ਨਵੀਂ ਦਿੱਲੀ – ਮਣੀਪੁਰ ਵਿੱਚ ਮੈਤਈ ਕਮਿਊਨਿਟੀ ਦੀ ਭੂਤਰੀ ਭੀੜ ਵੱਲੋਂ ਚਾਰ ਮਈ ਨੂੰ ਦੋ ਕੁਕੀ ਔਰਤਾਂ ਨੂੰ ਨੰਗਿਆਂ ਕਰ ਕੇ ਉਨ੍ਹਾਂ ਨਾਲ ਮਾਨਵਤਾ ਨੂੰ ਸ਼ਰਮਸ਼ਾਰ ਕਰਨ ਵਾਲੇ ਕਾਰੇ ਦੇ ਸਬੰਧ ਵਿੱਚ ਸੁਪਰੀਮ ਕੋਰਟ ਤੁਰੰਤ ਹਰਕਤ ਵਿੱਚ ਆਈ ਹੈ। ਚੀਫ਼ ਜਸਟਿਸ ਡੀਵਾਈ ਚੰਦਰਚੂੜ ਨੇ ਕਿਹਾ ਹੈ ਕਿ ਮਣੀਪੁਰ ਵਿੱਚ ਔਰਤਾਂ ਨਾਲ ਜੋ ਕੁਝ ਹੋਇਆ ਹੈ, ਉਸ ਨੂੰ ਕਿਸੇ ਵੀ ਤਰ੍ਹਾਂ ਸਹਿਣ ਨਹੀਂ ਕੀਤਾ ਜਾ ਸਕਦਾ। ਸਰਕਾਰ ਇਸ ਤੇ ਜਲਦੀ ਐਕਸ਼ਨ ਲਵੇ, ਨਹੀਂ ਤੇ ਅਸੀਂ ਕਾਰਵਾਈ ਕਰਾਂਗੇ।
ਸੁਪਰੀਮ ਕੋਰਟ ਨੇ ਕਿਹਾ ਕਿ ਸੰਪਰਦਾਇਕ ਟਕਰਾਅ ਦੇ ਮਾਮਲੇ ਵਿੱਚ ਔਰਤਾਂ ਨੂੰ ਕਿਸੇ ਵਸਤੂ ਦੀ ਤਰ੍ਹਾਂ ਇਸਤੇਮਾਲ ਕਰਨਾ ਸੰਵਿਧਾਨ ਦਾ ਉਲੰਘਣ ਹੈ। ਸਰਵਉਚ ਅਦਾਲਤ ਵੱਲੋਂ ਕਿਹਾ ਗਿਆ ਕਿ ਇਸ ਘਟਨਾ ਦਾ ਜੋ ਵੀਡੀE ਵਾਇਰਲ ਹੋਇਆ ਹੈ, ਉਹ ਬਹੁਤ ਹੀ ਦੁੱਖੀ ਕਰਨ ਵਾਲਾ ਹੈ। ਚੀਫ਼ ਜਸਟਿਸ ਚੰਦਰਚੂੜ, ਜਸਟਿਸ ਪੀਐਸ ਨਰਸਿਮਾ ਅਤੇ ਜਸਟਿਸ ਮਨੋਜ ਮਿਸ਼ਰਾ ਦੀ ਬੈਂਚ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਥੋੜਾ ਸਮਾਂ ਦੇ ਰਹੇ ਹਾਂ। ਜੇ ਇਸ ਸਬੰਧੀ ਕੁਝ ਨਾ ਕੀਤਾ ਗਿਆ ਤਾਂ ਅਸੀਂ ਖੁਦ ਅੱਗਟ ਆਕੇ ਐਕਸ਼ਨ ਲਵਾਂਗੇ।
ਕੇਂਦਰ ਸਰਕਾਰ ਅਤੇ ਮਣੀਪੁਰ ਸਰਕਾਰ ਨੂੰ ਨਿਰਦੇਸ਼ ਦਿੰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਇਸ ਘਟਨਾ ਲਈ ਜਿੰਮੇਵਾਰ ਲੋਕਾਂ ਦੇ ਖਿਲਾਫ਼ ਜੋ ਵੀ ਕਾਰਵਾਈ ਹੋਵੇ, ਉਸ ਸਬੰਧੀ ਅਦਾਲਤ ਨੂੰ ਸਾਰੀ ਜਾਣਕਾਰੀ ਦਿੱਤੀ ਜਾਵੇ। ਸੀਜੇਆਈ ਵੱਲੋਂ ਇਸ ਮਾਮਲੇ ਦੀ ਕਾਰਵਾਈ ਅਗਲੇ ਸ਼ੁਕਰਵਾਰ ਤੱਕ ਟਾਲ ਦਿੱਤੀ ਗਈ ਹੈ।