ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸਿੱਖ ਪੰਥ ਦੀ ਸਿਰਮੌਰ ਜਥੇਬੰਦੀ ਅਖੰਡ ਕੀਰਤਨੀ ਜੱਥਾ ਵਲੋਂ ਖਾਲਸਾ ਰਾਜ ਦੀ ਹੋਂਦ ਲਈ ਚਲ ਰਹੇ ਮੌਜੂਦਾ ਸੰਘਰਸ਼ ਵਿਚ ਬੀਤੇ ਦਿਨੀਂ ਸ਼ਹੀਦ ਹੋਏ ਸਿੰਘਾਂ ਦੀ ਸ਼ਹਾਦਤ ਅਤੇ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਨੂੰ ਸਮਰਪਿਤ ਵਿਸ਼ੇਸ਼ ਕੀਰਤਨੀ ਅਖਾੜੇ ਗੁਰੂਦੁਆਰਾ ਰਕਾਬ ਗੰਜ ਸਾਹਿਬ ਵਿਖੇ ਸਜਾਏ ਗਏ । ਇਸ ਕੀਰਤਨੀ ਦੀਵਾਨ ਵਿਚ ਭਾਈ ਦਵਿੰਦਰਪਾਲ ਸਿੰਘ ਧਾਲੀਵਾਲ ਨੇ ਉਚੇਚੇ ਤੌਰ ਤੇ ਗੁਰਦਾਸਪੁਰ ਤੋਂ ਪਹੁੰਚ ਕੇ ਹਾਜ਼ਿਰੀ ਭਰੀ ਸੀ । ਪਿਛਲੇ ਮਹੀਨੇ ਤੋਂ ਸਰਕਾਰੀ ਸਰਪ੍ਰਸਤੀ ਹੇਠ ਸ਼ਹੀਦ ਕੀਤੇ ਜਾ ਰਹੇ ਸਿੰਘਾਂ ਦੀ ਸ਼ਹਾਦਤ ਦੇ ਨਮਿਤ ਅਰਦਾਸ ਕੀਤੀ ਗਈ । ਅੰਤ ਵਿਚ ਕੜਾਹ ਪ੍ਰਸ਼ਾਦਿ ਦੀ ਦੇਗ ਅਤੇ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ ਸੀ । ਭਾਈ ਪਰਮਜੀਤ ਸਿੰਘ ਪੰਜਵਡ਼, ਭਾਈ ਅਵਤਾਰ ਸਿੰਘ ਖੰਡਾ ਅਤੇ ਭਾਈ ਹਰਦੀਪ ਸਿੰਘ ਨਿੱਝਰ ਜੋ ਕਿ ਪੰਥ ਲਈ ਸੇਵਾ ਕਰਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ ਸਨ, ਜੱਥੇ ਦੇ ਸਿੰਘਾਂ ਵਲੋਂ ਉਨ੍ਹਾਂ ਨੂੰ ਸਾਜ਼ਿਸ਼ ਅੱਧੀਨ ਸ਼ਹੀਦ ਕੀਤੇ ਜਾਣ ਬਾਰੇ ਗਹਿਰੀ ਚਿੰਤਾ ਪ੍ਰਗਟ ਕੀਤੀ ਗਈ ਅਤੇ ਪੰਥ ਖਾਲਸਾ ਨੂੰ ਇਸ ਮੌਕੇ ਇਕੱਠੇ ਹੋਕੇ ਬਿਪ੍ਰਨ ਦਾ ਮੁਕਾਬਲਾ ਕਰਣ ਦਾ ਹੋਕਾ ਦਿੱਤਾ ਗਿਆ ।
ਪੰਥ ਲਈ ਸ਼ਹੀਦ ਹੋ ਰਹੇ ਸਿੰਘਾਂ ਦੀ ਸ਼ਹੀਦੀ ਨੂੰ ਸਮਰਪਿਤ ਅਖੰਡ ਕੀਰਤਨੀ ਜੱਥਾ (ਦਿੱਲੀ) ਵਲੋਂ ਹੋਏ ਵਿਸ਼ੇਸ਼ ਸਮਾਗਮ
This entry was posted in ਭਾਰਤ.