ਅੰਮ੍ਰਿਤਸਰ:– ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੇ ਸਮੁੱਚੇ ਪ੍ਰਬੰਧ ਅਧੀਨ ਜਿਥੇ ਗੁ:ਪ੍ਰਬੰਧ ਸਚਾਰੂ ਢੰਗ ਨਾਲ ਵਿੱਦਿਆ ਦੇ ਖੇਤਰ ’ਚ ਵੀ ਅਹਿਮ ਮੱਲਾਂ ਮਾਰੀਆਂ ਹਨ। ਉਥੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੀ ਭਾਵਨਾ ਨਾਲ ਨੌਜਵਾਨਾਂ ’ਚ ਖੇਡਾਂ ਦੀ ਰੁਚੀ ਪੈਦਾ ਕਰਨ ਲਈ ਸਾਬਤ ਸੂਰਤ ਨੌਜਵਾਨਾਂ ਦੀ ਕੱਬਡੀ ਟੀਮ ਦਾ ਵੀ ਗਠਨ ਕੀਤਾ ਹੈ। ਜਿਸ ਨੇ ਕਈ ਵੱਡੇ ਮੁਕਾਬਲੇ ਜਿੱਤ ਕੇ ਸ਼੍ਰੋਮਣੀ ਕਮੇਟੀ ਨੂੰ ਮਾਣ ਦਿਵਾਇਆ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ੍ਰ:ਦਲਮੇਘ ਸਿੰਘ ਖੱਟੜਾ ਨੇ ਮਾਤਾ ਗੁਜਰੀ ਫਤਹਿਗੜ੍ਹ ਸਾਹਿਬ ਦੇ ਸਟੇਡੀਅਮ ਵਿਖੇ ਐਨ.ਆਰ.ਆਈਜ਼ ਅਤੇ ਫਤਹਿਗੜ੍ਹ ਸਾਹਿਬ ਸਪੋਰਟਸ ਅਕੈਡਮੀ ਮਾਧੋਪੁਰ ਵਲੋਂ ਅਯੋਜਿਤ ਤੀਸਰੇ ਕੱਬਡੀ ਕੱਪ ਦੇ ਮੁਕਾਬਲਿਆਂ ’ਚ ਸ਼੍ਰੋ:ਕਮੇਟੀ ਦੀ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਹਿ ਸਿੰਘ ਕਬੱਡੀ ਟੀਮ ਵਲੋਂ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਉਪਰੰਤ ਕੀਤਾ।
ਉਹਨਾਂ ਕਿਹਾ ਕਿ ਬੀਤੇ ਦਿਨ ਮਾਤਾ ਗੁਜਰੀ ਫਤਹਿਗੜ੍ਹ ਸਾਹਿਬ ਦੇ ਸਟੇਡੀਅਮ ਐਨ.ਆਰ.ਆਈਜ਼ ਅਤੇ ਫਤਹਿਗੜ੍ਹ ਸਾਹਿਬ ਸਪੋਰਟਸ ਅਕੈਡਮੀ ਮਾਧੋਪੁਰ ਵਲੋਂ ਅਯੋਜਿਤ ਤੀਸਰੇ ਕਬੱਡੀ ਕੱਪ ਦਾ ਮੁਕਬਾਲਾ ਮੋਗਾ, ਬਰਨਾਲਾ ਅਤੇ ਫਤਹਿਗੜ੍ਹ ਸਾਹਿਬ ਸਪੋਰਟਸ ਅਕੈਡਮੀ ਮਾਧੋਪੁਰ ਨੂੰ ਫਸੇ ਮੁਕਾਬਲੇ ’ਚ ਹਰਾ ਕੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਹਿ ਸਿੰਘ ਸ਼੍ਰੋਮਣੀ ਕਮੇਟੀ ਦੀ ਕਬੱਡੀ ਟੀਮ ਨੇ ਕਬੱਡੀ ਗੋਲਡ ਕੱਪ ਜਿੱਤਿਆ ਹੈ। ਜੋ ਸ਼੍ਰੋਮਣੀ ਕਮੇਟੀ ਲਈ ਬਹੁਤ ਹੀ ਫਕਰ ਤੇ ਮਾਣ ਵਾਲੀ ਗੱਲ ਹੈ।
ਸ੍ਰ:ਦਲਮੇਘ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਆਪਣੇ ਖਿਡਾਰੀਆਂ ਨੂੰ ਵਧੀਆ ਕੋਚਿੰਗ ਦੇ ਨਾਲ-ਨਾਲ ਚੰਗੀ ਤਨਖਾਹ,ਵਧੀਆ ਖਾਣਾ ਤੇ ਮੁਫਤ ਰਿਹਾਇਸ਼ ਵੀ ਪ੍ਰਦਾਨ ਕਰਦੀ ਹੈ। ਉਹਨਾਂ ਕਿਹਾ ਕਿ ਇਸ ਜਿੱਤ ਨਾਲ ਖਿਡਾਰੀਆਂ ਦੇ ਹੌਸਲੇ ਹੋਰ ਵੀ ਬੁਲੰਦ ਹੋਏ ਹਨ ਅਤੇ ਨੌਜਵਾਨਾਂ ਨੂੰ ਇਸ ਤੋਂ ਪ੍ਰੇਰਨਾ ਮਿਲੇਗੀ। ਉਹਨਾਂ ਇਹ ਵੀ ਦੱਸਿਆ ਕਿ ਸ਼੍ਰੋਮਣੀ ਕਮੇਟੀ ਕਬੱਡੀ ਟੀਮ ਦੇ ਸਾਰੇ ਖਿਡਾਰੀ ਚੜ੍ਹਦੀ ਕਲਾ, ਸੁੰਦਰ ਦਿਖ ਅਤੇ ਸਾਬਤ ਸੂਰਤ ਹਨ। ਇਸੇ ਕਰਕੇ ਕੈਨੇਡਾ ਅਤੇ ਅਮਰੀਕਾ ’ਚ ਸਿੱਖੀ ਸਰੂਪ ਦੇ ਚਾਹਵਾਨ ਖੇਡ ਪ੍ਰੇਮੀ ਇਸ ਕਬੱਡੀ ਟੀਮ ਨੂੰ ਕੈਨੇਡਾ ਅਤੇ ਅਮਰੀਕਾ ਵਿਖੇ ਖੇਡਣ ਲਈ ਬੁਲਾ ਰਹੇ ਹਨ।
ਉਹਨਾਂ ਦੱਸਿਆ ਕਿ ਇਹਨਾਂ ਮੁਕਾਬਲਿਆਂ ਦੀ ਅਰੰਭਤਾ ਇਨਾਮ ਵੰਡ ਸਮਾਰੋਹ ਫਤਹਿਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਸ੍ਰੀ ਯਸ਼ਵੀਰ ਮਹਾਜਨ, ਐਸ.ਐਸ.ਪੀ ਸ੍ਰ: ਰਣਬੀਰ ਸਿੰਘ ਖੱਟੜਾ ਨੇ ਕੀਤੀ ਉਹਨਾਂ ਦੱਸਿਆ ਕਿ ਸ਼੍ਰੋ:ਕਮੇਟੀ ਵੀ ਆਪਣੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਦਿਲ ਖਿੱਚਵੇ ਇਨਾਮ ਦੇਵੇਗੀ ਤਾਂ ਜੋ ਖਿਡਾਰੀਆਂ ’ਚ ਮੁਕਾਬਲੇ ਦੀ ਭਾਵਨਾ ਨੂੰ ਹੋਰ ਵੀ ਬਲ ਮਿਲ ਸਕੇ। ਇਹਨਾਂ ਮੁਕਾਬਲਿਆਂ ਸਮੇਂ ਸ੍ਰ:ਜਗਦੀਪ ਸਿੰਘ ਚੀਮਾ, ਸ੍ਰ:ਰਣਜੀਤ ਸਿੰਘ ਲਿਬੜਾ ਅਤੇ ਅੰਤ੍ਰਿੰਗ ਮੈਂਬਰ ਸ੍ਰ:ਕਰਨੈਲ ਸਿੰਘ ਪੰਜੌਲੀ ਆਦਿ ਮੌਜੂਦ ਸਨ।