ਨਵੀਂ ਦਿੱਲੀ :-ਹਿਤ ਸਾਹਿਬ, ਦੂਜਿਆਂ ਪੁਰ ਦੋਸ਼ ਲਾਉਣ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠ ਵੀ ਸੋਟਾ ਫੇਰ ਲਿਆ ਕਰੋ। ਸ. ਹਰਭਜਨ ਸਿੰਘ ਸੇਠੀ ਸਕੱਤਰ ਸ਼੍ਰੋਮਣੀ ਅਕਾਲੀ ਦਲ, ਦਿੱਲੀ ਨੇ ਇਥੇ ਜਾਰੀ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਜਨਰਲ ਸਕੱਤਰ ਜ. ਅਵਤਾਰ ਸਿੰਘ ਹਿਤ ਦੇ ਉਸ ਬਿਆਨ ਤੇ ਪ੍ਰਤੀਕ੍ਰਿਆ ਦਿੰਦਿਆਂ ਇਹ ਚੇਤਾਵਨੀ ਦਿੱਤੀ, ਜਿਸ ਵਿਚ ਜ. ਅਵਤਾਰ ਸਿੰਘ ਹਿਤ ਨੇ ਸ. ਪਰਮਜੀਤ ਸਿੰਘ ਸਰਨਾ ਪੁਰ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ ਸਮੇਂ ਦੌਰਾਨ ਗੁਰਦੁਆਰਾ ਕਮੇਟੀ ਦੇ ਸਕੂਲਾਂ ਦਾ ਪੱਧਰ ਡਿੱਗਦਾ ਜਾ ਰਿਹਾ ਹੈ।
ਸ. ਸੇਠੀ ਨੇ ਆਪਣੇ ਬਿਆਨ ਵਿਚ ਕਿਹਾ ਕਿ ਗੁਰਦੁਆਰਾ ਕਮੇਟੀ ਦੇ ਪ੍ਰਬੰਧ ਹੇਠਲੇ ਸਕੂਲਾਂ ਦਾ ਪ੍ਰਬੰਧ ਉਸ ਸਮੇਂ
ਡਿੱਗਾ, ਜਦੋਂ ਜ. ਅਵਤਾਰ ਸਿੰਘ ਹਿਤ ਦੀ ਪ੍ਰਧਾਨਗੀ ਹੇਠ ਇਨ੍ਹਾਂ ਸਕੂਲਾਂ ਵਿਚ ਰਿਸ਼ਵਤਾਂ ਲੈ ਕੇ ਵੱਡੇ ਪੈਮਾਨੇ ਤੇ ਅਯੋਗ ਸਟਾਫ
ਦੀ ਭਰਤੀ ਕੀਤੀ ਗਈ ਅਤੇ ਪ੍ਰਿੰਸੀਪਲਾਂ ਦੇ ਵਿਰੋਧ ਦੇ ਬਾਵਜੂਦ ਪੈਸੇ ਲੈ ਕੇ ਦੂਜੇ ਸਕੂਲਾਂ ਦੇ ਫੇਲ੍ਹ ਬੱਚਿਆਂ ਨੂੰ ਵੱਡੀ ਗਿਣਤੀ ਵਿਚ ਅਗਲੀਆਂ ਜਮਾਤਾਂ ਵਿਚ ਦਾਖਲ ਕਰਵਾਇਆ ਜਾਂਦਾ ਰਿਹਾ। ਉਨ੍ਹਾਂ ਦੱਸਿਆ ਕਿ ਇਸ ਦੇ ਫਲਸਰੂਪ ਨਾ ਕੇਵਲ ਸਕੂਲਾਂ ਦਾ ਪੱਧਰ ਡਿੱਗਿਆ, ਸਗੋਂ ਸਕੂਲਾਂ ਨੂੰ ਸਟਾਫ ਦੀਆਂ ਤਨਖਾਹਵਾਂ ਦੇਣ ਲਈ ਗੁਰਦੁਆਰਾ ਕਮੇਟੀ ਪਾਸੋਂ ਕਰਜ਼ ਲੈਣਾ ਪੈਂਦਾ ਰਿਹਾ, ਨਤੀਜਾ ਇਹ ਹੋਇਆ ਕਿ ਜਿਸ ਸਮੇਂ ਬਾਦਲ ਦਲ ਤੋਂ ਗੁਰਦੁਆਰਾ ਕਮੇਟੀ ਦੀ ਸੱਤਾ ਖੋਹੀ ਗਈ, ਉਸ ਸਮੇਂ ਇਨ੍ਹਾਂ ਸਕੂਲਾਂ ਵਿਚੋਂ ਕਈ ਗੁਰਦੁਆਰਾ ਕਮੇਟੀ ਦੇ ਇਕ-ਇਕ ਕੋਰੜ ਰੁਪਏ ਤੋਂ ਵੱਧ ਦੇ ਕਰਜ਼ਈ ਬਣ ਚੁੱਕੇ ਸਨ।
ਸ. ਸੇਠੀ ਨੇ ਦੱਸਿਆ ਕਿ ਉਸ ਸਮੇਂ ਜ. ਹਿਤ ਦੇ ਨਾਲ ਰਹੇ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਵਲੋਂ ਜ. ਹਿਤ ਤੇ ਇਹ ਵੀ
ਦੋਸ਼ ਲਾਏ ਜਾਂਦੇ ਰਹੇ ਕਿ ਉਹ ਫਰਜ਼ੀ ਤਰੀਕਿਆਂ ਦੇ ਨਾਲ ਸਕੂਲਾਂ ਦੇ ਫੰਡ ਵਿਚੋਂ ਮੋਟੀਆਂ ਰਕਮਾਂ ਕੱਢਵਾ ਕੇ ਪੰਜਾਬ ਵਿਚ ਬਾਦਲ ਦਲ ਦੇ ਚੋਣ ਫੰਡ ਲਈ ਭੇਜ ਰਹੇ ਹਨ।
ਸ. ਸੇਠੀ ਨੇ ਦਾਅਵਾ ਕੀਤਾ ਕਿ ਸ. ਸਰਨਾ ਦੀ ਸੁੱਚਜੀ ਅਗਵਾਈ ਵਿਚ ਹੁਣ ਸਾਰੇ ਸਕੂਲ ਆਤਮ ਨਿਰਭਰ ਹਨ ਤੇ
ਆਪਣੇ ਖਰਚੇ ਆਪ ਹੀ ਪੂਰੇ ਨਹੀਂ ਕਰ ਰਹੇ, ਸਗੋਂ ਸਕੂਲਾਂ ਦੇ ਵਿਕਾਸ ਲਈ ਬਚਤ ਵੀ ਕਰ ਰਹੇ ਹਨ। ਪ੍ਰਬੰਧ ਸੁੱਚਜਾ ਹੋਣ
ਕਾਰਣ ਸਕੂਲਾਂ ਦਾ ਪੱਧਰ ਉੱਚਾ ਵੀ ਹੋਇਆ ਹੈ ਤੇ ਨਤੀਜੇ ਪਹਿਲਾਂ ਨਾਲੋਂ ਬਹੁਤ ਚੰਗੇ ਆ ਰਹੇ ਹਨ।