ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰ. ਗੁਰਮੀਤ ਸਿੰਘ ਸ਼ੰਟੀ ਨੇ ਉਨ੍ਹਾਂ ਖਬਰਾਂ ਦਾ ਪੁਰਜ਼ੋਰ ਖੰਡਨ ਕੀਤਾ ਹੈ ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਅੱਧੀ ਦਰਜਨ ਮੈਂਬਰ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਸ੍ਰ. ਗੁਰਮੀਤ ਸਿੰਘ ਸ਼ੰਟੀ ਨੇ ਇਸ ਸਬੰਧ ਵਿਚ ਜਾਰੀ ਆਪਣੇ ਬਿਆਨ ਵਿਚ ਦਸਿਆ ਹੈ ਕਿ ਉਹ ਤੇ ਦੂਜੇ ਮੈਂਬਰ ਜਿਨ੍ਹਾਂ ਦੇ ਨਾਂ ਇਸ ਖਬਰ ਵਿਚ ਸਬੰਧਤ ਕੀਤੇ ਗਏ ਹਨ, ਪੂਰੀ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਨਾਲ ਹਨ। ਉਸ ਦੀਆਂ ਨੀਤੀਆਂ ਅਤੇ ਉਸ ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਿਚ ਉਨ੍ਹਾਂ ਦਾ ਪੂਰਨ ਵਿਸ਼ਵਾਸ ਹੈ। ਉਨ੍ਹਾਂ ਦਸਿਆ ਕਿ ਇਲਾਕੇ ਦੇ ਵਿਧਾਇਕ ਸ੍ਰ. ਹਰਸ਼ਰਣ ਸਿੰਘ ਬੱਲੀ ਨੇ ੳਨ੍ਹਾਂ ਨੂੰ ਅਤੇ ਇਲਾਕੇ ਦੇ ਹੋਰ ਸਿੱਖ ਪਤਵੰਤਿਆਂ ਨੂੰ ਇਹ ਵਿਸ਼ਵਾਸ ਦੁਆ ਕੇ ਰਾਤ ਦੇ ਖਾਣੇ ‘ਤੇ ਸਦਿਆ ਸੀ ਕਿ ਇਹ ਮਿਲਣੀ ਨਿਰੋਲ ਭਾਈਚਾਰਕ ਅਤੇ ਗੈਰ-ਰਾਜਨੀਤਕ ਹੋਵੇਗੀ। ਉਨ੍ਹਾਂ ਵੱਲੋਂ ਦੁਆਏ ਵਿਸ਼ਵਾਸ ਨੂੰ ਮੁੱਖ ਰਖਦਿਆਂ ਹੀ ਇਕ ਸਮਾਜਿਕ ਜਿਮੇਂਦਾਰੀ ਦਾ ਪਾਲਣ ਕਰਦਿਆਂ ਹੀ ਉਹ ਇਸ ਮਿਲਣੀ ਵਿਚ ਸ਼ਾਮਲ ਹੋਏ ਸਨ। ਪਰਿਵਾਰਕ ਅਤੇ ਭਾਈਚਾਰਕ ਮੌਕਿਆਂ ਵਿਚ ਰਾਜਨੀਤਕ ਸੋਚ ਤੋਂ ਉਪਰ ਉਠ ਕੇ ਸ਼ਾਮਲ ਹੋਣਾ ਹਰ ਇਕ ਦਾ ਮੁੱਖ ਫਰਜ਼ ਹੈ, ਜੋ ਉਨ੍ਹਾਂ ਨਿਭਾਇਆ। ਉਨ੍ਹਾਂ ਸਪਸ਼ਟ ਕੀਤਾ ਕਿ ਇਸ ਦਾ ਇਹ ਮਤਲਬ ਨਹੀਂ ਕਿ ਉਨ੍ਹਾਂ ਨੇ ਆਪਣੀ ਰਾਜਨੀਤਕ ਸੋਚ ਬਦਲ ਲਈ ਹੈ। ਸ੍ਰ. ਗੁਰਮੀਤ ਸਿੰਘ ਸ਼ੰਟੀ ਨੇ ਆਪਣੇ ਬਿਆਨ ਵਿਚ ਹੋਰ ਦਸਿਆ ਕਿ ਇਹ ਰਾਤ ਦਾ ਖਾਣਾ ਸ੍ਰ. ਹਰਸ਼ਰਨ ਸਿੰਘ ਬੱਲੀ ਵੱਲੋਂ ਆਪਣੇ ਘਰ ਆਯੋਜਿਤ ਕੀਤਾ ਗਿਆ ਸੀ, ਉਨ੍ਹਾਂ ਨੂੰ ਹੈਰਾਨੀ ਇਸ ਗੱਲ ਦੀ ਹੈ ਕਿ ਬਾਦਲਕਿਆਂ ਦਾ ਇਸ ਨਾਲ ਕੋਈ ਸਬੰਧ ਨਾ ਹੋਣ ਦੇ ਬਾਵਜੂਦ ਉਨ੍ਹਾਂ ਨੇ ਕੂੜ ਦਾ ਸਹਾਰਾ ਲੈ ਕੇ ਇਸ ਭਾਈਚਾਰਕ ਤੇ ਗੈਰ ਰਾਜਨੀਤਕ ਮਿਲਣੀ ਨੂੰ ਰਾਜਸੀ ਰੰਗ ਦੇਣ ਦੀ ਕੋਝੀ ਸ਼ਰਾਰਤ ਕੀਤੀ ਹੈ। ਉਨ੍ਹਾਂ ਚਿਤਾਵਨੀ ਦਿਤੀ ਕਿ ਬਾਦਲਕੇ ਅਜਿਹੇ ਕੂੜ-ਪ੍ਰਚਾਰ ਰਾਹੀਂ ਆਪਣੇ ਖਿਸਕਦੇ ਆਧਾਰ ਨੂੰ ਠਲ੍ਹ ਨਹੀਂ ਪਾ ਸਕਦੇ।