ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਤੋਂ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨੂੰ ਜਾਰੀ ਕੀਤੇ ਇਕ ਬਿਆਨ ਵਿਚ ਕਿਹਾ ਕਿ 1982 ਵਿੱਚ ਜਦੋਂ ਸਿੱਖ ਕੌਮ ਨੇ ਆਪਣੀਆਂ ਹੱਕੀ ਮੰਗਾਂ ਲਈ ਧਰਮ ਯੁੱਧ ਮੋਰਚਾ ਆਰੰਭ ਕੀਤਾ ਸੀ ਤਾਂ ਉਸ ਵੇਲੇ ਇਕ ਵੱਡੀ ਮੰਗ ਇਹ ਵੀ ਸੀ ਕਿ ਰੇਡੀਓ ਤੋਂ ਗੁਰਬਾਣੀ ਦਾ ਪ੍ਰਸਾਰਨ ਕੀਤਾ ਜਾਵੇ । ਇਹਨਾਂ ਮੰਗਾਂ ਦੇ ਚੱਲਦਿਆਂ ਮੋਰਚੇ ਨੂੰ ਖਤਮ ਕਰਵਾਉਣ ਲਈ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਵੀ ਹੋਇਆ ਸ਼ਹੀਦੀਆਂ ਵੀ ਹੋਈਆਂ । ਸਮਾਂ ਬੀਤਣ ਨਾਲ ਜਦੋਂ ਸਾਧਨ ਵਧੇ ਤਾਂ ਜਦੋਂ ਪੀ ਟੀ ਸੀ ਤੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਇਲਾਹੀ ਕੀਰਤਨ ਦਾ ਪ੍ਰਸਾਰਨ ਤੇ ਮੰਜੀ ਸਾਹਿਬ ਤੋਂ ਕਥਾ ਵਿਚਾਰ ਆਰੰਭ ਹੋਈ ਤਾਂ ਦੇਸ਼ ਵਿਦੇਸ਼ ਵਿੱਚ ਬੈਠੀ ਕਰੋੜਾਂ ਹੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਅਥਾਹ ਖੁਸ਼ੀ ਹੋਈ ਤੇ ਉਦੋਂ ਤੋਂ ਹੀ ਸੰਗਤ ਨੇਮ ਨਾਲ ਇਸ ਸਿੱਧੇ ਪ੍ਰਸਾਰਨ ਕਾਰਨ ਘਰ ਬੈਠਿਆਂ ਗੁਰੂ ਘਰ ਨਾਲ ਜੁੜ ਕੇ ਲਾਹਾ ਪ੍ਰਾਪਤ ਕਰ ਰਹੀ ਹੈ ।
ਉਨ੍ਹਾਂ ਕਿਹਾ ਕਿ ਅੱਜ ਜਦੋਂ ਸਮੇਂ ਦਾ ਸਰਕਾਰ ਨੇ ਗਿਣ ਮਿਥਕੇ ਸਾਡੇ ਗੁਰਦੁਆਰਾ ਪ੍ਰਬੰਧ ਵਿੱਚ ਦਖਲ ਅੰਦਾਜ਼ੀ ਕਰਨ ਲਈ ਜਾਣਬੁਝਕੇ ਗੁਰਬਾਣੀ ਪ੍ਰਸਾਰਨ ਨੂੰ ਮੁੱਦਾ ਬਣਾਕੇ ਆਪਣਾ ਭੰਡੀ ਪ੍ਰਚਾਰ ਸ਼ੁਰੂ ਕੀਤਾ ਤੇ ਇੱਥੋਂ ਤੱਕ ਗੈਰ ਜਰੂਰੀ ਬਿੱਲ ਤੱਕ ਪਾਸ ਕੀਤੇ ਤਾਂ ਸਾਡੇ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਆਗੂ ਵੀ ਇਸ ਭੰਡੀ ਪ੍ਰਚਾਰ ਦਾ ਗੁਰੂ ਆਸਰੇ ਤੇ ਡੱਟਕੇ ਜੁਆਬ ਦੇਣਾ ਚਾਹੀਦਾ ਹੈ ਕਿਉਕੇ ਓੜਕ ਸੱਚ ਦੀ ਜਿੱਤ ਹੁੰਦੀ ਕਿਉਂਕੇ ਗੁਰੂ ਘਰ ਤੋਂ ਤੋੜਨ ਦੇ ਸਰਕਾਰਾਂ ਵੱਲੋਂ ਪਹਿਲਾ ਵੀ ਯਤਨ ਹੁੰਦੇ ਰਹੇ ਹਨ । ਸ਼੍ਰੋਮਣੀ ਕਮੇਟੀ ਦੁਆਰਾ ਆਪਣਾ ਯੂਟਿਊਬ ਚੈਨਲ ਸ਼ੁਰੂ ਕਰਨਾ ਬਹੁਤ ਚੰਗੀ ਗੱਲ ਹੈ ਅਤੇ ਛੇਤੀ ਹੀ ਕਮੇਟੀ ਨੇ ਆਪਣਾ ਸੈਟੇਲਾਇਟ ਚੈਨਲ ਲੈ ਕੇ ਆਉਣ ਦੀ ਗੱਲ ਵੀ ਕੀਤੀ ਹੈ । ਪਰ ਜਦੋਂ ਤੱਕ ਸ਼੍ਰੋਮਣੀ ਕਮੇਟੀ ਦਾ ਆਪਣਾ ਸੈਟੇਲਾਇਟ ਚੈਨਲ ਨਹੀ ਆ ਜਾਂਦਾ ਉਦੋਂ ਤੱਕ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਯੂ ਟਿਊਬ ਚੈਨਲ ਦੇ ਨਾਲ-ਨਾਲ ਪੀ ਟੀ ਸੀ ਤੇ ਵੀ ਪ੍ਰਸਾਰਨ ਜਾਰੀ ਰੱਖੇ । ਕਿਉਂਕਿ ਅੱਜ ਭਾਵੇਂ ਕਿੰਨਾ ਮਰਜ਼ੀ ਤਕਨੀਕੀ ਵਿਕਾਸ ਹੋ ਗਿਆ ਹੋਵੇ ਫੇਰ ਵੀ ਸਾਡੀ ਵੱਡੀ ਗਿਣਤੀ ਫੋਨਾਂ ਤੇ ਯੂ ਟਿਊਬ ਤੇ ਉਸ ਤਰ੍ਹਾਂ ਸਰਗਰਮ ਨਹੀਂ ਖਾਸਕਰ ਵੱਡੇ ਬਜ਼ੁਰਗ ਸਾਡੀ ਬਹੁਗਿਣਤੀ ਟੀ ਵੀ ਦੇ ਜ਼ਰੀਏ ਹੀ ਗੁਰਬਾਣੀ ਪ੍ਰਸਾਰਨ ਨਾਲ ਜੁੜੀ ਹੋਈ ਹੈ । ਅੱਜ ਜੇਕਰ ਸ਼੍ਰੋਮਣੀ ਕਮੇਟੀ ਸਰਕਾਰ ਦੇ ਭੰਡੀ ਪ੍ਰਚਾਰ ਨੂੰ ਦੇਖਕੇ ਆਪਣਾ ਸੈਟੇਲਾਇਟ ਚੈਨਲ ਸ਼ੁਰੂ ਕਰਨ ਤੋਂ ਪਹਿਲਾਂ ਪੀ ਟੀ ਸੀ ਰਾਹੀਂ ਹੁੰਦਾ ਪ੍ਰਸਾਰਨ ਬੰਦ ਕਰਦੀ ਹੈ ਤਾਂ ਇਸ ਨਾਲ ਉਹ ਵੱਡੀ ਗਿਣਤੀ ਸੰਗਤ ਨੂੰ ਗੁਰਬਾਣੀ ਪ੍ਰਸਾਰਨ ਤੋਂ ਵਾਂਝਾ ਕਰਕੇ ਨਾ ਸਿਰਫ ਸੰਗਤ ਅੱਗੇ ਸਗੋਂ ਗੁਰੂ ਸਾਹਿਬ ਅੱਗੇ ਵੀ ਜਵਾਬਦੇਹ ਹੋਵੇਗੀ । ਅੱਜ ਜਦੋਂ ਪੰਜਾਬ ਵਿੱਚ ਆਏ ਹੜ੍ਹਾਂ ਅੱਗੇ ਹਿੱਕ ਢਾਹ ਕੇ ਖੜਦਿਆਂ ਸ਼੍ਰੋਮਣੀ ਕਮੇਟੀ ਰਾਹਤ ਕਾਰਜ ਕਰ ਰਹੀ ਹੈ । ਉਸ ਤਰ੍ਹਾਂ ਹੀ ਉਸਨੂੰ ਇਸ ਭੰਡੀ ਪ੍ਰਚਾਰ ਅੱਗੇ ਡਟਦਿਆਂ ਆਪਣਾ ਸੈਟੇਲਾਇਟ ਚੈਨਲ ਆਉਣ ਤੱਕ ਪੀ ਟੀ ਸੀ ਤੇ ਗੁਰਬਾਣੀ ਪ੍ਰਸਾਰਨ ਜਾਰੀ ਰੱਖਣਾ ਚਾਹੀਦਾ ਹੈ । ਇਹ ਗੱਲ ਦਾਸ ਕਿਸੇ ਅਕਾਲੀ ਆਗੂ ਹੋਣ ਦੀ ਹੈਸੀਅਤ ਵਿੱਚ ਨਹੀਂ ਸਗੋਂ ਗੁਰੂ ਘਰ ਦਾ ਇੱਕ ਨਿਮਾਣਾ ਸਿੱਖ ਹੋਣ ਵਜੋਂ ਕਰ ਰਿਹਾ ਹੈ।