ਫਤਿਹਗੜ੍ਹ ਸਾਹਿਬ :- ਜਿਲ੍ਹਾ ਨਿਜ਼ਾਮ ਫਤਿਹਗੜ੍ਹ ਸਾਹਿਬ ਅਤੇ ਜਿਲ੍ਹਾ ਪੁਲਿਸ ਮੁਖੀ ਵੱਲੋ ਹਕੂਮਤ ਉੱਤੇ ਰਾਜ ਕਰ ਰਹੇ ਬਾਦਲ ਦਲੀਆਂ ਦੇ ਸਿਆਸੀ ਪ੍ਰਭਾਵ ਨੂੰ ਕਬੂਲਦੇ ਹੋਏ ਬੀਤੇ ਕੁਝ ਦਿਨ ਪਹਿਲੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸ਼੍ਰੀ ਫਤਿਹਗੜ੍ਹ ਸਾਹਿਬ ਚੋਣ ਹਲਕੇ ਤੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਐਲਾਨੇ ਗਏ ਸ਼੍ਰੀ ਰਣਦੇਵ ਸਿੰਘ ਦੇਬੀ ਅਤੇ ਹੋਰਨਾਂ ਵਿਰੁੱਧ ਮੰਦਭਾਵਨਾ ਅਧੀਨ ਝੂਠਾ ਕੇਸ ਦਰਜ ਕੀਤਾ ਗਿਆ ਸੀ। ਪਾਰਟੀ ਵੱਲੋ ਇਸ ਸਬੰਧ ਵਿੱਚ ਸ: ਇਕਬਾਲ ਸਿੰਘ ਟਿਵਾਣਾ ਸਿਆਸੀ ਅਤੇ ਮੀਡੀਆ ਸਲਾਹਕਾਰ ਦੀ ਅਗਵਾਈ ਹੇਠ ਜਿਲ੍ਹਾ ਡਿਪਟੀ ਕਮਿਸ਼ਨਰ ਅਤੇ ਜਿਲ੍ਹਾ ਪੁਲਿਸ ਮੁਖੀ ਨੂੰ ਮਿਲ ਕੇ ਇਹ ਕੇਸ ਵਾਪਿਸ ਲੈਣ ਦੀ ਗੁਜ਼ਾਰਿਸ ਕੀਤੀ ਗਈ ਸੀ। ਡਿਪਟੀ ਕਮਿਸ਼ਨਰ ਸ਼੍ਰੀ ਯਸ਼ਵੀਰ ਮਹਾਜਨ ਨੇ ਸਦਭਾਵਨਾ ਪੂਰਵਕ ਗੱਲਬਾਤ ਕਰਦੇ ਹੋਏ ਡੈਪੂਟੇਸ਼ਨ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਸੋਮਵਾਰ ਅੱਜ ਮਿਤੀ 21 ਫਰਵਰੀ 2011 ਤੱਕ ਇਸ ਮਸਲੇ ਦਾ ਕੋਈ ਢੁੱਕਵਾਂ ਹੱਲ ਕੱਢ ਲਿਆ ਜਾਵੇਗਾ ਪਰ ਪਾਰਟੀ ਵੱਲੋ ਇਖਲਾਕੀ ਤੌਰ ‘ਤੇ ਕੀਤੀਆਂ ਕੌਸਿਸਾਂ ਦੇ ਬਾਵਜੂਦ ਇਸ ਦਿਸ਼ਾ ਵੱਲ ਕੋਈ ਕਾਰਵਾਈ ਨਾ ਹੋਣ ਕਾਰਨ ਪੰਜਾਬ ਦੇ ਸਮੁੱਚੇ ਅਹੁਦੇਦਾਰਾ ਅਤੇ ਵਰਕਰਾਂ ਵਿੱਚ ਬਹੁਤ ਭਾਰੀ ਰੋਸ ਉੱਠ ਖੜਾ ਹੋਇਆ ਹੈ ਇਸ ਲਈ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਬੁੱਧਵਾਰ ਮਿਤੀ 23 ਫਰਵਰੀ 2011 ਨੂੰ ਡੀਸੀ ਦਫ਼ਤਰ ਫਤਿਹਗੜ੍ਹ ਸਾਹਿਬ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ।
ਇਹ ਜਾਣਕਾਰੀ ਸ: ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਅਕਾਲੀ ਦਲ ਅੰਮ੍ਰਿਤਸਰ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦੇ ਹੋਏ ਦਿੱਤੀ। ਉਨ੍ਹਾ ਕਿਹਾ ਕਿ ਕਿੱਡੀ ਗੈਰ ਕਾਨੂੰਨੀ ਅਤੇ ਵਿਤਕਰੇ ਭਰੀ ਕਾਰਵਾਈ ਹੈ ਕਿ ਜਿਲ੍ਹਾ ਨਿਜ਼ਾਮ ਅਤੇ ਪੁਲਿਸ ਮੁਖੀ ਨੇ ਜੁਬਾਨੀ ਹੁਕਮ ਕਰਕੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਹੋਰਡਿੰਗ ਤਾਂ ਜ਼ਬਰੀ ਲਹਾਉਣ ਦੀ ਕੌਸਿਸ ਕੀਤੀ। ਜਦੋ ਕਿ ਸ: ਬਿਕਰਮਜੀਤ ਸਿੰਘ ਮਜੀਠੀਆ ਅਤੇ ਹੋਰ ਬਾਦਲ ਦਲ ਦੇ ਅਹੁਦੇਦਾਰਾਂ ਦੇ ਹੋਰਡਿੰਗ ਉਸੇ ਦਿਨ ਵੱਡੀ ਗਿਣਤੀ ਵਿੱਚ ਸੜਕਾਂ ਉੱਤੇ ਲਗਾਏ ਗਏ। ਉਨ੍ਹਾ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀਆਂ ਸਿਆਸੀ ਅਤੇ ਸਮਾਜਿਕ ਕਾਰਵਾਈਆਂ ਨੂੰ ਜਿਲ੍ਹਾ ਅਫਸਰਸ਼ਾਹੀ ਜ਼ਬਰੀ ਗੈਰ ਕਾਨੂੰਨੀ ਕਰਾਰ ਦੇ ਰਹੀ ਹੈ ਅਤੇ ਦੂਸਰੇ ਪਾਸੇ ਹਕੂਮਤ ਪਾਰਟੀ ਨਾਲ ਸਬੰਧਿਤ ਹੋਰਡਿੰਗਾਂ ਦੀ ਸੁਰੱਖਿਆ ਕਰਕੇ ਖੁਦ ਗੈਰ ਕਾਨੂੰਨੀ ਕਾਰਵਾਈ ਕਰ ਰਹੀ ਹੈ। ਉਨ੍ਹਾ ਕਿਹਾ ਕਿ ਸੰਤ ਜੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋ ਮਹਾਨ ਸਿੱਖ ਦਾ ਰੁਤਬਾ ਦੇ ਕੇ ਨਿਵਾਜਿਆ ਗਿਆ ਹੈ ਜਦੋ ਕਿ ਬਿਕਰਮਜੀਤ ਸਿੰਘ ਮਜੀਠੀਆ ਅਤੇ ਹੋਰ ਵੱਡੀ ਗਿਣਤੀ ਵਿੱਚ ਆਪੇ ਬਣੀ ਬਾਦਲ ਦਲ ਦੀ ਲੀਡਰਸਿਪ ਦੀ ਸਿੱਖ ਕੌਮ ਅਤੇ ਸਮਾਜ ਨੂੰ ਕੋਈ ਰਤੀ ਭਰ ਵੀ ਦੇਣ ਨਹੀਂ। ਉਨ੍ਹਾ ਕਿਹਾ ਕਿ ਅਸੀਂ ਇੱਕ ਵਾਰੀ ਫਿਰ ਜਿਲ੍ਹਾ ਨਿਜ਼ਾਮ ਨੂੰ ਖਬਰਦਾਰ ਕਰਦੇ ਹਾਂ ਕਿ ਸਾਡੇ ਅਹੁਦੇਦਾਰਾਂ ਉੱਤੇ ਬਣਾਏ ਝੂਠੇ ਕੇਸ ਵਾਪਿਸ ਲਏ ਜਾਣ ਵਰਨਾ ਇਸ ਦਿਸ਼ਾ ਵੱਲ ਉਤਪੰਨ ਹੋਣ ਵਾਲੇ ਹਾਲਾਤਾਂ ਲਈ ਜਿਲ੍ਹਾ ਪ੍ਰਸ਼ਾਸਨ ਸਿੱਧੇ ਤੌਰ ‘ਤੇ ਜਿਮੇਵਾਰ ਹੋਵੇਗਾ।