ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਤੋਂ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਵੱਲੋਂ ਪਾਰਟੀ ਦੇ ਢਾਂਚੇ ਨੂੰ ਕੌਮੀ ਰਾਜਧਾਨੀ ਅੰਦਰ ਚੁਸਤ ਦਰੁਸਤ ਕਰਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਦਿੱਲੀ ਲਈ ਨਵੀਂ ਕਾਰਜਕਰਨੀ ਦਾ ਐਲਾਨ ਕੀਤਾ ਗਿਆ ।
ਇਸ ਮੌਕੇ ਜਿੱਥੇ ਸ. ਸਰਨਾ ਨੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਉੱਥੇ ਹੀ ਉਹਨਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਬੰਧਕਾਂ ਦੀ ਕਾਰਗੁਜ਼ਾਰੀ ਬਾਰੇ ਗੱਲ ਕਰਦਿਆਂ ਤਿੱਖੇ ਨਿਸ਼ਾਨੇ ਸਾਧੇ । ਸ. ਸਰਨਾ ਨੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਚੱਲ ਰਹੇ ਵਿਵਾਦ ਬਾਰੇ ਕਿਹਾ ਕਿ ਪ੍ਰਬੰਧਕਾਂ ਦੀ ਮਾੜੀ ਨੀਤੀ ਕਾਰਨ ਸਕੂਲਾਂ ਦੀ ਹਾਲਤ ਇਹ ਹੋ ਗਈ ਹੈ ਕਿ ਉੱਥੇ ਸਰਕਾਰੀ ਜਿੰਦੇ ਲੱਗਣ ਤੱਕ ਦੀ ਨੌਬਤ ਆ ਗਈ ਹੈ । ਉਹਨਾਂ ਕਿਹਾ ਆਪਣੇ ਕਾਰਜਕਾਲ ਵਿੱਚ ਉਹਨਾਂ ਦੀ ਇੱਛਾ ਸੀ ਕਿ ਵਿਦੇਸ਼ਾਂ ਵਿੱਚ ਸਾਡੀ ਨਵੀਂ ਪੀੜ੍ਹੀ ਨੂੰ ਗੁਰਸਿੱਖੀ ਨਾਲ ਜੋੜਨ ਲਈ ਗੁਰੂ ਹਰਿਕ੍ਰਿਸ਼ਨ ਜੀ ਦੇ ਨਾਮ ਤੇ ਸਕੂਲ ਖੋਲ੍ਹੇ ਜਾਣ ਪਰ ਮੌਜੂਦਾ ਪ੍ਰਬੰਧਕਾਂ ਨੇ ਤੇ ਦਿੱਲੀ ਦੇ ਸਕੂਲ ਵੀ ਬੰਦ ਕਰਵਾ ਦੇਣੇ ਹਨ ।