ਹਾਂ…
ਮੈਂ ਐਸੀ—ਵੈਸੀ ਕੁੜੀ ਹਾਂ
ਜੋ ਸਿਰ ਢਕ ਕੇ ਨਹੀਂ
ਸਿਰ ਉੱਚਾ ਕਰਕੇ ਤੁਰਦੀ ਹਾਂ
ਅੱਖਾਂ ਮੀਚਕੇ ਗਲ ਨਹੀਂ ਮੰਨਦੀ
ਵਿਚਾਰ—ਵਟਾਂਦਰਾ ਅਤੇ ਤਰਕ ਕਰਦੀ ਹਾਂ
ਕਿਉਂ ਜੋ
ਮੈਂ ਐਸੀ—ਵੈਸੀ ਕੁੜੀ ਹਾਂ
ਮੈਂ ਭੇਡਾਂ ਵਾਂਗ ਸਿਰ ਸੁੱਟ ਨਹੀਂ ਤੁਰਦੀ
ਆਪਣੇ ਦਿਸਹੱਦੇ ਆਪ ਤਲਾਸ਼ਦੀ ਹਾਂ
ਮੈਂ ਮਰਦ ਨਾਲ ਮੁਕਾਬਲੇ ਵਿਚ ਨਹੀਂ
ਪੂਰਕ ਹਾਂ ਇਕ ਦੂਜੇ ਦੇ ਅਸੀਂ
ਬਸ, ਆਪਣੀ ਹੋਂਦ ਦੇ ਨਕਸ਼ ਉਘਾੜਦੀ ਹਾਂ
ਕਿਉਂ ਜੋ
ਮੈਂ ਐਸੀ—ਵੈਸੀ ਕੁੜੀ ਹਾਂ
ਮੈਂ ਧਰਤ ਦੀ ਥਾਹ ਜਾਣਦੀ ਹਾਂ
ਅੰਬਰ ਦੀ ਉਚਾਈ ਨਾਪਦੀ ਹਾਂ
ਪਰਬਤ ਜਿਹਾ ਜੇਰਾ ਰੱਖਦੀ ਹਾਂ
ਸਾਗਰ ਦੀ ਗਹਿਰਾਈ ਮਹਿਸੂਸਦੀ ਹਾਂ
ਕਿਉਂ ਜੋ
ਮੈਂ ਐਸੀ—ਵੈਸੀ ਕੁੜੀ ਹਾਂ
ਹਾਂ…
ਮੈਂ ਐਸੀ—ਵੈਸੀ ਕੁੜੀ ਹਾਂ