ਲੁਧਿਆਣਾ – ਸਿੱਖ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਸੇਵਾ ਤੇ ਸਿਮਰਨ ਦੇ ਸਕੰਲਪ ਦੇ ਨਾਲ ਸੰਗਤਾਂ ਨੂੰ ਵੱਧ ਤੋਂ ਵੱਧ ਜੋੜਨ ਅਤੇ ਆਪਣੀ ਉਸਾਰੂ ਸੋਚ ਨੂੰ ਪੰਥਕ ਸੇਵਾ ਕਾਰਜਾਂ ਵਿੱਚ ਲਗਾਉਣ ਵਾਲੇ ਵਿਅਕਤੀ ਸਮੁੱਚੀ ਕੌਮ ਦੇ ਲਈ ਇੱਕ ਚਾਨਣ ਮੁਨਾਰਾ ਹੁੰਦੇ ਹਨ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬੀਤੀ ਸ਼ਾਮ ਸ. ਇੰਦਰਜੀਤ ਸਿੰਘ ਮਕੱੜ ਪ੍ਰਧਾਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਨੇ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਗਏ ਕੀਰਤਨ ਸਮਾਗਮ ਦੌਰਾਨ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋ ਸੇਵਾ ਮੁਕਤ ਹੋਏ ਹੈਂਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਲੁਧਿਆਣੇ ਵਾਲਿਆਂ ਨੂੰ ਸਨਮਾਨਿਤ ਕਰਨ
ਮੌਕੇ ਇੱਕਤਰ ਹੋਈਆਂ ਪ੍ਰਮੁੱਖ ਸ਼ਖਸ਼ੀਅਤਾਂ ਤੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਇਆ ਕੀਤਾ।ਸ.ਮਕੱੜ ਨੇ ਕਿਹਾ ਕਿ ਪੰਥਕ ਸੋਚ ਦੇ ਧਾਰਨੀ ਸੂਝਵਾਨ ਤੇ ਕਾਬਿਲ ਵਿਅਕਤੀ ਦੇ ਰੂਪ ਵੱਜੋਂ ਗਿਆਨੀ ਜਗਤਾਰ ਸਿੰਘ ਲੁਧਿਆਣੇ ਵਾਲਿਆਂ ਨੇ ਇੱਕ ਸਿੱਖ ਸੇਵਕ ਦੇ ਵੱਜੋਂ ਜੋ ਸੇਵਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਬਣਕੇ ਕੀਤੀ ਹੈ।ਉਹ ਸਮੁੱਚੀ ਸਿੱਖ ਕੌਮ ਲਈ ਮਾਣ ਵਾਲੀ ਗੱਲ ਹੈ । ਜਿਸ ਨਾਲ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਾਲੇ ਕਾਰਜਾਂ ਹੋਰ ਪ੍ਰਫੁੱਲਤ ਹੋਏ ਹਨ, ਖਾਸ ਕਰਕੇ ਸੰਗਤਾਂ ਨੂੰ ਸੇਵਾ ਤੇ ਸਿਮਰਨ ਦੇ ਸਕੰਲਪ ਨਾਲ ਜੋੜਨ ਦੇ ਲਈ ਉਨ੍ਹਾਂ ਵੱਲੋਂ ਕੀਤੇ ਗਏ ਕਾਰਜ ਆਉਣ ਵਾਲੇ ਸਮੇਂ ਅੰਦਰ ਸੰਗਤਾਂ ਦੇ ਲਈ ਚਾਨਣ ਦਾ ਮੁਨਾਰਾ ਬਣਨਗੇ। ਆਪਣੇ ਪ੍ਰਭਾਵਸ਼ਾਲੀ ਸੰਬੋਧਨ ਵਿੱਚ ਉਨ੍ਹਾਂ ਨੇ ਕਿਹਾ ਕਿ ਸਿੱਖ ਪੰਥ ਦੀ ਮਹਿਨਾਜ਼ ਸ਼ਖਸ਼ੀਅਤ ਗਿਆਨੀ ਜਗਤਾਰ ਸਿੰਘ ਜੀ ਨੇ ਹਮੇਸ਼ਾ ਗੁਰਬਾਣੀ, ਗੁਰਮਤਿ ਸਿਧਾਂਤਾਂ ਤੇ ਸਿੱਖਿਆਵਾਂ ਨੂੰ ਸੰਸਾਰ ਭਰ ਵਿੱਚ ਵੱਸਦੀਆਂ ਸਮੁੱਚਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਤੱਕ ਪਹੁੰਚਾਉਣ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ ਹੈ, ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਤਿਕਾਰਯੋਗ ਸਾਬਕਾ ਪ੍ਰਧਾਨ ਸਵ. ਜੱਥੇਦਾਰ ਅਵਤਾਰ ਸਿੰਘ ਮੱਕੜ ਦੀ ਅਗਵਾਈ ਹੇਠ ਬਤੌਰ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਦੇ ਰੂਪ ਵੱਜੋਂ ਉਨ੍ਹਾਂ ਵੱਲੋ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਦੀ ਅਧੁਨਿਕ ਢੰਗ ਨਾਲ ਉਸਾਰੀ ਗਈ ਇਮਾਰਤ ਨੂੰ ਸੰਮਪੂਰਨ ਕਰਵਾਉਣ ਵਿੱਚ ਪਾਏ ਗਏ ਨਿਸ਼ਕਾਮ ਯੋਗਦਾਨ ਨੂੰ ਕਦਾਚਿੱਤ ਵਿ ਵਿਸਾਰਿਆ ਨਹੀਂ ਜਾ ਸਕਦਾ। ਇਸ ਦੌਰਾਨ ਸ.ਇੰਦਰਜੀਤ ਸਿੰਘ ਮੱਕੜ ਨੇ ਦਿਲ ਦੀਆਂ ਗਹਿਰਾਈਆਂ ਤੋ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੈਬਰਾਂ ਵੱਲੋ ਗਿਆਨੀ ਜਗਤਾਰ ਸਿੰਘ ਜੀ ਨੂੰ ਹੈਡ ਗ੍ਰੰਥੀ ਦੀ ਪਦਵੀ ਤੋ ਹੋਈ ਸੇਵਾ ਮੁਕਤੀ ਦੀ ਆਪਣੀ ਦਿਲੀ ਮੁਬਾਰਕਬਾਦ ਦਿੱਤੀ ਅਤੇ ਆਪਣੇ ਸਾਥੀਆਂ ਸਮੇਤ ਜੈਕਾਰਿਆਂ ਦੀ ਗੂੰਜ ਵਿੱਚ ਦੁਸ਼ਾਲਾ ਤੇ ਸਿਰਪਾਉ ਭੇਟ ਕਰਕੇ ਸਨਮਾਨਿਤ ਕੀਤਾ।ਇਸ ਮੌਕੇ ਉਨ੍ਹਾਂ ਦੇ ਨਾਲ ਸ.ਮਹਿੰਦਰ ਸਿੰਘ ਡੰਗ, ਜਗਜੀਤ ਸਿੰਘ ਆਹੂਜਾ, ਜਗਦੇਵ ਸਿੰਘ ਕਲਸੀ, ਅੱਤਰ ਸਿੰਘ ਮੱਕੜ,ਹਰਪਾਲ ਸਿੰਘ ਖਾਲਸਾ, ਰਜਿੰਦਰ ਸਿੰਘ ਡੰਗ,ਬਲਜੀਤ ਸਿੰਘ ਬਾਵਾ, ਅਵਤਾਰ ਸਿੰਘ ਬੀ. ਕੇ ,ਪਰਮਜੀਤ ਸਿੰਘ ਸੇਠੀ,ਹਰਬੰਸ ਸਿੰਘ ਰਾਜਾ,ਰਣਜੀਤ ਸਿੰਘ ਖਾਲਸਾ, ਭਾਈ ਦਵਿੰਦਰ ਸਿੰਘ ਸੋਢੀ,ਬਲਬੀਰ ਸਿੰਘ ਭਾਟੀਆ,ਇੰਦਰਬੀਰ ਸਿੰਘ ਬੱਤਰਾ, ਗੁਰਦੀਪ ਸਿੰਘ ਡੀਮਾਰਟੇ,ਸੁਰਿੰਦਰਪਾਲ ਸਿੰਘ ਭੁਟੀਆਣੀ ਵਿਸ਼ੇਸ਼ ਤੋਂਰ ਤੇ ਹਾਜਰ ਸਨ ।
ਗਿਆਨੀ ਜਗਤਾਰ ਸਿੰਘ ਜੀ ਦੀਆਂ ਧਾਰਮਿਕ ਸੇਵਾਵਾਂ ਪੰਥ ਲਈ ਚਾਨਣ ਮੁਨਾਰਾ- ਇੰਦਰਜੀਤ ਸਿੰਘ ਮੱਕੜ
This entry was posted in ਪੰਜਾਬ.