ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ) : ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਆਪਣੇ ਹੋਛੇਪਣ ਦਾ ਦਿਖਾਵਾ ਕਰਦੇ ਹੋਏ ਜਾਣਬੂਝ ਕੇ ਸਿੱਖਾਂ ਦੇ ਅੰਦਰੂਨੀ ਮਾਮਲਅਿਾਂ ਵਿਚ ਦਖਲਅੰਦਾਜ਼ੀ ਕਰ ਰਹੀ ਹੈ।
ਇੱਥੇ ਜਾਰੀ ਇੱਕ ਬਿਆਨ ਵਿਚ ਸਰਦਾਰ ਸਰਨਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਪੰਥ ਦੀਆਂ ਸਿਰਮੌਰ ਜੱਥੇਬੰਦੀਆਂ ਹਨ ਲੇਕਿਨ ਪੰਜਾਬ ਸਰਕਾਰ ਸਿੱਖ ਵਿਰੋਧੀ ਮਾਨਸਿਕਤਾ ਨਾਲ ਕੰਮ ਕਰ ਰਹੀ ਹੈ ਇਸ ਲਈ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਦੇ ਸੰਬੰਧ ਵਿਚ ਜੋ ਬਿਆਨ ਆਇਆ ਹੈ ਉਹ ਨਿੰਦਣਯੋਗ ਹੈ। ਗੁਰੂ ਸਾਹਿਬਾਨ ਨੇ ਸਿੱਖ ਕੌਮ ਨੂੰ ਮੀਰੀ-ਪੀਰੀ ਦਾ ਸਿਧਾਂਤ ਬਖ਼ਸ਼ਿਆ ਹੈ ਅਤੇ ਸ਼੍ਰੋਮਣੀ ਕਮੇਟੀ ਇਸੇ ’ਤੇ ਡਟ ਕੇ ਪਹਿਰਾ ਦਿੰਦੇ ਹੋਏ ਸਿੱਖ ਕੌਮ ਦੇ ਮਸਲਿਆਂ ਨੂੰ ਚੁਕਦੀ ਹੈ ਅਤੇ ਰਾਜਨੀਤਕ ਮਾਮਲਿਆਂ ’ਚ ਵੀ ਕਮੇਟੀ ਨੇ ਲਗਾਤਾਰ ਪੈਰਵੀ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇਸ਼ ਦੀ 100 ਸਾਲ ਪੁਰਾਣੀ ਪਾਰਟੀ ਹੈ ਜਿਸ ਦੀ ਨੀਂਹ ਕੌਮ ਦੀ ਨੁਮਾਇੰਦਾ ਜੱਥੇਬੰਦੀ ਦੇ ਤੌਰ ’ਤੇ ਕੀਤੀ ਗਈ ਸੀ ਇਸ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਇਸ ਦੀ ਕੋਰ ਕਮੇਟੀ ਅਤੇ ਪੰਥਕ ਕਮੇਟੀ ਦੇ ਮੈਂਬਰ ਹਨ। ਉਨ੍ਹਾਂ ਨੂੰ ਪਾਰਟੀ ਦੀ ਮੀਟਿੰਗ ਵਿਚ ਸ਼ਾਮਲ ਹੋਣ ਦਾ ਪੂਰਾ ਅਧਿਕਾਰ ਹੈ।
ਉਨ੍ਹਾਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਦੀ ਕਮਾਨ ਦਿੱਲੀ ’ਚ ਬੈਠੇ ਇਨ੍ਹਾਂ ਦੇ ਆਕਾਵਾਂ ਦੇ ਹੱਥਾਂ ਵਿਚ ਹੈ ਅਤੇ ਛੋਟੇ-ਵੱਡੇ ਸਾਰੇ ਫ਼ੈਸਲੇ ਦਿੱਲੀ ਦਰਬਾਰ ਤੋਂ ਹੀ ਹੁੰਦੇ ਹਨ। ਇਹ ਜੋ ਵੱਡੇ ਇਮਾਨਦਾਰ ਤੇ ਨੈਤਿਕ ਬਣਦੇ ਹਨ, ਪਿੱਛਲੇ 70 ਵਰ੍ਹਿਆਂ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਹਾਕਮ ਧਿਰ ਦੇ ਚੀਫ ਵਿੱਪ ਨੂੰ ਕੈਬਨਿਟ ਦਰਜਾ ਦੇ ਕੇ ਵਿਧਾਨ ਸਭਾ ’ਚ ਦਫ਼ਤਰ ਦੇ ਕੇ ਖ਼ਜ਼ਾਨੇ ਦੀ ਲੁੱਟ ਕਰਵਾਈ ਹੋਵੇ ।
ਉਹਨਾਂ ਮੁੱਖਮੰਤਰੀ ਭਗਵੰਤ ਮਾਨ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਇਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੇ ਕਾਰਜਾਂ ਵਿਚ ਦਖਲਅੰਦਾਜ਼ੀ ਕਰਨ ਲਈ ਨਹੀਂ ਚੁਣਿਆ ਬਲਕਿ ਜਨਮਾਨਸ ਦੇ ਕੰਮ ਕਰਨ ਲਈ ਚੁਣਿਆ ਹੈ। ਇਸ ਲਈ ਮੌਜੂਦਾ ਸਰਕਾਰ ਨੂੰ ਲਾਅ ਐਂਡ ਆਰਡਰ ਵੱਲ ਧਿਆਨ ਦੇਣ ਦੀ ਲੋੜ ਹੈ ਜੋ ਕਿ ਬਿਲਕੁਲ ਤਹਿਸ ਨਹਿਸ ਹੋਈ ਪਈ ਹੈ।