ਅਠਾਰ੍ਹਵੀਂ ਸਦੀ ਦੇ ਮੱਧ (1757 ਈ.) ਦੌਰਾਨ ਜੰਗ ਦੇ ਮੈਦਾਨ ਦਾ ਉਹ ਅਦਭੁਤ ਦ੍ਰਿਸ਼ ਸ਼ਾਇਦ ਹੀ ਦੁਨੀਆ ਨੇ ਪਹਿਲਾਂ ਕਦੇ ਦੇਖਿਆ ਜਾਂ ਸੁਣਿਆ ਹੋਵੇ। ਗੁਰੂ ਨਗਰੀ ਅੰਮ੍ਰਿਤਸਰ ਤੋਂ ਤਰਨ ਤਾਰਨ ਵਾਲੇ ਪਾਸੇ ਪਿੰਡ ਚੱਬਾ ਅਤੇ ਪਿੰਡ ਗੁਰੂਵਾਲੀ ਦੇ ਵਿਚਕਾਰ ਰਣ ਤੱਤੇ ’ਚ ਦੋਹਾਂ ਦਲਾਂ ਦੇ ਸੂਰਬੀਰ ਰਣ ਸਿੰਗਾਂ ਅਤੇ ਨਗਾਰਿਆਂ ਦੀ ਗੂੰਜ ਵਿਚ ਇਕ ਦੂਜੇ ਨੂੰ ਲਲਕਾਰ ਕੇ ਟੁੱਟ ਕੇ ਪੈ ਰਹੇ ਹਨ। ਬੇਖ਼ੌਫ ਵੀਰਤਾ ਨਾਲ ਭਰਪੂਰ ਕੋਈ ਵੀ ਇਕ ਵੀ ਪੈਰ ਪਿਛਾਂਹ ਖਿੱਚ ਨਹੀਂ ਰਹੇ ਹਨ। ਮੈਦਾਨ-ਏ -ਜੰਗ ਵਿਚ ਸਰੀਰ ਲਹੂ ਲੁਹਾਨ ਹੈ, ਕੱਪੜੇ ਖ਼ੂਨ ਨਾਲ ਰੰਗੇ ਹੋਏ, ਜਿਵੇਂ ਹੋਲੀ ਖੇਡ ਰਹੇ ਹਨ, ਪਰ ਮੈਦਾਨ ਛੱਡਣਾ ਉਨ੍ਹਾਂ ਦੇ ਸੁਭਾਅ ਦਾ ਹਿੱਸਾ ਹੀ ਨਹੀਂ ਸੀ। ਗੋਲੀਆਂ, ਤਲਵਾਰਾਂ ਦੀ ਖਣਕ ਅਤੇ ਜੈਕਾਰਿਆਂ ਦੀ ਗੂੰਜ ’ਚ ਵੇਖੋ ਕਈ ਬਿਨਾ ਸੀਸ ਅਤੇ ਉਨ੍ਹਾਂ ਵਿਚੋਂ ਇਕ ਤਾਂ ਖੱਬੇ ਹੱਥ ਦੀ ਹਥੇਲੀ ’ਤੇ ਸੀਸ ਟਿਕਾਈ ਦੁਸ਼ਮਣਾਂ ਦੀ ਆਹੂ ਲਾਹ ਕੇ ਜਮਪੁਰੀ ਪਹੁੰਚਾ ਰਿਹਾ ਹੈ। ਇੰਨਾ ਦੇ ਪਿੱਛੇ ਸਿੰਘ ਰਣ ਸਿੰਗਾ ਵਜਾਉਂਦੇ ਹੋਏ ਪੂਰੇ ਜੌਹਰ ਨਾਲ ਲੜ ਰਹੇ ਹਨ। ਇਸ ਅਸਚਰਜਤਾ ਨੂੰ ਦੇਖ, ਸਾਰੀ ਅਫਗਾਨੀ ਫ਼ੌਜ ਹੈਰਾਨ – ਪ੍ਰੇਸ਼ਾਨ ਅਤੇ ਭੈ-ਭੀਤ ਹੋ ਰਹੇ ਹਨ, ਕਈਆਂ ਨੇ ਹੁਣ ਨੱਠਣਾ ਸ਼ੁਰੂ ਕਰ ਦਿੱਤਾ ਹੈ। ਇਹ ਜੋ ਪਾਵਨ ਸੀਸ ਖੱਬੀ ਤਲੀ ’ਤੇ ਧਰ ਕੇ ਸਵਾ ਮਣ ਦਾ ਖੰਡਾ ਵਾਹੁੰਦਾ ਹੋਇਆ ਲੜ ਰਿਹਾ ਹੈ, ਇਹ ਹੋਰ ਕੋਈ ਨਹੀਂ, ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਡਲੇ, ਸ਼ਸਤਰ ਤੇ ਸ਼ਾਸਤਰ ਦਾ ਸੁਮੇਲ, 75 ਸਾਲਾਂ ਦੇ ਬੁੱਢਾ ਜਰਨੈਲ ਜਥੇਦਾਰ ਬਾਬਾ ਦੀਪ ਸਿੰਘ ਜੀ ਸ਼ਹੀਦ ਹਨ।
ਇਸ ਮਹਾਨ ਯੋਧੇ ਬਾਬਾ ਦੀਪ ਸਿੰਘ ਜੀ ਦਾ ਜਨਮ ਪਿੰਡ ਪਹੁਵਿੰਡ, ਜ਼ਿਲ੍ਹਾ ਤਰਨ ਤਾਰਨ ਵਿਖੇ ਪਿਤਾ ਬਾਬਾ ਭਗਤਾ ਜੀ ਦੇ ਗ੍ਰਹਿ ਵਿਖੇ ਮਾਤਾ ਜਿਉਣੀ ਜੀ ਦੀ ਕੁੱਖੋਂ 26 ਜਨਵਰੀ, 1682 ਈ: (14 ਮਾਘ) ਨੂੰ ਹੋਇਆ। ਛੋਟੀ ਉਮਰ ਵਿਚ ਹੀ ਆਪ ਜੀ ਨੂੰ ਗੁਰਬਾਣੀ ਪੜ੍ਹਨ, ਕੀਰਤਨ ਕਰਨ ਅਤੇ ਸਵੇਰੇ ਸ਼ਾਮ ਸਤਿਸੰਗ ਕਰਨ ਦਾ ਬੜਾ ਸ਼ੌਕ ਸੀ। ਜਦੋਂ ਵੀ ਸਮਾਂ ਮਿਲਦਾ ਆਪ ਜੀ ਘੋੜ ਸਵਾਰੀ ਅਤੇ ਸ਼ਸਤਰ ਵਿੱਦਿਆ ਦਾ ਅਭਿਆਸ ਕਰਿਆ ਕਰਦੇ ਸਨ। ਆਪ ਜੀ ਦਾ ਸੁਭਾਅ ਬੜਾ ਮਿੱਠਾ ਤੇ ਉੱਚਾ ਸੁੱਚਾ ਆਚਰਣ ਸੀ। ਬਚਪਨ ’ਚ ਹੀ ਆਪ ਜੀ ਸ੍ਰੀ ਅਨੰਦਪੁਰ ਸਾਹਿਬ ਚਲੇ ਗਏ। ਜਿੱਥੇ ਉਨ੍ਹਾਂ ਧੰਨ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਹੱਥੋਂ ਅੰਮ੍ਰਿਤਪਾਨ ਕੀਤਾ। ਗੁਰੂ ਸਾਹਿਬ ਦੇ ਨਜ਼ਦੀਕੀਆਂ ’ਚ ਗਿਣੇ ਜਾਂਦੇ ਅਤੇ ਗੁਰੂ ਸਾਹਿਬ ਵੱਲੋਂ ਲੜੀਆਂ ਗਈਆਂ ਜੰਗਾਂ ਯੁੱਧਾਂ ’ਚ ਵੀ ਆਪ ਜੀ ਦਾ ਭਾਰੀ ਯੋਗਦਾਨ ਰਿਹਾ।
ਸ੍ਰੀ ਅਨੰਦਪੁਰ ਸਾਹਿਬ ਤੋਂ ਲੈ ਕੇ ਮੁਕਤਸਰ ਦੀ ਜੰਗ ਤੋਂ ਬਾਅਦ, 1704 ਈ: ‘ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਪਹੁੰਚੇ । ਜਿੱਥੇ ਦਸਮੇਸ਼ ਪਿਤਾ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਿੰਘਾਂ ਨਾਲ ਕੀਤੇ ਵਾਅਦੇ ਮੁਤਾਬਿਕ ਗੁਰਬਾਣੀ ਦੇ ਅਰਥ ਪੜ੍ਹਾਉਣ ਅਤੇ ਗੁਰੂ ਗ੍ਰੰਥ ਸਾਹਿਬ ਜੀ ਵਿਚ ਨੌਵੇਂ ਪਾਤਸ਼ਾਹ ਦੀ ਬਾਣੀ ਦਰਜ ਕਰਨ ਲਈ ਧੀਰਮੱਲੀਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਾ ਦੇਣ ’ਤੇ ਗੁਰੂ ਸਾਹਿਬ ਜੀ ਨੇ ਆਪ ਗੁਰਬਾਣੀ ਉਚਾਰਨ ਕਰਦਿਆਂ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਅਤੇ ਬਾਬਾ ਦੀਪ ਸਿੰਘ ਜੀ ਸ਼ਹੀਦ ਦੀ ਕਲਮਾਂ, ਸਿਆਹੀ ਤੇ ਕਾਗ਼ਜ਼ ਦਾ ਪ੍ਰਬੰਧ ਕਰਨ ਦੀ ਸੇਵਾ ਲਾਈ ਗਈ। ਗੁਰੂ ਸਾਹਿਬ ਉਚਾਰੀ ਹੋਈ ਬਾਣੀ ਦੇ ਅਰਥ ਸ਼ਾਮ ਨੂੰ ਸਾਰੇ ਸਿੰਘਾਂ ਨੂੰ ਸੁਣਾਉਂਦੇ। ਇਸ ਪ੍ਰਕਾਰ 9 ਮਹੀਨੇ 9 ਦਿਨ 9ਘੜੀਆਂ 9 ਪਲਾਂ ਵਿਚ ਸੰਨ 1706ਈ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਸਰੂਪ ਸੰਪੂਰਨ ਹੋਇਆ। ਇਸੇ ਵਕਤ ਹੀ ਅਰਥਾਂ ਦੀ ਟਕਸਾਲ ਆਰੰਭ ਹੋਈ। ਇੱਥੇ ਹੀ ਸਤਿਗੁਰਾਂ ਨੇ ਬਾਬਾ ਦੀਪ ਸਿੰਘ ਜੀ ਨੂੰ ਟਕਸਾਲ ਦਾ ਮੁਖੀ ਥਾਪਦਿਆਂ ਸੰਗਤ ਨੂੰ ਗੁਰਬਾਣੀ ਦਾ ਸੁੱਧ ਉਚਾਰਨ ਸਰਵਣ ਕਰਾਉਣ ਅਤੇ ਅਰਥ ਪੜਾਉਣ ਦੀ ਸੇਵਾ ਸੌਂਪੀ । ਗੁਰੂ ਸਾਹਿਬ ਨੇ ਫ਼ਰਮਾਇਆ ਕਿ ਭਾਈ ਦੀਪ ਸਿੰਘ ਜੀ ਜੇ ਧਰਮ ਦੀ ਰੱਖਿਆ ਕਰਦਿਆਂ ਤੁਹਾਡਾ ਸੀਸ ਧਰ ਨਾਲੋਂ ਅਲਹਿਦਾ ਵੀ ਹੋ ਗਿਆ, ਤੁਹਾਡੇ ਅਨੰਦ ’ਚ ਫ਼ਰਕ ਨਹੀਂ ਪਵੇਗਾ। ਇੰਝ ਹੀ ਸਤਿਗੁਰੂ ਨੇ ਭਾਈ ਮਨੀ ਸਿੰਘ ਜੀ ਨੂੰ ਵੀ ਰਹਿਮਤਾਂ ਨਾਲ ਨਿਵਾਜਿਆ। ਬਾਬਾ ਦੀਪ ਸਿੰਘ ਜੀ ਸ਼ਹੀਦ, 1748 ਈਸਵੀ ਦੌਰਾਨ ਕਾਇਮ ਕੀਤੇ ਗਏ 12 ਮਿਸਲਾਂ ’ਚੋਂ ਮਿਸਲ ਸ਼ਹੀਦਾਂ ਦੇ ਵੀ ਪ੍ਰਥਮ ਮੁਖੀ ਸਨ।
ਦਸ ਗੁਰੂ ਸਾਹਿਬਾਨ ਵੱਲੋਂ ਵਰੋਸਾਈ ਖ਼ਾਲਸੇ ਨੇ ਮਜ਼ਲੂਮ ਤੇ ਗ਼ਰੀਬ ਦੀ ਰੱਖਿਆ ਅਤੇ ਅਨਿਆਂਈਂ ਵਿਰੁੱਧ ਡਟ ਕੇ ਪਹਿਰਾ ਦੇਣ ਦੀ ਪਰੰਪਰਾ ਉੱਪਰ ਹਮੇਸ਼ਾਂ ਪਹਿਰਾ ਦਿੱਤਾ। ਮੁਗ਼ਲ ਹੋਵੇ ਜਾਂ ਅਫ਼ਗ਼ਾਨ ਧਾੜਵੀ ਸਭ ਨਾਲ ਜ਼ਬਰਦਸਤ ਟੱਕਰ ਲਈ। 18ਵੀਂ ਸਦੀ ਦੌਰਾਨ ਅਫਗਾਨੀ ਅਹਿਮਦ ਸ਼ਾਹ ਦੁਰਾਨੀ (ਅਬਦਾਲੀ) ਨੇ ਭਾਰਤ ਦੀ ਖ਼ੂਬ ਲੁੱਟ ਕੀਤੀ। ਉਸ ਸਮੇਂ ਇਸ ਸਿੱਖ ਹੀ ਸਨ, ਜਿਨ੍ਹਾਂ ਨੇ ਲੁੱਟ ਦੇ ਇਸ ਵਰਤਾਰੇ ਨੂੰ ਰੋਕਿਆ। ਸਿੱਖ ਮਿਸਲਾਂ ਦੇ ਜਥੇਦਾਰਾਂ ਨੇ ਮਿਲ ਜੁੱਲ ਕੇ ਇਨ੍ਹਾਂ ਅਫ਼ਗ਼ਾਨ ਧਾੜਵੀਆਂ ਦਾ ਮੁਕਾਬਲਾ ਕੀਤਾ। ਉਨ੍ਹਾਂ ਤੋਂ ਲੁੱਟਿਆ ਬਹੁ-ਕੀਮਤੀ ਮਾਲ-ਅਸਬਾਬ ਹੀ ਵਾਪਸ ਨਹੀਂ ਖੋਹ ਲਿਆ ਜਾਂਦਾ ਰਿਹਾ, ਸਗੋਂ ਭਾਰਤ ਦੀਆਂ ਬਹੂ ਬੇਟੀਆਂ ਨੂੰ ਵੀ ਉਨ੍ਹਾਂ ਤੋਂ ਛੁਡਵਾ ਕੇ ਘਰੋ-ਘਰੀ ਭੇਜਿਆ ਗਿਆ। ਜਿਸ ਕਰਕੇ ਅਬਦਾਲੀ ਸਿੱਖਾਂ ਦਾ ਸਖ਼ਤ ਵਿਰੋਧੀ ਬਣ ਗਿਆ ਅਤੇ ਸਿੱਖਾਂ ਨੂੰ ਖ਼ਤਮ ਕਰਨ ’ਤੇ ਤੁੱਲ ਗਿਆ। ਉਸ ਦਾ ਬੇਟਾ ਤੈਮੂਰ ਲਾਹੌਰ ਦਾ ਗਵਰਨਰ ਬਣਾ ਦਿੱਤਾ ਗਿਆ ਸੀ। ਅਬਦਾਲੀ ਨੇ 1757 ਈ: ਦੇ ਵਿਚ ਦਿੱਲੀ ਜਾਂਦਾ ਹੋਇਆ ਅੰਮ੍ਰਿਤਸਰ ਸ਼ਹਿਰ ਨੂੰ ਲੁੱਟਿਆ ਅਤੇ ਸ਼ਹਿਰ ਦੀਆਂ ਇਮਾਰਤਾਂ ਨੂੰ ਢਾਹਿਆ । ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕਰਨ, ਪਵਿੱਤਰ ਸਰੋਵਰ ਨੂੰ ਪੂਰ ਦੇਣ ਦੀ ਖ਼ਬਰ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਨਿਵਾਸ ਕਰ ਰਹੇ ਬਾਬਾ ਦੀਪ ਸਿੰਘ ਜੀ ਨੂੰ ਮਿਲੀ ਤਾਂ ਉਹ ਕਰੋਧ ਵਿਚ ਆਗਿਆ। ਆਪ ਜੀ ਨੇ ਸ੍ਰੀ ਦਰਬਾਰ ਸਾਹਿਬ ਜੀ ਦੀ ਪਵਿੱਤਰਤਾ ਭੰਗ ਕਰਨ ਵਾਲਿਆਂ ਨਾਲ ਟੱਕਰ ਲੈਣ ਦਾ ਫ਼ੈਸਲਾ ਕੀਤਾ ਅਤੇ ਆਸ-ਪਾਸ ਦੇ ਨਗਰਾਂ ਅਤੇ ਸਿੰਘਾਂ ਦੇ ਟਿਕਾਣਿਆਂ ‘ਤੇ ਇਤਲਾਹ ਦਿੱਤੀ ਗਈ। ਜਿੱਥੋਂ ਅਨੇਕਾਂ ਸਿੰਘ ਬਾਬਾ ਜੀ ਦੀ ਅਗਵਾਈ ਵਿਚ ਧਰਮ ਹੇਤ ਸੀਸ ਦੇਣ ਲਈ ਹਾਜ਼ਰ ਹੋਏ। ਬਾਬਾ ਜੀ ਨੇ ਅਖੰਡ ਪਾਠ ਕਰਾਇਆ। ਅਤੇ ਨਗਾਰਿਆਂ ’ਤੇ ਚੋਟਾਂ ਲਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚਾਲੇ ਪਾ ਦੇਣ ਦਾ ਹੁਕਮ ਦਿੱਤਾ।
ਇਸ ਤਰ੍ਹਾਂ ਦਲ ਖ਼ਾਲਸਾ ਦੀ ਗਿਣਤੀ ਕਾਫ਼ੀ ਹੋ ਗਈ ਸੀ। ਹਰੀਕੇ ਪੱਤਣ ਤੋਂ ਬਿਆਸ ਦਰਿਆ ਪਾਰ ਕਰਕੇ ਸਿੰਘਾਂ ਦਾ ਜਥਾ ਮਾਝੇ ਦੇ ਇਲਾਕੇ ਵਿਚ ਦਾਖਲ ਹੋਇਆ। ਤਰਨਤਾਰਨ ਸਾਹਿਬ ਦੇ ਪਾਵਨ ਅਸਥਾਨ ’ਤੇ ਪਹੁੰਚ ਕੇ ਸਿੰਘਾਂ ਅਤੇ ਬਾਬਾ ਜੀ ਦੀਪ ਸਿੰਘ ਨੇ ਸਣੇ ਕੇਸੀਂ ਇਸ਼ਨਾਨ ਕੀਤਾ। ਘੋੜਿਆਂ ਨੂੰ ਵੀ ਖੁਰਕ ਦਿੱਤੀ ਗਈ। ਕੜਾਹ ਪ੍ਰਸਾਦਿ ਲੈ ਕੇ ਸੇਵਕਾਂ ਦੀ ਭੇਟਾ ਗੁਰੂ ਚਰਨਾਂ ’ਚ ਪਰਵਾਨ ਹੋਣ ਦੀ ਅਰਦਾਸ ਕੀਤੀ ਗਈ। ਕਿ, ਜਿੰਨਾ ਚਿਰ ਹਰਿਮੰਦਰ ਸਾਹਿਬ ਨੂੰ ਅਜ਼ਾਦ ਨਹੀਂ ਕਰਵਾ ਲੈ ਦੇ ਸ਼ਹੀਦੀ ਨਹੀਂ ਪਾਵਾਂਗਾ। ’’ਮੁਹਿ ਮਰਨੇ ਕਾ ਚਾਉ ਹੈ , ਮਰਉ ਤ ਹਰਿ ਕੈ ਦੁਆਰ।’’ ਬਾਬਾ ਦੀਪ ਸਿੰਘ ਜੀ ਕੇਸਰੀ ਰੰਗ ਦਾ ਪੁਸ਼ਾਕ ਪਹਿਨਿਆ। ਸਾਰੇ ਸ਼ਸਤਰ ਸਰੀਰ ’ਤੇ ਸਜਾ ਲਏ। ਦੋ ਧਾਰਾ ਖੰਡਾ ਹੱਥ ’ਚ ਪਕੜਿਆ। ਸ਼ਹਿਰ ਤੋਂ ਬਾਹਰ ਆ ਕੇ ਬਾਬਾ ਦੀਪ ਸਿੰਘ ਜੀ ਨੇ ਯੋਧਿਆਂ ਦੀ ਪਰਖ ਕਰਨ ਲਈ ਇੱਕ ਲਕੀਰ ਖਿੱਚੀ ਅਤੇ ਕਿਹਾ ਕਿ ਗੁਰੂ ਮਹਾਰਾਜ ਦੇ ਸਤਿਕਾਰ ਖ਼ਾਤਰ ਲੜ ਕੇ ਸ਼ਹੀਦੀ ਪਾਉਣ ਲਈ ਜਿਹੜਾ ਵੀ ਸਿੰਘ ਤਿਆਰ ਹੈ, ਉਹ ਇਸ ਲਕੀਰ ਨੂੰ ਪਾਰ ਕਰੇ, ਜੋ ਕੋਈ ਸ਼ਹੀਦ ਨਹੀਂ ਹੋਣਾ ਚਾਹੁੰਦਾ ਉਹ ਵਾਪਸ ਚੱਲਿਆ ਜਾਵੇ। ਇਸ ਵਕਤ ਬਾਬਾ ਜੀ ਨਾਲ ਅਨੇਕਾਂ ਮਝੈਲ ਵੀ ਆਣ ਮਿਲੇ ਸਨ, ਸਾਰੇ ਸਿੰਘ ਜੈਕਾਰੇ ਗਜਾਉਂਦੇ ਨਗਾਰਿਆਂ ’ਤੇ ਚੋਟਾਂ ਲਾਉਂਦੇ ਹੋਏ ਲਕੀਰ ਟੱਪ ਕੇ ਅੰਮ੍ਰਿਤਸਰ ਵੱਲ ਕੂਚ ਕਰਨਾ ਸ਼ੁਰੂ ਕੀਤਾ। ਸਿੰਘਾਂ ਦੀ ਚੜ੍ਹਾਈ ਬਾਰੇ ਅਫ਼ਗ਼ਾਨੀਆਂ ਨੂੰ ਖ਼ਬਰ ਮਿਲ ਚੁੱਕੀ ਸੀ। ਉਸ ਵਕਤ ਅੰਮ੍ਰਿਤਸਰ ਸ਼ਹਿਰ ਦੇ ਇੰਚਾਰਜ ਜਹਾਨ ਖ਼ਾਨ ਸਿੰਘਾਂ ਦਾ ਟਾਕਰਾ ਕਰਨ ਲਈ ਫ਼ੌਜ ਲੈ ਕੇ ਗੋਹਲਵੜ ਪਿੰਡ ਕੋਲ ਪਹੁੰਚਿਆ। ਬਾਬਾ ਜੀ ਨੇ ਜਥੇ ਦੇ ਸਿੰਘਾਂ ਨਾਲ ਦੁਸ਼ਮਣ ਫ਼ੌਜ ਨੂੰ ਲੜਾਈ ਲਈ ਲਲਕਾਰਿਆ। ਇਸ ਜਗ੍ਹਾ ’ਤੇ ਹੁਣ ਗੁਰਦੁਆਰਾ ਲਲਕਾਰ ਸਾਹਿਬ ਬਣਿਆ ਹੋਇਆ ਹੈ। ਸਿੰਘਾਂ ਅਤੇ ਅਫ਼ਗ਼ਾਨਾਂ ਦੀ ਟੱਕਰ ’ਚ ਸਿੰਘ ਅਫ਼ਗ਼ਾਨਾਂ ਨੂੰ ਪਛਾੜ ਦੇ ਹੋਏ ਅੰਮ੍ਰਿਤਸਰ ਵਲ ਨੂੰ ਵਧ ਰਹੇ ਸਨ। ਇਤਨੇ ਨੂੰ ਜਹਾਨ ਖ਼ਾਨ ਦਾ ਸਹਾਇਕ ਅਤਾਈ ਖ਼ਾਨ ਆਪਣੀ ਭਾਰੀ ਫ਼ੌਜ ਲੈ ਕੇ ਆ ਗਿਆ, ਜਿਸ ਨਾਲ ਮੈਦਾਨ-ਏ-ਜੰਗ ਦਾ ਰੂਪ ਬਦਲ ਗਿਆ। ਇਸ ਘਮਸਾਣ ਦੀ ਜੰਗ ਅੰਦਰ ਸਿੱਖਾਂ ਦਾ ਭਾਰੀ ਜਾਨੀ ਨੁਕਸਾਨ ਹੋਣਾ ਸ਼ੁਰੂ ਹੋ ਗਿਆ। ਸਿੰਘ ਇਕ-ਇਕ ਕਰਕੇ ਸ਼ਹੀਦ ਹੋਣ ਲੱਗੇ। ਇੰਨੇ ਨੂੰ ਅਮਾਨ ਖਾਂ, ਯਕੂਬ ਖਾਂ ਤੇ ਹੋਰ ਅਫਗਾਨੀ ਜਰਨੈਲ ਵੀ ਮੈਦਾਨ ਵਿਚ ਅੱਪੜ ਗਏ। ਜੰਗ ਦਾ ਮੈਦਾਨ ਤਿੰਨ ਕੋਹਾਂ ਵਿਚ ਫੈਲ ਚੁੱਕਿਆ ਸੀ। ਸਾਰਾ ਮੈਦਾਨ ਖ਼ੂਨ ਨਾਲ ਲੱਥ ਪਥ ਹੋ ਚੁਕਾ ਸੀ । ਬਾਬਾ ਜੀ ਅਤੇ ਸਿੰਘ ਵੀ ਤਬਾਹੀ ਮਚਾ ਰਹੇ ਸਨ। ਪੰਜ ਹਜ਼ਾਰੀ ਫ਼ੌਜ ਦਾ ਮਾਲਕ ਅਮੀਰ ਜਾਨ ਖਾਂ ਹਾਥੀ ਉੱਤੋਂ ਲੜਦਾ ਅਤੇ ਆਪਣੀ ਫ਼ੌਜ ਨੂੰ ਕਮਾਂਡ ਦੇ ਰਿਹਾ ਸੀ। ਉਸ ਵਕਤ ਆਪਣਾ ਜੰਗੀ ਜੌਹਰ ਦਿਖਾ ਰਹੇ ਭਾਈ ਦਿਆਲ ਸਿੰਘ ਨੇ ਘੋੜੇ ਦਾ ਪੌੜ ਜਾਨ ਖਾਂ ਦੇ ਹਾਥੀ ਦੇ ਮੱਥੇ ’ਤੇ ਰਖਾ ਕੇ ਤਲਵਾਰ ਦੇ ਵਾਰ ਨਾਲ ਅਮੀਰ ਜਾਨ ਖਾਂ ਦਾ ਸਿਰ ਲਾਹ ਦਿੱਤਾ। ਅਯੂਬ ਖਾਂ ਦਿਆਲ ਸਿੰਘ ਦੀ ਫੁਰਤੀ ਅਤੇ ਬਹਾਦਰੀ ਦੇਖ ਰਿਹਾ ਸੀ। ਸਿੰਘਾਂ ਨੂੰ ਅੱਗੇ ਵਧਦਾ ਦੇਖ ਅਬਦਾਲੀਆਂ ਨੇ ਗਊਆਂ ਲਿਆ ਖੜੀਆਂ ਕੀਤੀਆਂ। ਬਾਬਾ ਦੀਪ ਸਿੰਘ ਜੀ ਦੇ ਆਦੇਸ਼ ’ਤੇ ਸਿੰਘਾਂ ਨੇ ਤੀਰ ਅਤੇ ਬੰਦੂਕਾਂ ਛੱਡ ਕੇ ਤਲਵਾਰਾਂ ਸੂਤ ਲਈਆਂ। ਉਸ ਵਕਤ ਯਕੂਬ ਖਾਂ ਨੇ ਬਾਬਾ ਦੀਪ ਸਿੰਘ ਨੂੰ ਯੁੱਧ ਲਈ ਵੰਗਾਰਿਆ। ਦੋਹਾਂ ’ਚ ਜ਼ਬਰਦਸਤ ਜੰਗ ਹੋਈ। ਦੋਹਾਂ ਦੇ ਘੋੜੇ ਮਾਰੇ ਗਏ। ਫਿਰ ਹੱਥੋਂ ਪਾਈ ਹੋ ਕੇ ਲੜੇ, ਬਾਬਾ ਦੀਪ ਸਿੰਘ ਜੀ ਨੇ ਗੁਰਜ ਦਾ ਵਾਰ ਕਰਦਿਆਂ ਯਕੂਬ ਖਾਂ ਦਾ ਸਿਰ ਸਣੇ ਫ਼ੌਲਾਦੀ ਟੋਪ ਚੂਰ- ਚੂਰ ਕਰ ਦਿੱਤਾ। ਅਫਗਾਨੀ ਸਿੰਘਾਂ ਦੇ ਕਰਤਬ ਦੇਖ ਅਸ਼ ਅਸ਼ ਕਰ ਉੱਠੇ। ਅਫ਼ਗ਼ਾਨ ਕਮਾਂਡਰ ਜਹਾਨ ਖ਼ਾਨ ਨੇ ਵੀ ਬਾਬਾ ਦੀਪ ਸਿੰਘ ਨਾਲ ਦਵੰਦ ਯੁੱਧ ਦੀ ਇੱਛਾ ਜਤਾਈ। ਬਾਬਾ ਦੀਪ ਸਿੰਘ ਨੇ ਉਸ ਨਾਲ ਦਵੰਦ ਯੁੱਧ ਕੀਤਾ। ਜਿੱਥੇ ਦੋਹਾਂ ਦੇ ਘੋੜੇ ਮਾਰੇ ਗਏ ਅਤੇ ਸੰਜੋਅ ਵੀ ਟੁੱਟ ਗਈਆਂ। ਅਖੀਰ ਦੋਹਾਂ ਦੇ ਆਪਸ ਵਿਚੀਂ ਸਾਂਝੇ ਵਾਰ ਨਾਲ ਦੋਹਾਂ ਦੇ ਸੀਸ ਲੱਥ ਗਏ।
’ਚਲੀ ਤੇਗ ਅਤਿ ਬੇਗ ਸੈਂ, ਦੁਹੂੰ ਕੇਰ ਬਲ-ਵਾਰ।।
ਉਤਰ ਗਏ ਸਿਰ ਦੁਹੂੰ ਕੇ, ਪਰਸ-ਪਰੈਂ ਇਕ ਸਾਰ।।’’ (ਸ੍ਰੀ ਗੁਰੁ ਪੰਥ ਪ੍ਰਕਾਸ਼- ਕ੍ਰਿਤ, ਗਿਆਨੀ ਗਿਆਨ ਸਿੰਘ)
ਬਾਬਾ ਜੀ ਦਾ ਸੀਸ ਧੜ ਤੋਂ ਅਲੱਗ ਹੋ ਜਾਣ ਸਦਕਾ ਸਰੀਰ ਜ਼ਮੀਨ ’ਤੇ ਡਿਗ ਪਿਆ। ਇਹ ਕੌਤਕ ਦੇਖ ਇਕ ਸਿੰਘ ਨੇ ਹੱਥ ਜੋੜ ਕੇ ਬਾਬਾ ਜੀ ਨੂੰ ਬੇਨਤੀ ਕੀਤੀ, ਕਿ ਬਾਬਾ ਜੀ ਤੁਸਾਂ ਅਰਦਾਸ ਕੀਤੀ ਸੀ ਸੀਸ ਸੁਧਾਸਰ ਜਾ ਕੇ ਗੁਰੂ ਦੇ ਚਰਨਾਂ ‘ਚ ਭੇਟ ਕਰਨਾ ਹੈ। ਇਹ ਹੁਣ ਕੀ ਭਾਣਾ ਵਰਤਾਇਆ ਜੇ? ਸੁਧਾਸਰ ਇਥੋ ਦੋ ਕੋਹ ਦੂਰ ਹੈ।
ਢਿਗ ਤੈ ਏਕ ਸਿੰਘ ਪਿਖਿ ਕਹਯੋ। ਪਰਣ ਤੁਮਾਰਾ ਦੀਪ ਸਿੰਘ ਰਹਯੋ।
ਗੁਰਪੁਰਿ ਜਾਇ ਸੀਸ ਮੈਂ ਦੈਹੋਂ। ਸੋ ਤੇ ਦੋਇ ਕੋਸ ਇਸ ਠੈਹੋਂ।। (ਸ੍ਰੀ ਗੁਰੁ ਪੰਥ ਪ੍ਰਕਾਸ਼- ਕ੍ਰਿਤ, ਗਿਆਨੀ ਗਿਆਨ ਸਿੰਘ)
ਫੇਰ ਕੀ ਸੀ ਬਚਨ ਕੇ ਬਲੀ ਸੂਰਬੀਰ ਯੋਧੇ ਬਾਬਾ ਜੀ ਦਾ ਧੜ ਹਰਕਤ ਵਿਚ ਆਇਆ ਅਤੇ ਉਨ੍ਹਾਂ ਆਪਣਾ ਪਾਵਨ ਸੀਸ ਖੱਬੇ ਹੱਥ ’ਤੇ ਧਰ ਕੇ ਸਜੇ ਹੱਥ ਨਾਲ ਆਪਣਾ ਸਵਾ ਮਣ ਦਾ ਤਿੱਖਾ ਖੰਡਾ ਵਾਹੁੰਦੇ ਹੋਏ ਲੜਦੇ ਚਲੇ ਗਏ। ਇਸ ਤਰਾਂ ਸਰਾਇ ਗੋਤ ਦਾ ਜੱਟ ਮਹਿਤ ਸਿੰਘ ਵੀ ਬਿਨ ਸੀਸ ਚਾਟੀਵਿੰਡ ਤਕ ਲੜਿਆ। ’’ਜੱਟ ਸਰਾਇ ਮਹਿਤ ਸਿੰਘ ਤਯੋਂ ਹੀ … ਲਰਯੋ ਕਬੰਧ ਤਾਂਹਿ ਕਾ ਭਾਰਾ’’। ਜਥੇਦਾਰ ਰਾਮ ਸਿੰਘ ਵੀ ਬਿਨਾ ਸੀਸ ਲੜਿਆ। ’’ਲਰਯੋ ਕਬੰਧ ਰਾਮ ਸਿੰਘ ਕੇਰਾ’’ ਸਾਰੀ ਤੁਰਕ ਫ਼ੌਜ ਹੈਰਾਨ ਹੋ ਰਹੀ ਸੀ, ਸਿੰਘਾਂ ਦੇ ਧੜ ਸਿਰਾਂ ਤੋਂ ਬਿਨਾ ਲੜਦੇ ਦੇਖ ਤੁਰਕਾਂ ਦੀ ਫ਼ੌਜ ਨੇ ਭੈ-ਭੀਤ ਹੋ ਕੇ ਨੱਠਣਾ ਸ਼ੁਰੂ ਕਰ ਦਿੱਤਾ।
ਇੰਨੇ ਨੂੰ ਪਿੰਡ ਚੱਬੇ ਕੋਲ ਜਾਨ ਖਾਂ ਨੇ ਬਾਬੇ ਨੌਧ ਸਿੰਘ ਗਿੱਲ ਨੂੰ ਵੰਗਾਰਿਆ ਤਾਂ ਬਾਬਾ ਨੌਧ ਸਿੰਘ ਘੋੜਾ ਲੈ ਕੇ ਜਹਾਨ ਖਾਂ ਦੇ ਮੂਹਰੇ ਹੋ ਗਿਆ। ਲੜਾਈ ’ਚ ਦੋਹਾਂ ਦੇ ਘੋੜੇ ਢਿਗ ਪਏ, ਫਿਰ ਤਲਵਾਰਾਂ ਵੀ ਟੁੱਟ ਗਈਆਂ, ਸੰਜੋਆਂ ਅਤੇ ਢਾਲਾਂ ਵੀ ਟੁੱਟ ਗਈਆਂ, ਅਖੀਰ ਦੋਹਾਂ ਨੇ ਕਟਾਰਾਂ ਪਕੜ ਲਈਆਂ ਅਤੇ ਦੋਹਾਂ ਨੇ ਇੱਕੋ ਵਾਰ ਹੀ ਕਟਾਰਾਂ ਨੂੰ ਇਕ ਦੂਜੇ ਦੇ ਪੇਟ ’ਚ ਧਸਾ ਦਿੱਤੀਆਂ। ਬੀਸ ਹਜ਼ਾਰੀ ਜ਼ਬਰਦਸਤ ਖਾਂ ਨਾਲ ਭਾਈ ਬਲਵੰਤ ਸਿੰਘ ਨੇ ਅਤੇ ਇਸੇ ਤਰਾਂ ਕਈ ਹੋਰਨਾਂ ਨੇ ਵੀ ਦਵੰਦ ਯੁੱਧ ਕੀਤੇ। ਇਸ ਘਮਸਾਣ ਦੀ ਜੰਗ ਅੰਦਰ ਅਫ਼ਗ਼ਾਨ ਜਰਨੈਲਾਂ ਦੇ ਮਾਰੇ ਜਾਣ ਨਾਲ ਅਫ਼ਗਾਨੀ ਫ਼ੌਜ ਦੇ ਹੌਸਲੇ ਟੁੱਟ ਗਏ । ਬਾਬਾ ਦੀਪ ਸਿੰਘ ਜੀ ਲੜਦੇ ਹੋਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਤਕ ਜਾ ਪਹੁੰਚੇ। ਸਿੰਘਾਂ ਨੇ ਜਿੱਤ ਦੇ ਜੈਕਾਰੇ ਗੁੰਜਾਏ, ਬਾਬਾ ਜੀ ਨੇ ਸੀਸ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ’ਚ ਭੇਟ ਕਰਦਿਆਂ ਸੱਚਖੰਡ ਨੂੰ ਪਿਆਨਾ ਕੀਤਾ।
ਇਸੇ ਤਰਾਂ ਧਰਮ ਤੇ ਕੌਮ ਦੀ ਸ਼ਾਨ ਬਦਲੇ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲਿਆਂ ’ਚ ਬਾਬਾ ਦੀਪ ਸਿੰਘ ਜੀ ਦੇ ਨਾਮਵਰ ਸਾਥੀ ਸਿੰਘਾਂ ਜਥੇਦਾਰ ਰਾਮ ਸਿੰਘ, ਜਥੇਦਾਰ ਸਜਣ ਸਿੰਘ, ਜਥੇਦਾਰ ਬਹਾਦਰ ਸਿੰਘ, ਜਥੇਦਾਰ ਹੀਰਾ ਸਿੰਘ, ਭਾਈ ਨਿਹਾਲ ਸਿੰਘ, ਭਾਈ ਸੰਤ ਸਿੰਘ, ਭਾਈ ਕੌਰ ਸਿੰਘ, ਭਾਈ ਸੁੱਧਾ ਸਿੰਘ, ਭਾਈ ਬਸੰਤ ਸਿੰਘ, ਭਾਈ ਬੀਰ ਸਿੰਘ, ਭਾਈ ਮੰਨਾ ਸਿੰਘ, ਭਾਈ ਹੀਰਾ ਸਿੰਘ, ਭਾਈ ਗੰਡਾ ਸਿੰਘ, ਭਾਈ ਲਹਿਣਾ ਸਿੰਘ, ਭਾਈ ਗੁਪਾਲ ਸਿੰਘ, ਭਾਈ ਰਣ ਸਿੰਘ, ਭਾਈ ਭਾਗ ਸਿੰਘ, ਭਾਈ ਨੱਥਾ ਸਿੰਘ,ਭਾਈ ਬਾਲ ਸਿੰਘ,ਭਾਈ ਤਾਰਾ ਸਿੰਘ ਕੰਗ ਦੇ ਨਾਮ ਗਿਆਨੀ ਗਿਆਨ ਸਿੰਘ ਨੇ ਗਿਣਵਾਏ ਹਨ। ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗਾ ਕਿ ਧਰਮ ਤੋਂ ਪ੍ਰੇਰਿਤ ਸਾਡੇ ਬਜ਼ੁਰਗਾਂ ਵੱਲੋਂ ਕੀਤੇ ਗਏ ਕਾਰਨਾਮੇ ਕੌਮਾਂ ਦੀ ਸਮੁੱਚੀ ਚੇਤਨਤਾ – ਸਿਮ੍ਰਿਤੀਆਂ ਦਾ ਹਿੱਸਾ ਹੋ ਕੇ ਆਉਣ ਵਾਲੀਆਂ ਪੀੜੀਆਂ ਲਈ ਪ੍ਰੇਰਣਾ ਸਰੋਤ ਹੋ ਨਿੱਬੜਦੀਆਂ ਹਨ।
ਸ੍ਰੀ ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾ ਵਿਚ ਜਿੱਥੇ ਬਾਬਾ ਜੀ ਨੇ ਸੀਸ ਭੇਟ ਕੀਤਾ ਸੀ, ਉੱਥੇ ਯਾਦਗਾਰੀ ਗੁਰਦੁਆਰਾ ਸਾਹਿਬ ਸੁਭਾਇਮਾਨ ਹੈ। ਆਪ ਜੀ ਦਾ ਇਕ ਅਸਥਾਨ ਤਰਨ ਤਾਰਨ ਵਾਲੀ ਸੜਕ ’ਤੇ ‘ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ’ ਸੁਸ਼ੋਭਿਤ ਹੈ। ਪਿੰਡ ਚਬਾ ਅਤੇ ਪਿੰਡ ਗੁਰੂਵਾਲੀ ਦੇ ਵਿਚਕਾਰ ਮੈਦਾਨ ਏ ਜੰਗ ਵਿਚ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਸੀਸ ਧੜ ਨਾਲੋਂ ਜੁਦਾ ਹੋਇਆ, ਉੱਥੇ ਹੁਣ ਸ਼ਾਨਦਾਰ ਅਤੇ ਅਤਿ ਸੁੰਦਰ ਗੁਰਦੁਆਰਾ ਟਾਹਲਾ ਸਾਹਿਬ ਸੁਭਾਇਮਾਨ ਹੈ। ਜਿਸ ਦੀ ਕਾਰਸੇਵਾ ਸੰਗਤਾਂ ਦੇ ਸਹਿਯੋਗ ਨਾਲ ਸੰਤ ਬਾਬਾ ਦਰਸ਼ਨ ਸਿੰਘ ਜੀ ਟਾਹਲਾ ਸਾਹਿਬ ਵਾਲੇ ਕਰਵਾ ਰਹੇ ਹਨ। ਇੱਥੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਮੱਥਾ ਟੇਕਣ, ਸੇਵਾ ਅਤੇ ਮੁਰਾਦਾਂ ਪਾਉਣ ਆਉਂਦੀਆਂ ਹਨ। ਜਦ ਕਿ ਐਤਵਾਰ ਨੂੰ ਗੁਰਮਤਿ ਸਮਾਗਮ ’ਚ ਅਣਗਿਣਤ ਸੰਗਤਾਂ ਦੀ ਆਮਦ ਨਾਲ ਗੁਰਦੁਆਰਾ ਟਾਹਲਾ ਸਾਹਿਬ ਅੱਜ ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ ਦਾ ਕੇਂਦਰ ਬਣ ਚੁੱਕਿਆ ਹੈ।