਂ ਵੱਲੋਂ ਨਿਘੀ ਵਿਦਾਇਗੀ ਦਿੰਦੇ ਹੋਏ, ਸਨਮਾਨਤ ਕੀਤਾ ਗ਼ਿਆ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ. ਨਿਰਮਲ ਸਿੰਘ ਅਤੇ ਸੀਨੀਅਰ ਸਿਟੀਜ਼ਨ ਸ. ਰਘਬੀਰ ਸਿੰਘ ਹੁੰਦਲ ਨੇ ਭਾਈ ਹਰਜਿੰਦਰ ਸਿੰਘ ਹੰਬੜਾਂ ਜੀ ਦੀਆਂ ਸੇਵਾਵਾਂ ਦੀ ਸਲਾਘਾ ਕਰਦੇ ਹੋਏ ਆਖਿਆ ਕਿ ਗੁਰੂ ਘਰ ਵਿੱਚ ਗਿਆਨੀ ਜੀ ਨੇ ਸ਼ਰਧਾ ਅਤੇ ਯੋਗਤਾ ਸਹਿਤ ਸੇਵਾ ਨਿਭਾਈ ਹੈ। ਸੰਗਤਾਂ ਦੇ ਮਨ ਵਿੱਚ ਇਹਨਾਂ ਲਈ ਅਥਾਹ ਪਿਆਰ ਅਤੇ ਸਤਿਕਾਰ ਹੈ। ਸੰਗਤਾਂ ਗਿਆਨੀ ਜੀ ਦੇ ਮਿਲਾਪੜੇ ਸੁਭਾਅ ਨੂੰ ਹਮੇਸ਼ਾ ਯਾਦ ਰਖ਼ਣਗੀਆਂ।
ਜ਼ਿਕਰਯੋਗ ਹੈ ਕਿ ਭਾਈ ਸਾਹਿਬ ਨੇ ਵੱਖ-ਵੱਖ ਦੇਸ਼ਾਂ ਦੇ ਗੁਰੂ ਘਰਾਂ ਵਿੱਚ 42 ਸਾਲ ਲਈ, ਧਾਰਮਿਕ ਸੇਵਾਵਾਂ ਨਿਭਾਈਆਂ ਹਨ। ਉਹਨਾਂ ਦੇ ਸੇਵਾ ਮੁਕਤ ਹੋਣ ਸਮੇ ਗੁਰੂ ਘਰ ਦੇ ਪ੍ਰਬੰਧਕਾਂ, ਅਮਨਦੀਪ ਸਿੰਘ ਸਿਧੂ, ਮਾਤਾ ਜਿੰਦਰ ਕੌਰ ਸਮੇਤ ਸੰਗਤਾਂ ਵੱਡੀ ਗਿਣਤੀ ਵਿਚ ਪੁੱਜੀਆਂ ਸਨ। ਸੰਗਤਾਂ ਨੇ ਉਹਨਾਂ ਨੂੰ ਸਤਿਕਾਰ ਸਹਿਤ ਗੁਰੂ ਘਰ ਵੱਲੋਂ ਸਿਰੋਪਾਉ ਦੇ ਕੇ ਨਿੱਘੀ ਵਿਦਾਇਗੀ ਦਿਤੀ।
ਭਾਈ ਹਰਜਿੰਦਰ ਸਿੰਘ ਦੀ ਪਤਨੀ ਬੀਬੀ ਸਰਬਜੀਤ ਕੌਰ ਨੂੰ ਵੀ, ਉਹਨਾਂ ਵੱਲੋਂ ਕੀਤੀ ਗਈ ਸੇਵਾ ਦਾ ਮਾਣ ਕਰਦਿਆਂ ਹੋਇਆਂ, ਗੁਰੂ ਘਰ ਵੱਲੋਂ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ।
ਗਿਆਨੀ ਹਰਜਿੰਦਰ ਸਿੰਘ ਜੇ.ਪੀ. ਜੀ ਪਿਛਲੇ 22 ਸਾਲਾਂ ਤੋਂ ਆਸਟ੍ਰੇਲੀਆ ਦੇ ਵੱਖ ਵੱਖ ਗੁਰਧਾਮਾਂ ਵਿਚ ਹੈਡ ਗ੍ਰੰਥੀ ਅਤੇ ਹੈਡ ਰਾਗੀ ਦੀ ਸੇਵਾ ਨਿਭਾਉਂਦੇ ਆ ਰਹੇ ਹਨ। ਗਿਆਨੀ ਜੀ ਗੁਰਬਾਣੀ ਦੇ ਗਿਆਤਾ ਅਤੇ ਵਿਖਿਆਤਾ ਹੋਣ ਦੇ ਨਾਲ਼ ਨਾਲ਼ ਸੁਰੀਲੇ ਕੀਰਤਨੀਏ ਹਨ। ਗੁਰਬਾਣੀ ਨੂੰ ਜਿਥੇ ਕੀਰਤਨ ਨੂੰ ਸੁਗਮ ਰੀਤਾਂ ਵਿਚ ਕਰਕੇ ਸੰਗਤ ਨੂੰ ਗੁਰਮਤਿ ਨਾਲ਼ ਜੋੜਦੇ ਹਨ ਓਥੇ ਕਲਾਸੀਕਲ ਕੀਰਤਨ ਰਾਗਾਂ ਵਿਚ ਵੀ ਕਰਨ ਦੇ ਮਾਹਰ ਹਨ।
ਇਸ ਤੋਂ ਇਲਾਵਾ ਕੌਮੀ ਦਰਦ, ਪੰਥਕ ਸੋਚ, ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਥ ਪ੍ਰਵਾਨਤ ਰਹਿਤ ਮਰਯਾਦਾ ਦੇ ਧਾਰਨੀ ਅਤੇ ਪ੍ਰਚਾਰਕ ਹਨ। ਸੰਗਤਾਂ ਨਾਲ਼ ਮੇਲ਼ ਮਿਲਾਪ, ਆਓ ਭਾਗਤ, ਸੇਵਾ ਸਹਾਇਤਾ ਲਈ ਸਦਾ ਤਤਪਰ ਰਹਿੰਦੇ ਹਨ। ਆਸਟ੍ਰੇਲੀਆ ਦੇ ਸਾਰੇ ਗ੍ਰੰਥੀ ਸਿੰਘਾਂ ਵਿਚੋਂ ਇਹ ਪਹਿਲੀ ਮਿਸਾਲ ਹੈ ਕਿ ਗਿਆਨੀ ਹਰਜਿੰਦਰ ਸਿੰਘ ਜੀ ਨੂੰ, ਆਸਟ੍ਰੇਲੀਆ ਸਰਕਾਰ ਨੇ ‘ਜਸਟਿਸ ਆਫ਼ ਪੀਸ’ ਦੀ ਪਦਵੀ ਦਿਤੀ ਹੋਈ ਹੈ ਤਾਂ ਕਿ ਉਹ ਕਾਨੂੰਨੀ ਤੌਰ ਤੇ ਵੀ ਭਾਈਚਾਰੇ ਦੀ ਸੇਵਾ ਤੇ ਸਹਾਇਤਾ ਹੋਰ ਵੀ ਵਿਸਥਾਰ ਸਹਿਤ ਕਰ ਸਕਣ।
ਸਿੱਖ ਧਾਰਮਿਕ ਵਿੱਦਵਤਾ ਦਾ ਇਕ ਇਹ ਵੀ ਲਾਭ ਹੈ ਕਿ ਵਿੱਦਵਾਨ ਅਮਲੀ ਤੌਰ ‘ਤੇ ਕਦੀ ਵੀ ਧਰਮ ਪ੍ਰਚਾਰ ਦੀ ਸੇਵਾ ਤੋਂ ਮੁਕਤ ਨਹੀਂ ਹੁੰਦਾ। ਜਿੰਨਾ ਚਿਰ ਗੁਰੂ ਦੀ ਕਿਰਪਾ ਨਾਲ਼ ਸਰੀਰ ਸੇਵਾ ਕਰਨ ਦੇ ਕਾਬਲ ਰਹਿੰਦਾ ਹੈ, ਗੁਰਸਿੱਖ ਵਿੱਦਵਾਨ ਕਥਾ, ਕੀਰਤਨ, ਪ੍ਰਚਾਰ, ਪਾਠ ਦੀ ਸੇਵਾ ਕਰ ਸਕਦਾ ਹੈ। ਇਕ ਗੁਰਦੁਆਰਾ ਸਾਹਿਬ ਵਿਚੋਂ ਵਿਦਾਇਗੀ ਲੈਣ ਦਾ ਮਤਲਬ ਇਹ ਨਹੀਂ ਹੈ ਕਿ ਗਿਆਨੀ ਜੀ ਨੇ ਕੀਰਤਨ ਪ੍ਰਚਾਰ ਦੀ ਸੇਵਾ ਤੋਂ ਮੁਕਤੀ ਪ੍ਰਾਪਤ ਕਰ ਲਈ ਹੈ। ਉਹ ਪਹਿਲਾਂ ਵਾਂਗ ਹੀ ਆਜ਼ਾਦਾਨਾ ਤੌਰ ‘ਤੇ ਜਿਥੇ ਵੀ ਲੋੜ ਹੋਵੇਗੀ, ਓਥੇ ਹੀ ਸੇਵਾ ਨਿਭਾਉਣ ਲਈ ਹਾਜਰ ਰਹਿਣਗੇ।
ਆਸ ਹੈ ਕਿ ਸੰਗਤਾਂ ਉਹਨਾਂ ਦੀ ਸੇਵਾ ਤੋਂ ਪਹਿਲਾਂ ਵਾਂਗ ਹੀ ਲਾਭ ਉਠਾਉਂਦੀਆਂ ਰਹਿਣਗੀਆਂ।